24 ਸਾਲਾ ਜੈਸਿਕਾ ਡੂਡ ਦੀ ਇਕ ਤਸਵੀਰ।
ਔਕਲੈਂਡ 10 ਅਪ੍ਰੈਲ 2018 (ਹਰਜਿੰਦਰ ਸਿੰਘ ਬਸਿਆਲਾ)- ਕ੍ਰਾਈਸਟਚਰਚ ਤੋਂ ਜੋ 24 ਸਾਲਾ ਗੋਰੀ ਕੁੜੀ ਜੈਸਿਕਾ ਡੂਡ ਆਪਣੇ ਪੁਰਸ਼ ਮਿੱਤਰ ਗੁਰਦੀਪ ਸਿੰਘ ਦੇ ਮਗਰ ਸਰਾਭਾ ਨਗਰ ਪਟਿਆਲਾ ਵਿਖੇ ਪਹੁੰਚ ਗਈ ਸੀ, ਦੀ ਮਾਨਸਿਕ ਸਥਿਤੀ ਨੂੰ ਵੇਖਦਿਆਂ ਉਸਦੇ ਪਿਤਾ ਨੇ ਪੈਰਵਾਈ ਕਰਕੇ ਹੁਣ ਉਸਨੂੰ ਨਿਊਜ਼ੀਲੈਂਡ ਵਾਪਿਸ ਲਿਆਉਣ ਵਿਚ ਸਫਲਤਾ ਹਾਸਿਲ ਕਰ ਗਈ ਹੈ। ਪਰਿਵਾਰ ਨੇ ਫੇਸ ਬੁੱਕ ਪੇਜ਼ ਉਤੇ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਹੈ। ਪਟਿਆਲੇ ਦਾ ਇਹ ਮੁੰਡਾ ਬੀਤੀ 17 ਦਸੰਬਰ ਨੂੰ ਵਾਪਿਸ ਇੰਡੀਆ ਪਰਤ ਗਿਆ ਸੀ ਤੇ ਇਹ ਕੁੜੀ ਉਸ ਮੁੰਡੇ ਦੇ ਮਗਰ ਇੰਡੀਆ ਚਲੇ ਗਈ। ਆਪਣੇ ਪਿਆਰ ਦੀ ਖਾਤਿਰ ਉਹ ਆਪਣੇ ਮਾਪਿਆਂ ਤੋਂ ਅੱਖ ਬਚਾ ਕੇ ਅਤੇ ਪਾਸਪੋਰਟ ਉਤੇ ਆਪਣਾ ਨਾਂਅ ਬਦਲਾ ਕੇ ਸੰਭਾਵੀ ਸਹੁਰੇ ਘਰ ਫੇਰੀ ਪਾਉਣ ਦੀ ਖੁਸ਼ੀ ਉਸਨੂੰ ਜਰੂਰ ਹੋਈ ਹੋਵੇਗੀ। ਇਹ ਕੁੜੀ 16 ਮਾਰਚ ਨੂੰ ਇੰਡੀਆ ਪਹੁੰਚ ਗਈ। ਕੁੜੀ ਦੀ ਉਮਰ ਭਾਵੇਂ 24 ਸਾਲ ਹੈ ਪਰ ਇਕ ਅਊਟਿਸਟਿਕ (ਸਵਲੀਨ) ਬਿਮਾਰੀ ਦੇ ਚਲਦਿਆਂ ਉਸਦਾ ਦਿਮਾਗ 14 ਸਾਲਾਂ ਦੇ ਬੱਚੇ ਦੇ ਬਰਾਬਰ ਹੈ। ਇਸਦਾ ਪਿਤਾ ਭਾਰਤ ਪਹੁੰਚਿਆ ਅਤੇ ਫਿਰ ਪੰਜਾਬ ਪਹੁੰਚ ਕੇ ਕੁੜੀ ਦੇ ਨਾਲ ਗੱਲਬਾਤ ਕਰਨ ਵਿਚ ਸਫਲ ਹੋ ਗਿਆ ਅਤੇ ਆਖਿਰ ਕੁੜੀ ਨੇ ਪਿਤਾ ਦੀ ਨਸੀਹਤ ਮੰਨਦਿਆਂ ਘਰ ਵਾਪਿਸੀ ਕਰ ਲਈ। ਉਸਦਾ ਪਿਤਾ ਅਜੇ ਇੰਡੀਆ ਹੀ ਹੈ।