ਸਿਆਟਲ, 21 ਅਪ੍ਰੈਲ 2018 : ਨੌਵਾਂ ਸਿਆਟਲ ਸਪੋਰਟਸ ਕੈਂਪ ਵਿਲਸਨ ਪਲੇਅ ਫੀਲਡਜ਼ ਕੈਂਟ ਵਿਚ 23 ਜੂਨ ਤੋਂ ਹਰੇਕ ਸਨਿਚਰਵਾਰ ਅਤੇ ਐਤਵਾਰ ਸ਼ਾਮ 5 ਤੋਂ 7 ਵਜੇ ਤੱਕ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿੱਥੇ 100 ਤੋਂ ਵੱਧ ਬੱਚੇ ਭਾਗ ਲੈਣਗੇ | ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਪਿਛਲੇ 8 ਸਾਲ ਤੋਂ ਹਰੇਕ ਸਾਲ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਜੂਨ, ਜੁਲਾਈ ਤੇ ਅਗਸਤ ਤੱਕ 5 ਸਾਲ ਤੋਂ 20 ਸਾਲ ਤੱਕ ਦੇ ਬੱਚਿਆਂ ਦਾ ਖੇਡਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ | ਬੱਚਿਆਂ ਨੂੰ ਪੰਜਾਬੀ ਵਿਰਸੇ ਤੇ ਸੱਭਿਆਰਚਾਰ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਜਿੱਥੇ ਬੱਚਿਆਂ ਦਾ ਆਪਸੀ ਮਿਲਵਰਤਨ, ਸਾਂਝ ਤੇ ਪਿਆਰ-ਮੁਹੱਬਤ ਵਧਦਾ ਹੈ | ਉਥੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵਿਹਲੇ ਸਮੇਂ ਦੀ ਸਹੀ ਵਰਤੋਂ ਹੁੰਦੀ ਹੈ ਅਤੇ ਬੱਚਿਆਂ ਨੂੰ ਸਰੀਰਕ ਤੌਰ 'ਤੇ ਫ਼ਿਟਨੈੱਸ ਟਰੇਨਿੰਗ ਤੇ ਕੋਚਿੰਗ ਮੁਹੱਈਆ ਕੀਤੀ ਜਾਂਦੀ ਹੈ |