ਫਰੀਮਾਂਟ 08 ਦਸੰਬਰ 2017 (ਗੁਰਮੀਤ ਪਲਾਹੀ): ਗੀਤ-ਸੰਗੀਤ ਇੰਟਰਟੇਨਮੈਂਟ ਵੱਲੋਂ ਸ਼ਾਮ ਸ਼ੁਨਿਹਰੀ ਦਾ ਇਸ ਵਰ੍ਹੇ ਨੂੰ ਅਲਵਿਦਾ ਤੇ ਨਵੇਂ ਵਰ੍ਹੇ ਨੂੰ ਜੀਅ ਆਇਆਂ ਆਖਣ ਵਾਲਾ ਪ੍ਰੋਗਰਾਮ, ਯਾਦਗਾਰੀ ਅਤੇ ਇਤਹਾਸਿਕ ਹੋ ਨਿਬੜਿਆ। ਗਾਇਕ ਸੁਰਿੰਦਰ 'ਛਿੰਦਾ' ਅਤੇ ਐਚ ਐਸ ਭਜਨ ਦੇ ਗਾਏ ਗੀਤਾਂ ਨੇ, ਪੈਰਾਡਾਈਜ ਬਾਲਰੂਮਜ ਨੂੰ, ਸੁਰ-ਤਾਲ, ਸੁਰੀਲੀ ਜੌਸ਼ੀਲੀ ਆਵਾਜ਼, ਮਾਖਿਉਂ ਮਿੱਠੀਆਂ ਹੇਕਾਂ ਨਾਲ ਇਹੋ ਜਿਹਾ ਭਰਪੂਰ ਕੀਤਾ ਕਿ ਨੱਕੋ-ਨੱਕ ਭਰੇ ਹਾਲ ਵਿਚਲੇ ਦਰਸ਼ਕ ਅਸ਼-ਅਸ਼ ਕਰ ਉਠੇ। ਦੋਹਾਂ ਗਾਇਕਾਂ ਇਸ ਪ੍ਰੋਗਰਾਮ 'ਚ ਆਪਣੀ ਸੁਚੱਜੀ ਗਾਇਕੀ ਦਾ ਲੋਹਾ ਮਨਾਇਆ। ਪ੍ਰਬੰਧਕਾਂ ਆਸ਼ਾ ਸ਼ਰਮਾ ਅਤੇ ਸੁਖਦੇਵ ਸਾਹਿਲ ਵਲੋਂ ਕੀਤੇ ਪੁਖਤਾ ਪ੍ਰਬੰਧਾਂ 'ਚ ਸ਼ਾਮ-ਸੁਨਹਿਰੀ ਵਿਚਲਾ ਵਿਆਹ ਵਰਗਾ ਮਾਹੌਲ ਹਰ ਹਾਜ਼ਰ ਸਖ਼ਸ਼ ਨੂੰ ਮਨੋਂ-ਦਿਲੋਂ ਛੂਹ ਗਿਆ। ਪੰਜਾਬੀਅਤ ਦੇ ਰੰਗ 'ਚ ਰੰਗੇ ਇਸ ਮਾਹੌਲ 'ਚ,ਇੱਕ ਤੋਂ ਵੱਧ ਇੱਕ ਸੁਰੀਲੇ ਸੁਰਾਂ ਵਾਲੇ ਗੀਤਾਂ ਨੇ ਦਰਸ਼ਕਾਂ ਨੂੰ ਇਹੋ ਜਿਹਾ ਕੀਲਿਆ ਕਿ ਰਤਾ ਭਰ ਵੀ ਹਿਲਜੁਲ, ਰੌਲਾ-ਰੱਪਾ, ਸ਼ੋਰ-ਸ਼ਰਾਬਾ ਕਿਧਰੇ ਵੀ ਵੇਖਣ ਨੂੰ ਨਾ ਮਿਲਿਆ। ਸ਼ਾਮ-ਸੁਨਿਹਰੀ ਦਾ ਆਗਾਜ਼ ਸੁਖਦੇਵ ਸਾਹਿਲ ਨੇ ਕੀਤਾ। ਫਿਰ ਸਾਹਿਲ ਦੇ ਸ਼ਗਿਰਦ ਨਵ ਰੰਧਾਵਾ ਨੇ ਸੁਰੀਲੇ ਸੁਰਾਂ 'ਚ ਹਾਜ਼ਰੀ ਲਗਵਾਈ। ਟੀਨਾ ਮਾਨ ਨੇ ਸੁਚੱਜੇ, ਸੋਹਣੇ-ਮਨਮੋਹਣੇ ਇਹੋ ਜਿਹੇ ਗੀਤ ਗਾਏ ਕਿ ਉਸਦੀ ਮਿੱਠੀ ਆਵਾਜ਼ ਨਾਲ ਹਾਲ ਮਹਿਕ ਉਠਿਆ। ਇਸ ਪ੍ਰੋਗਰਾਮ ਦਾ ਸੰਚਾਲਨ ਬੋਲਾਂ ਦੀ ਮਲਕਾ ਆਸ਼ਾ ਸ਼ਰਮਾ ਨੇ ਕੀਤਾ। ਇਸ ਸਮੇਂ ਪੰਜਾਬੀ ਦੇ ਪ੍ਰਸਿੱਧ ਲੇਖਕ ਅਤੇ ਆਸ਼ਾ ਸ਼ਰਮਾ ਦੇ ਉਸਤਾਦ ਹਰਜਿੰਦਰ ਕੰਗ ਨੇ ਆਪਣੀ ਰਚਨਾਵਾਂ ਪੰਜਾਬੀ ਪਿਆਰਿਆਂ ਸੰਗ ਸਾਂਝੀਆਂ ਕੀਤੀਆਂ ਅਤੇ ਸਾਬਤ ਕੀਤਾ ਕਿ ਉਹ ਪੰਜਾਬੀ ਸਾਹਿਤ ਤੇ ਬੋਲੀ ਦਾ ਨਾਮਵਰ ਹਸਤਾਖਰ ਹੈ। ਪ੍ਰੋਗਰਾਮ ਵਿੱਚ ਸਮੇਂ ਸਮੇਂ ਕੁਮੇਡੀ, ਪ੍ਰਸਿੱਧ ਕੁਮੇਡੀਅਨ ਜਸਵੀਰ ਗਿੱਲ ਅਤੇ ਰੂਬੀ ਦਿਊਲ ਨੇ ਕਰਕੇ ਪ੍ਰੋਗਰਾਮ ਨੂੰ ਸਿਖ਼ਰ 'ਤੇ ਪਹੁੰਚਾਉਣ 'ਚ ਆਪਣੀ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਪ੍ਰੋਗਰਾਮ ਸਮੇਂ ਸੁਰਿੰਦਰ ਛਿੰਦਾ ਦੀ ਸੀ ਡੀ ਕਿਸ਼ਨਾ ਮੌੜ, ਨਿਰਮਲ ਸਿੰਘ ਥਿਆੜਾ, ਮਨਦੀਪ ਥਿਆੜਾ, ਮਨਜੀਤ ਥਿਆੜਾ ਨੇ ਆਪਣੇ ਸ਼ੁਭ ਕਮਲਾਂ ਨਾਲ ਰਲੀਜ਼ ਕੀਤੀ। ਵਿਦੇਸ਼ਾਂ ਵਿੱਚ ਪੰਜਾਬੀ ਗਾਇਕੀ ਅਖਾੜਿਆਂ ਦੇ ਮੋਢੀ ਐਚ ਐਸ ਭਜਨ ਨੂੰ ਗੀਤ ਸੰਗੀਤ ਇੰਟਰਟੇਨਮੈਂਟ ਵਲੋਂ ਲਾਈਫ ਟਾਈਮ ਅਚੀਵਮੈਂਟ ਐਵਾਰਡ ਪ੍ਰਬੰਧਕਾਂ ਆਸ਼ਾ ਸ਼ਰਮਾ ਤੇ ਸੁੱਖਦੇਵ ਸਾਹਿਲ ਵੱਲੋਂ ਭੇਂਟ ਕੀਤਾ ਗਿਆ। ਉਹਨਾ ਦੀਆਂ ਪ੍ਰਾਪਤੀਆਂ ਦਰਸਾਉਂਦਾ ਮਾਣ-ਪੱਤਰ ਹਰਜਿੰਦਰ ਕੰਗ ਨੇ ਪੜਿਆ। ਐਚ ਐਸ ਭਜਨ ਅਤੇ ਉਹਨਾ ਦੀ ਪਤਨੀ ਨੂੰ ਸੋਨੇ ਦੀਆਂ ਮੁੰਦਰੀਆਂ ਪ੍ਰਬੰਧਕਾਂ ਵਲੋਂ ਪੁਆਈਆ ਗਈਆਂ ਅਤੇ ਇਹ ਰਸਮ ਮਾਤਾ ਦੇਵਿੰਦਰ ਕੌਰ ਦਿਉਲ ਅਤੇ ਦਲਵੀਰ ਕੌਰ ਔਲਖ ਨੇ ਨਿਭਾਈ। ਵਿਲੱਖਣ ਨਿਵੇਕਲੀ ਸ਼ਾਮ ਸੁਨਿਹਰੀ ਵਿਦੇਸ਼ ਵਸਦੇ ਪੰਜਾਬੀਆਂ ਦੇ ਹਿਰਦਿਆਂ 'ਚ ਇੱਕ ਛਾਪ ਛੱਡਦੀ ਦੇਰ ਰਾਤ ਖਤਮ ਹੋਈ, ਜਿਸ ਵਿੱਚ ਹਰ ਖੇਤਰ ਦੇ ਪੰਜਾਬੀ, ਆਪਣੇ ਪਰਿਵਾਰਾਂ ਸਮੇਤ ਸ਼ਾਮਲ ਹੋਏ, ਜਿਹਨਾ ਲਈ ਪ੍ਰਬੰਧਕਾਂ ਵਲੋਂ ਰਾਤ ਦੇ ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੋਇਆ ਸੀ।