26 ਸਾਲਾ ਹੇਮਿਨ ਵੀਨੂਭਾਈ ਲਿੰਬਾਚਾਈ ਦੀ ਇਕ ਤਸਵੀਰ।
ਹੇਸਟਿੰਗਜ਼ ਨੇੜੇ ਵਾਇਮਾਰਾਮਾ ਬੀਚ ਉਤੇ ਬੀਤੇ ਕੱਲ੍ਹ ਇਕ 26 ਸਾਲਾ ਭਾਰਤੀ ਮੁੰਡੇ ਦੀ ਡੁੱਬਣ ਨਾਲ ਹੋਈ ਮੌਤ
-ਆਪਣੀ ਪਤਨੀ ਨੂੰ ਬਚਾਉਣ ਖਾਤਿਰ ਵੜਿਆ ਸੀ ਸਮੁੰਦਰ 'ਚ
- ਕੁਝ ਕੁ ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ 15 ਜਨਵਰੀ,2018 : - ਬੀਤੇ ਕੱਲ੍ਹ ਸ਼ਾਮ 7 ਵਜੇ ਹੇਸਟਿੰਗਜ਼ ਨੇੜੇ ਵਾਇਮਾਰਾਮਾ ਬੀਚ ਉਤੇ ਇਕ 26 ਸਾਲਾ ਭਾਰਤੀ ਮੁੰਡੇ ਹੇਮਿਨ ਵੀਨੂਭਾਈ ਲਿੰਬਾਚਾਈ ਦੀ ਸਮੁੰਦਰ 'ਚ ਡੁੱਬਣ ਨਾਲ ਮੌਤ ਹੋ ਗਈ। ਪੁਲਿਸ ਨੇ ਹੁਣ ਇਸ ਦਾ ਨਾਂਅ ਅਜ ਜਾਰੀ ਕਰ ਦਿੱਤਾ ਹੈ। ਇਹ ਮੁੰਡਾ ਬੜੋਦਾ (ਗੁਜਰਾਤ) ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਬੀਤੇ ਐਤਵਾਰ ਇਹ ਮੁੰਡਾ ਅਤੇ ਇਸਦੀ ਪਤਨੀ ਬੀਚ ਉਤੇ ਚੱਲ ਰਹੇ ਇਕ ਸਲਾਨਾ ਉਤਸਵ ਵਿਚ ਸ਼ਾਮਿਲ ਹੋਣ ਗਏ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸਦੀ ਪਤਨੀ ਪਾਣੀ ਦੇ ਵਿਚ ਜਦੋਂ ਉਲਝਣ ਲੱਗੀ ਤਾਂ ਇਹ ਮੁੰਡਾ ਉਸਨੂੰ ਬਚਾਉਣ ਦੀ ਖਾਤਿਰ ਸਮੁੰਦਰ ਵਿਚ ਵੜਿਆ ਪਰ ਛੱਲਾਂ ਦੇ ਵਿਚ ਘਿਰ ਗਿਆ। ਸੁਰੱਖਿਆ ਦਸਤੇ ਨੇ ਆ ਕੇ ਇਸ ਮੁੰਡੇ ਦੀ ਲਾਸ਼ ਬਰਾਮਦ ਕਰ ਲਈ ਹੈ ਅਤੇ ਇਸਦੇ ਇੰਡੀਆ ਰਹਿੰਦੇ ਪਰਿਵਾਰ ਨੂੰ ਮ੍ਰਿਤਕ ਸਰੀਰ ਭੇਜਿਆ ਜਾਣਾ ਹੈ। ਇਸ ਦੀ ਪਤਨੀ ਦੇ ਫੇਫੜਿਆਂ ਵਿਚ ਵੀ ਪਾਣੀ ਵੜ ਗਿਆ ਸੀ, ਜਿਸ ਦਾ ਇਲਾਜ ਚੱਲ ਰਿਹਾ ਹੈ। ਮ੍ਰਿਤਕ ਮੁੰਡੇ ਦਾ ਸਰੀਰ ਪੋਸਟ ਮਾਰਟਮ ਵਾਸਤੇ ਰੱਖ ਲਿਆ ਗਿਆ ਹੈ।
ਇਸ ਮੁੰਡੇ ਦਾ ਵਿਆਹ ਹੋਏ ਨੂੰ ਅਜੇ ਕੁਝ ਹੀ ਸਮਾਂ ਹੋਇਆ ਹੈ। ਆਕਲੈਂਡ ਪੜ੍ਹਾਈ ਕਰਨ ਉਪਰੰਤ ਉਹ ਵਲਿੰਗਟਨ ਵਿਖੇ ਸਪਾਰਕ ਕੰਪਨੀ ਦੇ ਵਿਚ ਵੀ ਨੌਕਰੀ ਕਰਦਾ ਰਿਹਾ ਹੈ। ਪਤਾ ਲੱਗਾ ਹੈ ਕਿ ਇਸ ਵੇਲੇ ਇਸਨੇ ਆਪਣੀ ਪੀ. ਆਰ. ਵਸਤੇ ਅਪਲਾਈ ਕੀਤਾ ਹੋਇਆ ਸੀ।