ਦੁਬਈ ਵਿਚ " ਮੁਕਤੀ " ਫਿਲਮ ਦੇ ਪਲੇਠੇ ਸ਼ੋਅ ਦਾ ਇੱਕ ਦ੍ਰਿਸ਼
ਚੰਡੀਗੜ੍ਹ, 8 ਅਕਤੂਬਰ, 2017 : ਪੰਜਾਬ ਵਿਚ ਪਿਛਲੇ ਸਮੇਂ ਤੋਂ ਵੱਧ ਰਹੇ ਕਿਸਾਨ ਖੁਦਕੁਸ਼ੀਆਂ ਦੇ ਦੁਖਾਂਤ ਨੂੰ ਪੇਸ਼ ਕਰਦੀ ਮਿੰਨੀ ਪੰਜਾਬੀ ਫ਼ਿਲਮ " ਮੁਕਤੀ " ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ . 5 ਅਕਤੂਬਰ ਨੂੰ ਇਸ ਦੇ ਰਸਮੀ ਰੀਲੀਜ਼ ਤੋਂ ਇੱਕ ਦਮ ਬਾਅਦ ਹੀ ਯੂ ਟਿਊਬ ਤੇ ਇਸ ਦੇ ਦਰਸ਼ਕਾਂ ਦੀ ਗਿਣਤੀ ਲੱਖਾਂ ਤੱਕ ਪੁੱਜ ਗਈ .
ਦੁਬਈ ਵੱਸਦੇ ਪੰਜਾਬੀ ਅੰਗਰੇਜ਼ ਸਿੰਘ ਕੰਗ ਵੱਲੋਂ ਲਿਖੀ ਅਤੇ ਜਸਬੀਰ ਸ਼ੀਰਾ ਦੀ ਡਾਇਰੈਕਸ਼ਨ ਹੇਠ 18 ਮਿੰਟ ਦੀ ਇਸ ਫ਼ਿਲਮ ਵਿਚ ਕਰਜ਼ੇ ਦੇ ਬੋਝ ਹੇਠ ਆਏ ਇੱਕ ਗ਼ਰੀਬ ਕਿਸਾਨ ਪਰਿਵਾਰ ਦੇ ਮੁਖੀ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਤੋਂ ਬਾਅਦ ਉਸ ਦੇ ਪਰਿਵਾਰ ਤੇ ਆਈਆਂ ਮੁਸੀਬਤਾਂ ਨੂੰ ਦਾ ਕਲਾਤਮਿਕ ਚਿਤਰਨ ਕੀਤਾ ਗਿਆ ਹੈ .ਫ਼ਿਲਮ ਇਹ ਸੰਕੇਤ ਕਰਦੀ ਹੈ ਕਿ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਆਮ ਪਰਿਵਾਰਾਂ ਦਾ ਦੁਖਾਂਤ ਹੋਰ ਵਧ ਜਾਂਦਾ ਹੈ।
( ਦੁਬਈ ਵਿਚ ਫਿਲਮ ਦੇ ਪਲੇਠੇ ਸ਼ੋਅ ਮੌਕੇ ਹਾਰਮੀਕ ਸਿੰਘ ਨਾਲ ਫਿਲਮ ਦੇ ਲੇਖਕ , ਨਿਰਦੇਸ਼ਕ ਅਤੇ ਸਟਾਰ ਕਾਸ੍ਟ )
ਜਿੱਥੇ ਇਹ ਫ਼ਿਲਮ ਇਹ ਸੁਨੇਹਾ ਦਿੰਦੀ ਹੈ ਕਿ ਖੁਦਕੁਸ਼ੀਆਂ ਕਿਸੇ ਮਸਲੇ ਦਾ ਹੱਲ ਨਹੀਂ ਉੱਥੇ ਇਸ ਦੇ ਨਾਲ ਹੀ ਸਾਡੇ ਪੇਂਡੂ ਸਮਾਜ ਦੇ ਇੱਕ ਹਿੱਸੇ ਵਿਚ ਨਸ਼ਈ ਮਰਦਾਂ ਵੱਲੋਂ ਔਰਤ ਨੂੰ ਆਪਣੇ ਪੈਰ ਦੀ ਜੁੱਤੀ ਸਮਝ ਕੇ ਕਿਸ ਤਰ੍ਹਾਂ ਅਣਮਨੁੱਖੀ ਵਿਹਾਰ ਕੀਤਾ ਜਾਂਦਾ ਹੈ , ਇਹ ਪੱਖ ਵੀ ਫ਼ਿਲਮ ਦਾ ਇੱਕ ਅਹਿਮ ਹਿੱਸਾ ਹੈ .
ਇਸ ਪਹਿਲੂ ਦੀ ਪੇਸ਼ਕਾਰੀ ਇਸ ਤਰ੍ਹਾਂ ਦੀ ਹੈ ਕਿ ਅਜਿਹੇ ਜਾਗੀਰੂ ਵਿਹਾਰ ਪ੍ਰਤੀ ਵੀ ਨਫ਼ਰਤ ਪੈਦਾ ਹੁੰਦੀ ਹੈ ਅਤੇ ਨਸ਼ਿਆਂ ਦੀ ਪੈ ਲੱਤ ਤੋਂ ਵੀ ਤੋਬਾ ਹੁੰਦੀ ਹੈ .
ਉਂਜ ਫ਼ਿਲਮ ਖੁਦਕੁਸ਼ੀਆਂ ਤੋਂ ਬਚਾਅ ਲਈ ਕਿਸੇ ਹੱਲ ਵੱਲ ਇਸ਼ਾਰਾ ਨਹੀਂ ਕਰਦੀ .
ਬਹੁਤ ਹੀ ਸਾਦੇ ਜਿਹੇ ਪੇਂਡੂ ਸੈੱਟ'ਤੇ ਸ਼ੂਟ ਕੀਤੀ ਗਈ ਇਹ ਫ਼ਿਲਮ ਦੀ ਸਟਾਰ ਕਾਸਟ ਵਿਚ ਰਾਜ ਕੌਰ , ਪਵਨ ਕਾਹਲੋਂ , ਪਲਜਿੰਦਰ ਭੰਗੂ , ਰਜਿੰਦਰ ਕੌਰ ਡੇਵਿਡ ਸ਼ੋਕਰ , ਅਮਲੀ ਡੌਨ , ਰੱਤਾ ਅਮਲੀ , ਮਨੀਸ਼ਾ ਵਰਮਾ ਅਤੇ ਮਹਿਕ ਪ੍ਰੀਤ ਕੌਰ ਸ਼ਾਮਲ ਹਨ .
ਇੱਕ ਰਿਕਾਰਡਜ਼ ਵੱਲੋਂ ਤਿਆਰ ਕੀਤੀ ਗਈ ਇਸ ਫ਼ਿਲਮ ਦਾ ਪਲੇਠਾ ਸ਼ੋ ਪਹਿਲੀ ਅਕਤੂਬਰ ਨੂੰ ਦੁਬਈ ਵਿਚ ਵਿਚ ਕੀਤਾ ਗਿਆ ਜਿਸ ਨੂੰ ਦੁਬਈ ਦੀ ਨਾਮਵਰ ਮਾਰਕੀਟਿੰਗ ਅਤੇ ਐਡਵਰਟਾਈਜ਼ਿੰਗ ਕੰਪਨੀ ਪਲਾਨ ਬੀ ਦੇ ਚੇਅਰਮੈਨ ਹਰਮੀਕ ਸਿੰਘ ਵੱਲੋਂ ਸਪਾਂਸਰ ਕੀਤਾ ਗਿਆ . ਇਸ ਮੌਕੇ ਫ਼ਿਲਮ ਦੀ ਸਾਰੀ ਸਟਾਰ ਕਾਸਟ ਮੌਜੂਦ ਸੀ . ਗੁਰਦਵਾਰਾ ਸਾਹਿਬ ਦੁਬਈ ਵਿਚ ਅਰਦਾਸ ਕਰਨ ਤੋਂ ਬਾਅਦ ਇਸ ਦਾ ਪ੍ਰੀਮੀਅਰ ਕੀਤਾ ਗਿਆ .
ਫ਼ਿਲਮ ਦੇ ਡਾਇਲਾਗ ਅਤੇ ਸਕ੍ਰਿਪਟ ਲਿਖਣ ਵਾਲੇ ਅੰਗਰੇਜ਼ ਸਿੰਘ ਕੰਗ ਨੇ ਬਾਬੂਸ਼ਾਹੀ ਡਾਟ ਕਾਮ ਨੂੰ ਦੱਸਿਆ ਕਿ ਇਸ ਮੌਕੇ ਜਿਓਤੀ ਡਾਗਰ , ਸੁਖਦੇਵ ਸਿੰਘ ਸੰਧੂ , ਬੇਅੰਤ ਸਿੰਘ ਸੰਧੂ ,, ਅੰਮ੍ਰਿਤ ਪੰਨੂ ,ਗੁਰਪ੍ਰੀਤ ਸਿੰਘ ਅਲਗੋਜ਼ਾ , ਹਰਦੀਪ ਸਿੰਘ ਸੱਗੂ , ਮਨਪ੍ਰੀਤ ਸਿੰਘ ਖ਼ਾਲਸਾ ਅਤੇ ਹੰਸ ਪ੍ਰੀਤ ਸਿੰਘ ਖ਼ਾਲਸਾ ਵੀ ਮੌਜੂਦ ਸਨ .
ਉਨ੍ਹਾਂ ਦੱਸਿਆ ਕਿ ਇਸ ਫ਼ਿਲਮ ਨੂੰ ਵਿੱਦਿਅਕ ਅਦਾਰਿਆਂ ਵਿਚ ਦਿਖਾਏ ਜਾਣ ਦੀ ਤਜਵੀਜ਼ ਹੈ ਤਾਂ ਕਿ ਖੁਦਕੁਸ਼ੀਆਂ ਦੇ ਰੁਝਾਨ ਨੂੰ ਠੱਲ੍ਹ ਪਾਉਣ ਦਾ ਯਤਨ ਕੀਤਾ ਜਾਵੇ .
ਇਸ ਫਿਲਮ ਦੇ ਸਬ ਟਾਈਟਲ ਅੰਗਰੇਜ਼ੀ ਵਿਚ ਹਨ , ਇਸ ਤਰਾਂ ਇਸ ਫਿਲਮ ਦੀ ਪਹੁੰਚ ਦੁਨੀਆ ਭਰ ਵਿਚ ਅੰਗਰੇਜ਼ੀ ਸਮਝਣ ਵਾਲੇ ਲੋਕਾਂ ਤਕ ਵੀ ਹੋ ਜਾਵੇਗੀ .