ਨਿਊਜ਼ੀਲੈਂਡ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਦੇ ਨਾਲ ਉਸਦਾ ਜੀਵਨ ਸਾਥੀ ਕਲਾਰਕ ਗੇਅਫੋਰਡ।
ਔਕਲੈਂਡ, 19 ਜਨਵਰੀ 2018 (ਹਰਜਿੰਦਰ ਸਿੰਘ ਬਸਿਆਲਾ) :
ਨਿਊਜ਼ੀਲੈਂਡ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਅਰਡਨ (37) ਦੇ ਘਰ ਕਿਲਕਾਰੀਆਂ ਦੀ ਆਵਾਜ਼ ਜੂਨ ਮਹੀਨੇ ਗੂੰਜਣ ਦੀ ਸੰਭਾਵਨਾ ਪੱਕੀ ਬਣ ਗਈ ਹੈ ਕਿਉਂਕਿ ਮਾਣਯੋਗ ਪ੍ਰਧਾਨ ਮੰਤਰੀ ਇਸ ਵੇਲੇ ਗਰਭਵਤੀ ਹਨ। ਪ੍ਰਧਾਨ ਮੰਤਰੀ ਬਨਣ ਤੋਂ ਇਕ ਹਫਤਾ ਪਹਿਲਾਂ (13 ਅਕਤੂਬਰ) ਹੀ ਇਸ ਖੁਸ਼ਖਬਰੀ ਦਾ ਉਸਨੂੰ ਪਤਾ ਲੱਗਾ ਸੀ। ਉਸਦਾ ਪਾਰਟਨਰ ਮਿਸਟਰ ਕਲਾਰਕ ਗੇਅਫੋਰਡ (ਟੀ.ਵੀ. ਹੋਸਟ) ਪਹਿਲੇ ਬੱਚੇ ਨੂੰ ਲੈ ਕੇ ਬਹੁਤ ਖੁਸ਼ ਹੈ। ਬੱਚੇ ਦੀ ਪੈਦਾਇਸ਼ ਤੋਂ ਪਹਿਲਾਂ ਉਹ 6 ਹਫਤਿਆਂ ਦੀ ਛੁੱਟੀ ਉਤੇ ਜਾ ਸਕਦੀ ਹੈ। ਜੁਲਾਈ ਮਹੀਨੇ ਸਰਕਾਰ ਨੇ ਪ੍ਰਸੂਤੀ ਛੁੱਟੀਆਂ ਦੇ ਵਿਚ ਵਾਧਾ ਵੀ ਕਰਨਾ ਹੈ ਪਰ ਜੈਸਿੰਡਾ ਇਸ ਦਾ ਫਾਇਦਾ ਨਹੀਂ ਚੁੱਕ ਸਕੇਗੀ। ਇਨ੍ਹਾਂ ਪ੍ਰਸੂਤੀ ਛੁੱਟੀਆਂ ਦੌਰਾਨ ਉਪ ਪ੍ਰਧਾਨ ਮੰਤਰੀ ਸ੍ਰੀ ਵਿਨਸਨ ਪੀਟਰਜ਼ ਪ੍ਰਧਾਨ ਮੰਤਰੀ ਦਾ ਪੂਰਾ ਕਾਰਜ-ਭਾਰ ਸੰਭਾਲ ਸਕਦੇ ਹਨ ਤੇ ਉਨ੍ਹਾਂ ਦੇ ਦਫਤਰ ਹੋਰ ਘੰਟੀਆਂ ਵੱਜਣੀਆਂ ਸ਼ੁਰੂ ਹੋ ਜਾਣਗੀਆਂ ਬਾਕੀ ਦੇ ਮੰਤਰਾਲਿਆਂ ਵਾਸਤੇ ਵੀ ਉਹ ਦੂਜੇ ਮੰਤਰੀਆਂ ਦੀ ਸਹਾਇਤਾ ਲਵੇਗੀ।
ਮਾਣਯੋਗ ਜੈਸਿੰਡਾ ਅਰਡਨ ਦਾ ਬੱਚਾ ਐਨਾ ਕਿਸਮਤ ਵਾਲਾ ਹੋਵੇਗਾ ਕਿ ਉਸਨੇ ਜਿੱਥੇ ਦੁਨੀਆ 'ਤੇ ਆਉਣ ਤੋਂ ਪਹਿਲਾਂ ਕਾਫੀ ਦੇਸ਼-ਵਿਦੇਸ਼ ਦੀਆਂ ਥਾਵਾਂ ਘੁੰਮ ਲਈਆਂ ਹੋਣਗੀਆਂ ਉਥੇ ਪ੍ਰਧਾਨ ਮੰਤਰੀ ਪੱਦ ਉਤੇ ਪਰਤਦਿਆਂ ਹੀ ਉਹ ਅਕਸਰ ਦੁਬਾਰਾ ਯਾਤਰਾ ਦੇ ਵਿਚ ਸ਼ਾਮਿਲ ਹੋਇਆ ਕਰੇਗਾ। ਬੱਚਾ ਮੁੰਡਾ ਹੈ ਜਾਂ ਕੁੜੀ ਇਸ ਬਾਰੇ ਉਨ੍ਹਾਂ ਨੂੰ ਪਤਾ ਹੈ ਪਰ ਇਸਨੂੰ ਗੁਪਤ ਰੱਖਿਆ ਜਾ ਰਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਸ੍ਰੀ ਬਿਲ ਇੰਗਲਿਸ਼, ਸ੍ਰੀਮਤੀ ਹੈਲਨ ਕਲਾਰਕ, ਅਤੇ ਆਸਟਰੇਲੀਅਨ ਪ੍ਰਧਾਨ ਮੰਤਰੀ ਮਕੈਲਮ ਟਰਨਬੁੱਲ ਨੇ ਵਧਾਈ ਭੇਜੀ ਹੈ।