ਨਿਊਜ਼ੀਲੈਂਡ 'ਚ ਚਲਦੇ ਤੂਫਾਨ ਨਾਲ ਨੁਕਸਾਨੇ ਘਰ।
ਔਕਲੈਂਡ 10 ਅਪ੍ਰੈਲ 2018 (ਹਰਜਿੰਦਰ ਸਿੰਘ ਬਸਿਆਲਾ)- ਬੀਤੀ ਰਾਤ ਤੋਂ ਨਿਊਜ਼ੀਲੈਂਡ ਦੇ ਬਹੁਤ ਸਾਰੇ ਖੇਤਰਾਂ ਦੇ ਵਿਚ ਵਿਨਾਸ਼ਕਾਰੀ ਝੱਖੜ ਉਥਲ-ਪੁਥਲ ਮਚਾ ਰਿਹਾ ਹੈ। ਅੱਜ ਸ਼ਾਮ ਇਹ ਤੂਫਾਨ ਆਕਲੈਂਡ ਅਤੇ ਆਸ-ਪਾਸ ਦੇ ਖੇਤਰਾਂ ਵਿਚ ਵੱਡੀ ਤਬਾਹੀ ਮਚਾ ਗਿਆ। ਸੜਕਾਂ ਦੇ ਉਤੇ ਦਰੱਖਤ ਟੁੱਟ ਕੇ ਡਿਗ ਗਏ। 140 ਕਿਲੋਮੀਟਰ ਦੀ ਸਪੀਡ ਉਤੇ ਤੇਜ਼ ਹਵਾਵਾਂ ਚੱਲੀਆਂ। ਬਹੁਤ ਸਾਰੇ ਘਰਾਂ ਦੀ ਬਿਜਲੀ ਚਲੇ ਗਈ ਅਤੇ ਲੋਕਾਂ ਦੇ ਘਰਾਂ ਨੂੰ ਵੱਡਾ ਨੁਕਸਾਨ ਪੁੱਜਾ। ਕਈ ਜਗ੍ਹਾ ਤੇਜ ਗਤੀ ਦੇ ਨਾਲ ਬਿਜਲੀ ਚਮਕੀ। ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਹਵਾਈ ਉਡਾਣ ਦੇ ਵਿਚ ਦੇਰੀ ਹੋਈ ਅਤੇ ਕਈ ਉਡਾਣਾਂ ਕੈਂਸਿਲ ਕਰ ਦਿੱਤੀਆਂ ਗਈਆਂ। ਰਨ ਬੇਅ ਉਤੇ ਤੇਜ ਹਵਾ ਦੇ ਨਾਲ ਕੁਝ ਸਾਮਾਨ ਆਦਿ ਖਿਲਰ ਗਿਆ ਜਿਸ ਕਰਕੇ ਰਨਬੇਅ ਬੰਦ ਕਰ ਦਿੱਤਾ ਗਿਆ। ਜਹਾਜ਼ ਦੋ ਕਿ ਆਕਲੈਂਡ ਹਵਾਈ ਅਡੇ ਉਤੇ ਉਤਰਨੇ ਸਨ ਉਹ ਵਾਪਿਸ ਕਿਸੀ ਹੋਰ ਹਵਾਈ ਅੱਡੇ ਵੱਲ ਭੇਜੇ ਦਾ ਰਹੇ ਹਨ ਜਾਂ ਉਪਰ ਹੀ ਚੱਕਰ ਲਗਾ ਰਹੇਹਨ। ਹਾਰਬਾਰ ਬ੍ਰਿਜ ਉਤੇ ਸਪੀਡ ਨੂੰ ਘਟਾ ਦਿੱਤਾ ਗਿਆ। ਆਕਲੈਂਡ ਸਿਟੀ ਦੇ ਵਿਚ ਇਕ ਕਾਰ ਦੇ ਉਤੇ ਦਰੱਖਤ ਡਿਗ ਗਿਆ ਅਤੇ ਚਾਲਕ ਵੀ ਉਸ ਵਿਚ ਫਸ ਗਿਆ। ਐਮਰਜੈਂਸੀ ਸੇਵਾਵਾਂ ਨੇ ਉਸਨੂੰ ਬਾਹਰ ਕੱਢਿਆ। ਕਈ ਜਗ੍ਹਾ ਟਰੈਫਿਕ ਲਾਈਟਾਂ ਬੰਦ ਹਨ। ਫੇਅਰੀ ਸਰਵਿਸ ਵੀ ਹਾਲ ਦੀ ਘੜੀ ਬੰਦ ਕਰ ਦਿੱਤੀ ਗਈ ਹੈ। 15000 ਘਰਾਂ ਦੀ ਬਿਜਲੀ ਗੁੱਲ ਹੈ।