ਨਵੀਂ ਦਿੱਲੀ, 9 ਅਕਤੂਬਰ, 2017 : ਭਾਰਤ ਦੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ 7 ਅਕਤੂਬਰ, ਸ਼ਨੀਵਾਰ ਨੂੰ ਭਾਰਤ-ਚੀਨ ਸਰਹੱਦ ਦਾ ਦੌਰਾ ਕਰਨ ਪਹੁੰਚੀ, ਜਿੱਥੇ ਉਨ੍ਹਾਂ ਨੇ ਚੀਨੀ ਫੌਜੀਆਂ ਨਾਲ ਵੀ ਮੁਲਾਕਾਤ ਕੀਤੀ। ਨਾਲ ਹੀ ਰੱਖਿਆ ਮੰਤਰੀ ਨੇ ਚੀਨੀ ਫੌਜੀਆਂ ਨੂੰ 'ਨਮਸਤੇ' ਦਾ ਮਤਲਬ ਦੱਸਿਆ।
ਉਨ੍ਹਾਂ ਚੀਨੀ ਫੌਜੀਆਂ ਨੂੰ ਦੱਸਿਆ ਕਿ 'ਨਮਸਤੇ' ਨੂੰ ਅੰਗਰੇਜ਼ੀ 'ਚ 'ਨਾਈਸ ਟੂ ਮੀਟ ਯੂ' ਕਹਿੰਦੇ ਹਨ। ਚੀਨੀ ਫੌਜੀਆਂ ਨੇ ਪੂਰੀ ਗਰਮਜੋਸ਼ੀ ਨਾਲ ਚੀਨੀ ਭਾਸ਼ਾ 'ਚ ਇਸ ਦੀ ਹੱਥ ਜੋੜ ਕੇ ਸਿਫਤ ਕੀਤੀ ਤੇ ਕਿਹਾ ਕਿ ਚੀਨੀ ਭਾਸ਼ਾ 'ਚ ਕਿਸੇ ਦੇ ਸਵਾਗਤ ਨੂੰ 'ਵੀ ਹੌ' ਕਹਿੰਦੇ ਹਨ। ਇਸ ਸਬੰਧ 'ਚ ਰੱਖਿਆ ਮੰਤਰੀ ਟਵੀਟਰ ਹੈਂਡਲ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਪੂਰੀ ਗੱਲਬਾਤ ਵਿਖਾਈ ਗਈ ਹੈ। ਡੋਕਲਾਮ ਸਰਹੱਦ ਵਿਵਾਦ ਤੋਂ ਬਾਅਦ ਭਾਰਤ-ਚੀਨ ਵਿਚਾਲੇ ਕਾਫ਼ੀ ਤਣਾਅ ਵਧ ਗਿਆ ਸੀ। ਸੀਤਾਰਮਨ ਦੇ ਦੌਰੇ ਤੋਂ ਬਾਅਦ ਇਲਾਕੇ 'ਚ ਸ਼ਾਂਤੀ ਬਹਾਲ ਹੋਣ 'ਚ ਕਾਫ਼ੀ ਮਦਦ ਮਿਲ ਸਕਦੀ ਹੈ।
ਇਸ ਦੌਰਾਨ ਰੱਖਿਆ ਮੰਤਰੀ ਨੇ ਸਰਹੱਦੀ ਖੇਤਰ ਦਾ ਦੌਰਾ ਕੀਤਾ। ਮੰਤਰੀ ਗੰਗਟੋਕ ਤੋਂ 52 ਕਿਲੋਮੀਟਰ ਦੂਰ ਨਾਥੁਲਾ ਸੜਕ ਰਸਤਿਓਂ ਪਹੁੰਚੀ ਅਤੇ ਆਈ. ਟੀ. ਬੀ. ਪੀ. ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਪੂਰਬੀ ਕਮਾਨ ਦੇ ਚੀਫ ਲੈਫਟੀਨੈਂਟ ਜਨਰਲ ਅਭੈ ਕ੍ਰਿਸ਼ਣਾ ਨੇ ਰੱਖਿਆ ਮੰਤਰੀ ਨੂੰ ਸਿੱਕਮ ਸੈਕਟਰ 'ਚ ਚੀਨ-ਭਾਰਤ ਸਰਹੱਦ 'ਤੇ ਸੁਰੱਖਿਆ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਉਪ ਸੈਨਾ ਮੁਖੀ ਲੈਫਟੀਨੈਂਟ ਜਨਰਲ ਸਾਰਥ ਚੰਦਰਾ ਵੀ ਮੌਜੂਦ ਸਨ।
ਰੱਖਿਆ ਮੰਤਰੀ ਦਾ ਇਹ ਸਰਹੱਦੀ ਦੌਰਾ ਡੋਕਲਾਮ ਵਿਵਾਦ ਤੋਂ ਕਰੀਬ ਇਕ ਮਹੀਨੇ ਬਾਅਦ ਹੋਇਆ। ਉਨ੍ਹਾਂ ਸਿੱਕਮ ਦੇ ਮੁੱਖ ਮੰਤਰੀ ਪਵਨ ਚਾਮਲਿੰਗ ਨਾਲ ਵੀ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ।