ਹਰਪ੍ਰੀਤ ਕੌਰ ਦੀ ਇਕ ਪੁਰਾਣੀ ਤਸਵੀਰ ਅਤੇ ਘਟਨਾ ਸਥਲ 'ਤੇ ਪਹੁੰਚੀ ਐਂਬੂਲੈਂਸ, ਪੁਲਿਸ ਅਤੇ ਫਾਇਰ ਬ੍ਰਿਗੇਡ।
ਆਕਲੈਂਡ ,12 ਅਪ੍ਰੈਲ, 2018-ਨਿਊਜ਼ੀਲੈਂਡ ਵਸਦੇ ਖਾਸ ਕਰ ਵਲਿੰਗਟਨ ਵਸਦੇ ਭਾਰਤੀ ਭਾਈਚਾਰੇ ਲਈ ਬਹੁਤ ਹੀ ਦੁੱਖਭਰੀ ਖਬਰ ਹੈ ਕਿ ਵਲਿੰਗਟਨ ਨਿਵਾਸੀ ਸ. ਮਲਕੀਤ ਸਿੰਘ ਮਾਣਕ ਦੀ 22 ਕੁ ਸਾਲਾ ਲੜਕੀ ਮਾਰੀਆ ਸਿੰਘ (ਹਰਪ੍ਰੀਤ ਕੌਰ) ਦੀ ਅੱਜ ਸਵੇਰੇ ਆਪਣੀ ਹੀ ਕਾਰ ਹੇਠਾਂ ਆਉਣ ਨਾਲ ਮੌਤ ਹੋ ਗਈ। ਉਹ ਆਪਣੀ ਭੈਣ ਦੇ ਨਾਲ ਆਪਣੇ ਹੀ ਘਰ ਦੇ ਡ੍ਰਾਈਵ ਵੇਅ ਉਤੇ ਜੰਪਰ ਲੀਡ ਲਾ ਕੇ ਕਿ ਕਾਰ ਸਟਾਰਟ ਕਰਨ ਲੱਗੀਆਂ ਹੋਈਆਂ ਸਨ। ਘਟਨਾ 12 ਕੁ ਵਜੇ ਦੀ ਹੈ। ਪਤਾ ਲੱਗਾ ਹੈ ਕਿ ਜਿਹੜੀ ਕਾਰ ਉਹ ਸਟਾਰਟ ਕਰਨ ਦੀ ਕੋਸ਼ਿਸ਼ ਵਿਚ ਸਨ ਉਹ ਢਲਾਣ ਉਤੇ ਹੋਣ ਕਰਕੇ ਹੇਠਾਂ ਖਿਸਕਣੀ ਸ਼ੁਰੂ ਹੋ ਗਈ ਅਤੇ ਇਹ ਕੁੜੀ ਉਸਨੂੰ ਰੋਕਣ ਦੀ ਕੋਸ਼ਿਸ਼ ਕਰਦੀ-ਕਰਦੀ ਕਾਰ ਦੇ ਹੇਠਾਂ ਆ ਗਈ। ਉਸਦੇ ਸਿਰ ਵਿਚ ਸੱਟ ਲੱਗੀ ਦੱਸੀ ਜਾਂਦੀ ਹੈ। ਇਨ੍ਹਾਂ ਦਾ ਘਰ ਉਚੀ ਥਾਂ ਉਤੇ ਹੈ ਅਤੇ ਘਰ ਨੂੰ ਜਾਂਦਾ ਡ੍ਰਾਈਵ ਵੇਅ ਉਚਾਣ ਰੂਪ ਵਿਚ ਹੈ। ਹਰਪ੍ਰੀਤ ਕੌਰ ਆਕਲੈਂਡ ਦੀ ਇਕ ਮੈਸੀ ਯੂਨੀਵਰਸਿਟੀ ਦੇ ਵਿਚ ਉਚ ਪੜ੍ਹਾਈ ਕਰ ਰਹੀ ਸੀ ਤੇ ਸੋਮਵਾਰ ਹੀ ਵਲਿੰਗਟਨ ਇਸ ਕਰਕੇ ਗਈ ਸੀ ਤਾਂ ਕਿ ਆਪਣੀ ਵੱਡੀ ਭੈਣ ਦ ਗ੍ਰੈਜੂਏਸ਼ਨ ਸਮਾਗਮ ਵਿਚ ਸ਼ਾਮਿਲ ਹੋ ਸਕੇ। ਉਹ ਆਕਲੈਂਡ ਵਿਖੇ ਹੀ ਰਹਿੰਦੀ ਸੀ ਅਤੇ ਮੈਨੁਕਾਓ ਵਿਖੇ ਪਾਰਟ ਟਾਈਮ ਨੌਕਰੀ ਵੀ ਕਰਦੀ ਸੀ। ਹਰਪ੍ਰੀਤ ਕੌਰ 4 ਕੁ ਸਾਲ ਪਹਿਲਾਂ ਵਲਿੰਗਟਨ ਸਥਿਤ ਗੁਰਦੁਆਰਾ ਸਾਹਿਬ ਲਈ ਬਣਾਈ ਗਈ ਨੌਜਵਾਨਾਂ ਦੀ ਪ੍ਰਬੰਧਕ ਕਮੇਟੀ ਦੇ ਵਿਚ ਸੀ ਅਤੇ ਉਥੇ ਸਭਿਆਚਾਰਕ ਪ੍ਰੋਗਰਾਮ 'ਤੀਆਂ ਦਾ ਮੇਲਾ' ਵੀ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਸੀ।
ਘਟਨਾ ਵੇਲੇ ਉਸਦੀ ਭੈਣ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਬਚਾ ਸਕੀ। ਉਸਦੇ ਵੀ ਸੱਟਾਂ ਲੱਗੀਆਂ ਦੱਸੀਆਂ ਜਾਂਦੀਆਂ ਹਨ।
ਵਰਨਣਯੋਗ ਹੈ ਕਿ ਸ. ਮਲਕੀਤ ਸਿੰਘ ਮਾਣਕ ਰੋਜ਼ਾਨਾ 'ਅਜੀਤ' ਦੇ ਸਹਿ ਸੰਪਾਦਕ ਸ. ਸਤਨਾਮ ਸਿੰਘ ਮਾਣਕ ਦੇ ਭਰਾ ਹਨ ਤੇ ਹਰਪ੍ਰੀਤ ਕੌਰ ਉਨ੍ਹਾਂ ਦੀ ਸਕੀ ਭਤੀਜੀ ਲਗਦੀ ਸੀ। ਪੁਲਿਸ ਵੱਲੋਂ ਅਜੇ ਮ੍ਰਿਤਕ ਸਰੀਰ ਪਰਿਵਾਰ ਨੂੰ ਨਹੀਂ ਸੌਂਪਿਆ ਗਿਆ ਜਿਸ ਕਰਕੇ ਅੰਤਿਮ ਸੰਸਕਾਰ ਬਾਰੇ ਬਾਅਦ ਵਿਚ ਦੱਸਿਆ ਜਾਵੇਗਾ।
ਪੰਜਾਬੀ ਮੀਡੀਆ ਕਰਮੀਆਂ ਵੱਲੋਂ ਮਾਣਕ ਪਰਿਵਾਰ ਦੇ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਜਾਂਦਾ ਹੈ।