ਡੈਲਸ (ਅਮਰੀਕਾ) ਵਿਖੇ ਮਨਾਏ ਗਏ ਤੀਆਂ ਦੇ ਤਿਉਹਾਰ ਦੀਆਂ ਝਲਕਾਂ
ਡੈਲਸ (ਅਮਰੀਕਾ), 18 ਅਗਸਤ, 2017 : ਪੰਜਾਬੀ ਕਲਚਰ ਐਸੋਸੀਏਸ਼ਨ ਆਫ ਨੌਰਥ ਟੈਕਸਸ (ਪੀਕਾਟ) ਵੱਲੋਂ ਇਥੋਂ ਦੇ ਮਸ਼ਹੂਰ ਸ਼ਹਿਰ ਗਾਰਲੈਂਡ ਦੇ ਰੋਮਾ ਪੈਲੇਸ ਵਿਚ 'ਤੀਆਂ' ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਡੈਲਸ ਵਸਦੇ ਪਰਵਾਸੀ ਭਾਰਤੀ ਪੰਜਾਬ ਦੇ ਇਸ ਰਵਾਇਤੀ ਤਿਉਹਾਰ ਦੇ ਰੰਗ ਵਿੱਚ ਪੂਰੀ ਤਰ੍ਹਾਂ ਰੰਗੇ ਗਏ। ਇਸ ਤਿਉਹਾਰ ਵਿੱਚ ਪੰਜਾਬੀ ਵਿਰਸੇ ਦੀ ਰੰਗਲੀ ਤਸਵੀਰ ਨਜ਼ਰ ਆ ਰਹੀ ਸੀ।
ਇਸ ਸਮਾਗਮ ਦੀ ਖਾਸੀਅਤ ਇਹ ਰਹੀ ਕਿ ਛੋਟੀਆਂ ਬੱਚੀਆਂ ਤੋਂ ਵੱਡੀ ਉਮਰ ਦੀਆਂ ਔਰਤਾਂ ਤੱਕ ਹਰ ਉਮਰ ਵਰਗ ਦੀ ਵੱਡੀ ਹਾਜ਼ਰੀ ਦੇਖਣ ਨੂੰ ਮਿਲੀ। ਸੰਧੂਰੀ ਰੰਗ ਵਿਚ ਲਬਰੇਜ਼ ਬੱਚੀਆਂ, ਕੁੜੀਆਂ ਅਤੇ ਬੀਬੀਆਂ ਨੇ ਫਲਕਾਰੀਆਂ, ਘੱਗਰੇ ਤੇ ਰੰਗ-ਬਰੰਗੀਆਂ ਪੁਸ਼ਾਕਾਂ ਪਹਿਨ ਕੇ ਸ਼ਿਰਕਤ ਕੀਤੀ ਜਿਸ ਨਾਲ ਸਮਾਮਗ ਨੂੰ ਚਾਰ ਚੰਨ ਲੱਗੇ। 'ਤੀਆਂ' ਦਾ ਤਿਉਹਾਰ ਦਾ ਇਹ ਮੇਲਾ ਕਰੀਬ ਸ਼ਾਮ 4 ਵਜੇ ਸ਼ੁਰੂ ਹੋਇਆ ਅਤੇ ਰਾਤ ਦੇ 10 ਵਜੇ ਤੱਕ ਪੂਰੇ ਜ਼ੋਬਨ 'ਤੇ ਰਿਹਾ।
ਪੀਕਾਟ ਗਰੁੱਪ ਵਲੋਂ ਕਰਵਾਏ ਗਏ ਮੁਕਾਬਲੇ ਵਿਚ ਤਿੰਨ ਵੱਖ-ਵੱਖ ਉਮਰ ਵਰਗਾਂ ਦੇ ਮੁਕਾਬਲੇ ਵੀ ਕਰਵਾਏ ਗਏ। 'ਮਿਸ ਪੰਜਾਬਣ' ਦਾ ਖਿਤਾਬ ਮਨਵੀਰ ਨਿੱਝਰ ਨੇ ਬਹੁਤ ਹੀ ਸਖਤ ਮੁਕਾਬਲੇ ਵਿੱਚ ਜਿੱਤਿਆ ਜਦੋਂ ਕਿ 'ਮਿਸਿਜ ਪੰਜਾਬਣ' ਦਾ ਖਿਤਾਬ ਮਨਪ੍ਰੀਤ ਸੇਖੋਂ ਅਤੇ 'ਮਾਂ ਪੰਜਾਬਣ ਦਾ' ਖਿਤਾਬ ਬਲਵਿੰਦਰ ਕੌਰ ਬਾਜਵਾ (ਉਮਰ 85 ਸਾਲ) ਨੇ ਜਿੱਤਿਆ। ਖਾਣ-ਪੀਣ ਦੀਆਂ ਆਈਟਮਾਂ ਵਿੱਚ ਗਰਮ ਸ਼ੀਰੇ 'ਚ ਗੜੁੱਚ ਜਲੇਬੀਆਂ ਸਭ ਤੋਂ ਖਿੱਚ ਦਾ ਕੇਂਦਰ ਰਹੀਆਂ। ਸਟੇਜ ਸੰਚਾਲਨ ਦੀ ਭੂਮਿਕਾ ਏਕਰੂਪ ਕੌਰ ਅਤੇ ਮਨਦੀਪ ਢਿੱਲੋਂ ਨੇ ਬਾਖੂਬੀ ਨਿਭਾਈ। ਹਰਜਿੰਦਰ ਕੌਰ ਜੌਹਲ, ਕੁਲਵਿੰਦਰ ਢਿੱਲੋਂ, ਕੁਲਵੰਤ ਸੰਧੂ ਦੀਆਂ ਕੋਸ਼ਿਸ਼ਾਂ ਸਦਕਾਂ ਅਮਰੀਕਾ ਵਿੱਚ ਮਨਾਇਆ ਤੀਆਂ ਦਾ ਤਿਉਹਾਰ ਪੰਜਾਬ ਦੀ ਪੂਰੀ ਝਾਕੀ ਪੇਸ਼ ਕਰ ਗਿਆ।
ਸਮਾਗਮ ਦੇ ਅੰਤ ਵਿੱਚ ਬੋਲਦਿਆਂ ਪੀਕਾਟ ਦੇ ਪ੍ਰਧਾਨ ਮਨਜੀਤ ਜੌਹਲ, ਜਸਮੇਲ ਸਿੰਘ ਸੰਧੂ ਤੇ ਅਮਰਜੀਤ ਸਿੰਘ ਢਿੱਲੋਂ ਨੇ ਜਿੱਥੇ ਤੀਆਂ ਦੇ ਇਸ ਤਿਉਹਾਰ ਨੂੰ ਵੱਡੇ ਪੱਧਰ 'ਤੇ ਹਿੱਸਾ ਲੈਣ ਵਾਲਿਆਂ ਨੂੰ ਵਧਾਈ ਦਿੱਤੀ ਉਥੇ ਸਮਾਗਮ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਸੁਰਿੰਦਰ ਮੈਸੀ, ਮਨਪ੍ਰੀਤ ਵਾਲੀਆ, ਸੋਢੀ ਮੰਡੇਰਾ, ਦੀਪ ਧਾਲੀਵਾਲ, ਜਸਬੀਰ ਤੱਖਰ, ਹਰਿੰਦਰ ਸਿੰਘ ਬਰਾੜ, ਪ੍ਰਸ਼ਿੰਦਰ ਸਿੰਘ, ਹਰਨੇਕ ਬਾਸੀ, ਕਿਰਨਪਾਲ ਸਿੰਘ, ਅੰਮ੍ਰਿਤਾ ਟ੍ਰੈਵਲ, ਜੱਸੀ ਤੂਰ, ਲਾਲੀ ਤੂਰ, ਪੰਜਾਬੀ ਮੀਡਿਆ ਗਰੁੱਪ ਅਤੇ ਫੰਨ ਏਸ਼ੀਆ ਦਾ ਧੰਨਵਾਦ ਵੀ ਕੀਤਾ।