22 ਸਾਲ ਬਾਅਦ ਆਪਣੀ ਦੂਜੀ ਲੜਕੀ ਕੈਟੀ ਨੂੰ ਮਿਲਣ ਸਮੇਂ ਉਸਦੇ ਮਾਪੇ ਭਾਵੁਕ ਹੁੰਦਿਆ।
ਔਕਲੈਂਡ 06 ਦਸੰਬਰ 2017 (ਹਰਜਿੰਦਰ ਸਿੰਘ ਬਸਿਆਲਾ)-ਕਹਿੰਦੇ ਨੇ ਦਿਮਾਗ ਦੀ ਸਹੀ ਸਮੇਂ ਉਤੇ ਵਰਤੋਂ ਤੇ ਰੱਬ ਉਤੇ ਰੱਖਿਆ ਭਰੋਸਾ ਇਕ ਦਿਨ ਅਜਿਹਾ ਪੱਕ ਕੇ ਫਲ ਦਿੰਦਾ ਹੈ ਕਿ ਦੁਨੀਆ ਉਤੇ ਉਸਦਾ ਕੋਈ ਤੋੜ ਨਹੀਂ ਹੋ ਸਕਦਾ। ਚੀਨ ਦੇ ਇਕ ਜੋੜੇ ਨੂੰ ਆਪਣੀ ਦੂਜੀ ਲੜਕੀ 22 ਸਾਲ ਬਾਅਦ ਵਰਤੇ ਦਿਮਾਗ ਕਰਕੇ ਅਤੇ ਰੱਖੇ ਭਰੋਸੇ ਕਰਕੇ ਮਿਲੀ ਹੈ ਜਿਸਦੀ ਕਈ ਮੁਲਕਾਂ ਵਿਚ ਚਰਚਾ ਹੈ। ਚੀਨ ਦੇ ਵਿਚ ਕਾਨੂੰਨ ਹੈ ਕਿ ਜਨ ਸੰਖਿਆ ਕਾਬੂ ਰੱਖਣ ਲਈ ਪਤੀ-ਪਤਨੀ ਇਕ ਹੀ ਬੱਚਾ ਪੈਦਾ ਕਰਨ। ਘਟਨਾ ਇਸ ਪ੍ਰਕਾਰ ਹੈ ਕਿ ਇਕ ਚਾਈਨੀਜ਼ ਜੋੜੇ ਦੀ ਦੂਜੀ ਬੱਚੀ ਸਮੁੰਦਰੀ ਸਮੁੰਦਰੀ ਘਰ (ਬੋਟ) ਵਿਚ ਪੈਦਾ ਹੋਈ ਸੀ। ਉਸਦੇ ਪਤੀ ਨੇ ਹੀ ਸਾਰਾ ਜਨੇਪਾ ਕਰਵਾਇਆ ਸੀ। ਚੀਨ ਦੇ ਵਿਚ ਉਹ ਉਸ ਬੱਚੀ ਨੂੰ ਨਹੀਂ ਰੱਖ ਸਕਦੇ ਸਨ ਕਿਉਂਕਿ ਦੂਜੀ ਔਲਾਦ ਹੋਣ ਕਰਕੇ ਇਹ ਕਾਨੂੰਨੀ ਜ਼ੁਰਮ ਬਣ ਜਾਣਾ ਸੀ। ਕਾਨੂੰਨ ਮੁਤਾਬਿਕ ਇਥੇ ਦੂਜੇ ਬੱਚੇ ਨੂੰ ਰੋਕਣ ਵਾਸਤੇ ਗਰਭਪਾਤ ਕਰਵਾਉਣਾ ਹੁੰਦਾ ਹੈ। ਇਸ ਜੋੜੇ ਨੇ ਅਜਿਹਾ ਨਹੀਂ ਕੀਤਾ ਸੀ। ਦੂਜੀ ਬੱਚੀ ਦੇ ਜਨਮ ਤੋਂ ਬਾਅਦ ਇਕ ਡਾਕਟਰ ਨੇ ਸਹਾਇਤਾ ਕਰਦਿਆਂ ਬਿਨਾਂ ਰਿਕਾਰਡ ਰੱਖੇ ਇਸ ਜੋੜੇ ਦੀ ਫਰਿਆਦ ਸੁਣੀ ਅਤੇ ਬੱਚੀ ਨੂੰ ਬਚਾਇਆ। ਜਦੋਂ ਬੱਚੀ ਪੰਜ ਦਿਨਾਂ ਦੀ ਹੋਈ ਤਾਂ ਇਸਦੀ ਮਾਂ ਨੇ ਇਸ ਬੱਚੀ ਨੂੰ ਇਕ ਛੱਤ ਹੇਠਾਂ ਲੱਗਣ ਵਾਲੀ ਸਬਜ਼ੀ ਮੰਡੀ ਦੇ ਵਿਚ ਇਕ ਵਿਸ਼ੇਸ਼ ਨੋਟ ਲਿਖ ਕੇ ਲਾਵਾਰਿਸ ਛੱਡ ਦਿੱਤਾ ਕਿ ਇਹ ਬੱਚੀ ਜੋ ਵੀ ਗੋਦ ਲੈ ਕੇ ਜਾਵੇ ਉਹ ਇਸਨੂੰ 10 ਜਾਂ 20 ਸਾਲ ਬਾਅਦ 'ਬਰੋਕਨ ਬ੍ਰਿਜ' ਹੰਗਜੂ ਉਤੇ ਸਾਨੂੰ ਮਿਲਾ ਦੇਵੇ। ਇਸ ਬੱਚੀ ਦਾ ਨਾਂਅ 'ਜਿੰਗਜੀਹ' ਰੱਖਿਆ ਗਿਆ ਸੀ। ਇਸਦਾ ਜਨਮ ਸਮਾਂ, ਤਰੀਕ ਅਤੇ ਸਾਲ ਨਾਲ ਲਿਖ ਦਿੱਤਾ ਸੀ। ਇਹ ਵੀ ਲਿਖ ਦਿੱਤਾ ਕਿ ਕਾਨੂੰਨ ਦੀ ਉਲੰਘਣਾ ਦਾ ਖਿਆਲ ਰੱਖਦਿਆਂ ਇਕ ਮਾਂ ਆਪਣੀ ਬੱਚੀ ਨੂੰ ਇਸ ਤਰ੍ਹਾਂ ਛੱਡ ਰਹੀ ਹੈ। 'ਬ੍ਰੋਕਨ ਬ੍ਰਿਜ' ਉਤੇ ਹਰ ਸਾਲ ਮੇਲਾ ਲਗਦਾ ਹੈ। 10 ਵੀਂ ਅਤੇ 20ਵੇਂ ਸਾਲ ਉਨ੍ਹਾਂ ਦੀ ਬੱਚੀ ਇਸ ਮੇਲੇ ਉਤੇ ਉਨ੍ਹਾਂ ਨੂੰ ਨਜ਼ਰ ਨਹੀਂ ਆਈ ਪਰ ਇਸ ਵਾਰ ਇਹ ਬੱਚੀ ਉਸਦੇ ਅਮਰੀਕੀ ਮਾਪੇ (ਪਾਲਣਹਾਰੇ) ਲੈ ਕੇ ਆਏ। ਉਸਦਾ ਨਾਂਅ ਹੁਣ ਬਦਲ ਕੇ ਕੈਥਰੀਨ ਹੋ ਗਿਆ ਸੀ ਤੇ ਲੋਕ ਕੈਟੀ ਕਹਿੰਦੇ ਸਨ। ਆਪਣੀ ਬੱਚੀ ਨੂੰ ਮਿਲਣ ਦੀ ਆਸ ਵਿਚ ਮਾਪੇ ਇਥੇ ਹਰ ਸਾਲ ਆਉਂਦੇ ਸਨ ਅਤੇ ਇਸ ਵਾਰ ਉਨ੍ਹਾਂ ਨੂੰ ਇਸਦਾ ਮਿਲਾਪ ਹੋ ਗਿਆ। ਇਹ ਮਿਲਣੀ ਦਾ ਸਮਾਂ ਬਹੁਤ ਹੀ ਭਾਵੁਕਤਾ ਅਤੇ ਅੱਖਾਂ ਨਮ ਕਰਨ ਵਾਲਾ ਸੀ। ਬੀ.ਬੀ.ਸੀ. ਉਤੇ ਇਸ ਉਤੇ ਡਾਕੂਮੈਂਟਰੀ ਵੀ ਬਣਾਈ ਜਾ ਰਹੀ ਹੈ ਜੋ ਕਿ ਟੀ.ਵੀ. ਉਤੇ ਆਵੇਗੀ। ਸੋ ਇਸ ਤਰ੍ਹਾਂ ਚਾਈਨੀਜ਼ ਜੋੜੇ ਨੇ ਆਪਣੇ ਦਿਮਾਗ ਦੀ ਵਰਤੋਂ ਕਰਦਿਆਂ ਅਤੇ ਕੁਦਰਤ ਉਤੇ ਭਰੋਸਾ ਰੱਖਦਿਆਂ ਆਪਣੀ ਬੱਚੀ ਦੁਬਾਰਾ ਪ੍ਰਾਪਤ ਕਰ ਲਈ। ਇਸ ਮੌਕੇ ਕੈਟੀ ਦੀ ਵੱਡੀ ਭੈਣ ਵੀ ਮਿਲ ਕੇ ਭਾਵੁਕ ਹੋ ਗਈ।