ਕੈਲੀਫੋਰਨੀਆ/ਸੈਕਰਾਮੈਂਟੋ, 15 ਅਗਸਤ, 2017 : ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਵੱਲੋਂ ਸਾਲਾਨਾ ਤੀਆਂ ਦਾ ਮੇਲਾ ਐਲਕ ਗਰੋਵ ਪਾਰਕ ਵਿਖੇ ਮਨਾਇਆ ਗਿਆ। ਇਸ ਦੌਰਾਨ ਹਜ਼ਾਰਾਂ ਔਰਤਾਂ ਦੀ ਸ਼ਮੂਲੀਅਤ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਪੰਜਾਬ ਵਾਂਗ ਦਰੱਖਤਾਂ ਦੀ ਛਾਂ ਹੇਠ ਮਨਾਈਆਂ ਗਈਆਂ ਇਨ੍ਹਾਂ ਤੀਆਂ ਵਿਚ ਨਿੱਕੀਆਂ ਬੱਚੀਆਂ ਤੋਂ ਲੈ ਕੇ ਬਜ਼ੁਰਗਾਂ ਔਰਤਾਂ ਨੇ 6 ਘੰਟੇ ਚੱਲੇ ਇਸ ਮੇਲੇ ਵਿਚ ਸਟੇਜ ਤੋਂ ਆਪਣੀ ਕਲਾ ਦੇ ਜੌਹਰ ਦਿਖਾਏ। ਇਸ ਵਾਰ ਸਟੇਜ ਨੂੰ ਖਾਸ ਤੌਰ 'ਤੇ ਸਜਾਇਆ ਗਿਆ ਸੀ। ਲਾਵਾਂ-ਫੇਰੇ ਡੈਕੋਰੇਸ਼ਨ, ਸੈਕਰਾਮੈਂਟੋ ਦੇ ਸਹਿਯੋਗ ਨਾਲ ਇਸ ਸਟੇਜ ਨੂੰ ਇਕ ਪਿੰਡ ਦੀ ਦਿੱਖ ਦਿੱਤੀ ਗਈ ਸੀ। ਇਨ੍ਹਾਂ ਤੀਆਂ ਦੇ ਮੇਲੇ ਵਿਚ ਪੀਂਘਾਂ ਝੂਟਣ ਦਾ ਆਪਣਾ ਹੀ ਨਜ਼ਾਰਾ ਹੁੰਦਾ ਹੈ। ਛਾਂਦਾਰ ਦਰੱਖਤਾਂ ਹੇਠ ਲੱਗੀਆਂ ਪੀਂਘਾਂ ਝੂਟ ਕੇ ਕੁੜੀਆਂ, ਚਿੜੀਆਂ, ਮਾਵਾਂ, ਭੈਣਾਂ, ਧੀਆਂ ਸਾਉਣ ਮਹੀਨੇ ਦਾ ਚਾਅ ਪੂਰਾ ਕਰਦੀਆਂ ਹਨ।
'ਤੀਆਂ ਤੀਜ ਦੀਆਂ' ਦੇ ਨਾਂ ਹੇਠ ਹੋਏ ਇਸ ਮੇਲੇ ਵਿਚ ਸਭ ਤੋਂ ਪਹਿਲਾਂ ਸਿੱਠਣੀਆਂ, ਸੁਹਾਗ, ਬੋਲੀਆਂ, ਘੋੜੀਆਂ ਅਤੇ ਟੱਪੇ ਗਾਏ ਗਏ। ਉਪਰੰਤ ਇਨ੍ਹਾਂ ਤੀਆਂ ਦੀਆਂ ਪ੍ਰਬੰਧਕਾਂ ਪਿੰਕੀ ਰੰਧਾਵਾ ਅਤੇ ਪਰਨੀਤ ਗਿੱਲ ਨੇ ਆਏ ਹੋਏ ਦਰਸ਼ਕਾਂ ਦਾ ਸਵਾਗਤ ਕੀਤਾ। ਸਟੇਜ ਦੀ ਮੱਲਿਕਾ ਆਸ਼ਾ ਸ਼ਰਮਾ ਨੇ 6 ਘੰਟੇ ਲਗਾਤਾਰ ਸਟੇਜ ਦਾ ਬਾਖੂਬੀ ਸੰਚਾਲਨ ਕੀਤਾ। ਉਨ੍ਹਾਂ ਨੇ ਹਰ ਕਲਾਕਾਰ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਦਰਸ਼ਕਾਂ ਸਾਹਮਣੇ ਰੂ-ਬ-ਰੂ ਕੀਤਾ। ਪਰਨੀਤ ਸਿੱਧੂ, ਗੂੰਜਨ, ਸਿਮਰਨ ਸੰਘੇੜਾ, ਗਗਨ ਭੱਠਲ, ਅਵਨੀਤ ਚੀਮਾ ਦੀ ਕੋਚਿੰਗ ਹੇਠ ਵੱਖ-ਵੱਖ ਟੀਮਾਂ ਨੇ ਆਪਣੀ ਪੇਸ਼ਕਾਰੀ ਕੀਤੀ।
ਕੁਲਦੀਪ ਮਾਣਕ ਦੀ ਬੇਟੀ ਸ਼ਕਤੀ ਮਾਣਕ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਸੰਸਥਾ ਵੱਲੋਂ ਉਸ ਨੂੰ ਇਕ ਸਨਮਾਨ ਚਿੰਨ੍ਹ ਅਤੇ ਫੁਲਕਾਰੀ ਭੇਂਟ ਕੀਤੀ ਗਈ। ਪੂਨਮ ਮਲਹੋਤਰਾ, ਟਿੰਮੀ ਤੱਖਰ, ਮਨਿੰਦਰ ਸੰਧੂ ਅਤੇ ਡਾ. ਦਲਜੀਤ ਸੇਖੋਂ ਨੇ ਪੰਜਾਬੀ ਸੱਭਿਆਚਾਰਕ ਗੀਤ ਸੁਣਾ ਕੇ ਦਰਸ਼ਕਾਂ ਤੋਂ ਵਾਹ-ਵਾਹ ਖੱਟੀ।
ਇਸ ਮੇਲੇ ਵਿਚ ਖਾਣ-ਪੀਣ ਤੋਂ ਇਲਾਵਾ ਕੱਪੜੇ, ਗਹਿਣੇ, ਮਹਿੰਦੀ, ਦੇਸੀ ਜੁੱਤੀਆਂ ਆਦਿ ਦੇ ਸਟਾਲ ਲਗਾਏ ਗਏ ਸਨ। ਕੈਲੀਫੋਰਨੀਆ ਭਰ ਤੋਂ ਆਏ 30 ਦੇ ਕਰੀਬ ਸਟਾਲ ਲੱਗਣ ਨਾਲ ਇਹ ਪੰਜਾਬ ਦਾ ਭੁਲੇਖਾ ਪਾਉਂਦੇ ਸਨ। ਬੀਬੀਆਂ ਨੇ ਇਥੋਂ ਹੱਦੋਂ ਵੱਧ ਖਰੀਦੋ-ਫਰੋਖਤ ਕੀਤੀ। ਸਤਬੀਰ ਸਿੰਘ ਬਾਜਵਾ ਅਤੇ ਪਰਿਵਾਰ ਵੱਲੋਂ ਮੁਫਤ ਪਾਣੀ, ਸੋਢੇ ਅਤੇ ਜੂਸ ਦੀ ਛਬੀਲ ਲਗਾਈ ਗਈ ਸੀ, ਜਿਸ ਕਰਕੇ ਇਥੇ ਆਈਆਂ ਹਜ਼ਾਰਾਂ ਔਰਤਾਂ ਗਰਮੀ ਤੋਂ ਬਚੀਆਂ ਰਹੀਆਂ। ਫਲਮਿੰਗੋ ਪੈਲੇਸ ਵੱਲੋਂ ਖਾਣ-ਪੀਣ ਦਾ ਸਟਾਲ ਲਾਇਆ ਗਿਆ ਸੀ। ਪ੍ਰਬੰਧਕਾਂ ਵੱਲੋਂ ਦਰਸ਼ਕਾਂ ਦੇ ਬੈਠਣ ਦਾ ਬਹੁਤ ਹੀ ਵਧੀਆ ਇੰਤਜ਼ਾਮ ਕੀਤਾ ਗਿਆ ਸੀ।
ਕੈਲੀਫੋਰਨੀਆ ਦੇ ਕਮਿਸ਼ਨਰ ਸਵ. ਸ਼੍ਰੀ ਲਾਹੌਰੀ ਰਾਮ ਦੀ ਪਤਨੀ ਪ੍ਰੀਤੋ ਰਾਮ ਇਨ੍ਹਾਂ ਤੀਆਂ ਦੇ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਨ੍ਹਾਂ ਤੀਆਂ ਲਈ ਡਾ. ਪਰਮਜੀਤ ਤੱਖਰ (ਐੱਮ.ਡੀ. ਅਤੇ ਡਾ. ਤੱਖਰ ਮੈਡੀਕਲ ਸਪਾ), ਗੁੱਡੀ ਤੱਖਰ, ਇੰਡੀਅਨ ਕੇਅਰ ਐਸੋਸੀਏਸ਼ਨ ਫੇਅਰਫੀਲਡ ਅਤੇ ਗੁਲਿੰਦਰ ਗਿੱਲ ਗਰੈਂਡ ਸਪਾਂਸਰ ਸਨ। ਇਸ ਤੋਂ ਇਲਾਵਾ ਸਤਬੀਰ ਸਿੰਘ ਬਾਜਵਾ, ਧੀਰਾ ਨਿੱਜਰ (ਕੈਂਪ ਲੋਜੀਸਟਿਕ), ਦਵਿੰਦਰ ਸਿੰਘ (ਯੂ.ਐੱਸ. ਟਰੱਕ ਐਂਡ ਟਰੇਲਰ ਰਿਪੇਅਰ), ਬਕਸ਼ੋ ਕੌਰ ਵੀਸਲਾ (ਐੱਲ.ਏ. ਮਰਚਨਡਾਇਸ, ਯੂਬਾ ਸਿਟੀ), ਸੁਖਦੇਵ ਸਿੰਘ ਢਿੱਲੋਂ (ਰੇਡੀਓ ਪੰਜਾਬ), ਮਾਈਕਲ ਬਾਠਲਾ (ਮਾਰਸ ਵਨ ਟੈਕਸ), ਸ਼ੇਰੂ ਭਾਟੀਆ (ਪੀਟਸ), ਸ਼ਿਕਾਗੋ ਪੀਜ਼ਾ, ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਗੁਰਬੀਰ ਰੰਧਾਵਾ, ਪਰਦੀਪ ਪਾਲ (ਫਲਮਿੰਗੋ ਪੈਲੇਸ), ਭੁਪਿੰਦਰ ਸੰਘੇੜਾ, ਜਸਮੇਲ ਸਿੰਘ ਚਿੱਟੀ (ਫਾਈਵ ਸਟਾਰ ਟੋਇੰਗ ਇੰਕ.), ਜੌਨੀ (ਬੱਗਾ ਜਿਊਲਰਜ਼), ਸਤਿੰਦਰ ਪਾਲ ਹੇਅਰ, ਹਰਜਿੰਦਰ ਧਾਮੀ, ਗੁਰਪਾਲ ਡਡਵਾਲ, ਹੁਸ਼ਿਆਰ ਸਿੰਘ ਡਡਵਾਲ, ਸੰਦੀਪ ਸਿੰਘ ਢਾਂਡਾ (ਵੈਲਸ ਫਰਗੋ), ਅਮਿਤ ਪਾਲ, ਸ਼ਸ਼ੀ ਪਾਲ, ਅਪਾਪਾ, ਗੁਰਜਤਿੰਦਰ ਸਿੰਘ ਰੰਧਾਵਾ (ਰਿਐਲਟਰ) ਸਪਾਂਸਰ ਸਨ।
ਮੇਲੇ ਵਿਚ ਐਲਕ ਗਰੋਵ ਦੇ ਮੇਅਰ ਸਟੀਵ ਲੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਨੇ ਪੰਜਾਬੀ ਭਾਈਚਾਰੇ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਐਲਕ ਗਰੋਵ ਸਿਟੀ ਵੱਲੋਂ ਅਗਸਤ ਨੂੰ ਵੱਖ-ਵੱਖ ਨਸਲਾਂ ਦੇ ਭਾਈਚਾਰੇ ਵੱਲੋਂ ਸੱਭਿਆਚਾਰਕ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ। ਇਸ ਕਰਕੇ ਤੀਆਂ ਦੇ ਇਸ ਮੇਲੇ ਨੂੰ ਸਿਟੀ ਦੇ ਕੈਲੰਡਰ ਦੇ ਪ੍ਰੋਗਰਾਮ ਵਿਚ ਜੋੜਿਆ ਗਿਆ ਸੀ। ਇਸ ਤੋਂ ਇਲਾਵਾ ਸਾਬਕਾ ਸਟੇਟ ਸੈਨੇਟਰ ਰੋਜਰ ਡਿਕਨਸਨ ਅਤੇ ਡੇਵਿਸ ਤੋਂ ਨਕੋਲ ਵਿਸ਼ੇਸ਼ ਤੌਰ 'ਤੇ ਪਧਾਰੇ ਅਤੇ ਪ੍ਰਬੰਧਕਾਂ ਨੂੰ ਇਸ ਕਾਮਯਾਬ ਮੇਲੇ ਲਈ ਵਧਾਈ ਦਿੱਤੀ।
ਇਸ ਮੇਲੇ ਨੂੰ ਕਾਮਯਾਬ ਕਰਨ ਲਈ ਪਿੰਕੀ ਰੰਧਾਵਾ ਅਤੇ ਪਰਨੀਤ ਗਿੱਲ ਨੂੰ ਪਰਮਜੀਤ ਬਾਜਵਾ, ਪ੍ਰੀਤ ਝਾਵਰ, ਸੰਦੀਪ ਨਿੱਜਰ, ਕਿਸਮਤ ਸੰਘੇੜਾ, ਕੰਤੀ ਰੰਧਾਵਾ, ਕਿਰਨ ਬਾਜਵਾ, ਅਮਰਜੀਤ ਚਿੱਟੀ, ਅਮਰਬੀਰ ਕੌਰ ਨੇ ਸਹਿਯੋਗ ਦਿੱਤਾ।