ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 14 ਅਗਸਤ, 2017 : ਨਿਊਜ਼ੀਲੈਂਡ ਦੇ ਵਿਚ ਆਮ ਚੋਣਾਂ ਲਈ ਪਾਰਟੀ ਪ੍ਰਚਾਰ ਦੇ ਚਲਦਿਆਂ ਜਿੱਥੇ ਰਾਜਨੀਤਕ, ਆਰਥਿਕ, ਸਮਾਜਿਕ ਅਤੇ ਪ੍ਰਵਾਸੀ ਮਾਮਲਿਆਂ ਉਤੇ ਰਾਜਸੀ ਪਾਰਟੀਆਂ ਆਪਣੀਆਂ ਨਵੀਂਆਂ ਨੀਤੀਆਂ ਦੇ ਐਲਾਨ ਨਾਲ ਆਪਣੀ ਚੰਗੀ-ਮਾੜੀ ਨੀਅਤ ਪ੍ਰਗਟ ਕਰ ਰਹੀਆਂ ਹਨ ਉਥੇ ਅੰਮ੍ਰਿਤਧਾਰੀ ਸਿੱਖਾਂ ਵੱਲੋਂ ਜਨਤਕ ਥਾਵਾਂ ਉੇਤ 10 ਸੈਂਟੀਮੀਟਰ ਲੰਬੀ ਕਿਰਪਾਨ (ਸਿਰੀ ਸਾਹਿਬ) ਪਹਿਨਣ ਦੀ ਕਾਨੂੰਨੀ ਮਾਨਤਾ ਮਿਲਣ ਉਤੇ ਵੀ ਮਾਹੌਲ ਗਰਮਾ ਰਿਹਾ ਹੈ। ਬੀਤੇ ਦਿਨੀਂ ਨੈਸ਼ਨਲ ਪਾਰਟੀ ਦੇ ਇਕੋ ਇਕ ਸਰਦਾਰ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨੇ ਫੰਡ ਰੇਜਿੰਗ ਕੀਤੀ ਸੀ, ਜਿਸ ਦੇ ਵਿਚ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਸ੍ਰੀ ਬਿਲ ਇੰਗਲਿਸ਼ ਨੇ ਇਹ ਵਾਅਦਾ ਕੀਤਾ ਸੀ ਕਿ ਜੇਕਰ ਨੈਸ਼ਨਲ ਸਰਕਾਰ ਦੁਬਾਰਾ ਆਉਂਦੀ ਹੈ ਤਾਂ ਉਹ ਪਾਰਲੀਮੈਂਟ ਦੇ ਵਿਚ ਡਰਾਫਟ ਦੇ ਰੂਪ ਵਿਚ ਪਿਆ ਸ. ਬਖਸ਼ੀ ਦਾ ਮੈਂਬਰਜ਼ ਬਿੱਲ ਪਾਸ ਕਰਵਾਏਗੀ। ਪ੍ਰਧਾਨ ਮੰਤਰੀ ਨੇ ਇਸ ਮਾਮਲੇ ਵਿਚ ਹਾਂ ਕਰ ਦਿੱਤੀ ਸੀ ਅਤੇ ਸਿੱਖਾਂ ਵਿਚ ਖੁਸ਼ੀ ਪਾਈ ਜਾ ਰਹੀ ਸੀ।
ਇਸ ਐਲਾਨ ਦੇ ਉਤੇ ਜਨਵਾਦੀ ਰਾਜਸੀ ਪਾਰਟੀ 'ਨਿਊਜ਼ੀਲੈਂਡ ਫਸਟ' ਦੇ ਮੌਜੂਦਾ ਨੇਤਾ ਅਤੇ ਕਿਸੇ ਸਮੇਂ (16 ਦਸੰਬਰ 1996 ਤੋਂ 14 ਅਗਸਤ 1998) ਦੇਸ਼ ਦੇ ਉਪ ਪ੍ਰਧਾਨ ਮੰਤਰੀ ਰਹੇ ਸ੍ਰੀ ਵਿਨਸਨ ਪੀਟਰ ਨੇ ਮੋੜਵਾਂ ਨਾਂਹ ਦੇ ਵਿਚ ਜਵਾਬ ਦਿੰਦਿਆ ਅੱਜ ਆਪਣੇ ਫੇਸ ਬੁੱਕ ਪੇਜ਼ ਉਤੇ ਲਿਖਿਆ ਹੈ ਕਿ ਜੇਕਰ ਸਿੱਖਾਂ ਨੂੰ ਕਿਰਪਾਨ ਪਹਿਨਣ ਦੀ ਕਾਨੂੰਨੀ ਮਾਨਤਾ ਦਿੱਤੀ ਜਾਂਦੀ ਹੈ ਤਾਂ ਫਿਰ ਮਾਓਰੀ ਲੋਕਾਂ ਦਾ ਪ੍ਰੰਪਰਾਗਤ ਹਥਿਆਰ 'ਟਾਏਹਾ' (ਲੱਕੜ ਜਾਂ ਹੱਡੀ ਆਦਿ ਤੋਂ ਬਣੀ 5 ਤੋਂ 6 ਫੁੱਟ ਦੀ ਤਿੱਖੇ ਬਰਛੇ ਦੇ ਮੂੰਹ ਵਰਗਾ ਹਥਿਆਰ) ਬਾਰੇ ਵੀ ਸਰਕਾਰ ਨੂੰ ਕੁਝ ਜਵਾਬ ਦੇਣਾ ਪਵੇਗਾ। ਅਸਿੱਧੇ ਤੌਰ 'ਤੇ ਮਤਲਬ ਇਹ ਸੀ ਕਿ ਜੇਕਰ ਕਿਰਪਾਨ ਪਹਿਨਣ ਦੀ ਇਜ਼ਾਜਤ ਹੋ ਜਾਂਦੀ ਹੈ ਤਾਂ ਬਾਕੀ ਕੌਮਾਂ ਦੇ ਲੋਕ ਵੀ ਆਪਣੇ-ਆਪਣੇ ਮੱਤ ਅਨੁਸਾਰ ਅਜਿਹੀ ਮੰਗ ਕਰਨਗੇ। ਉਨ੍ਹਾਂ ਲਿਖਿਆ ਕਿ ਹਿੰਦੂ ਵੀ ਫਿਰ ਤ੍ਰਿਸ਼ੂਲ ਰੱਖਣ ਦੀ ਇਜ਼ਾਜਤ ਮੰਗਣਗੇ। ਉਨ੍ਹਾਂ ਸਾਫ ਲਿਖ ਕੇ ਆਪਣੀ ਪੋਸਟ ਦਾ ਅੰਤ ਕੀਤਾ ਕਿ ਜੇਕਰ ਨਿਊਜ਼ੀਲੈਂਡ ਰਹਿਣਾ ਹੈ ਤਾਂ ਇਥੇ ਦਾ ਕਾਨੂੰਨ ਲਾਗੂ ਹੋਵੇਗਾ।
ਫੇਸਬੁੱਕ 'ਤੇ ਲੋਕਾਂ ਕੀਤੀਆਂ ਨਸਲੀ ਟਿੱਪਣੀਆਂ: ਵਿਨਸਨ ਪੀਟਰ ਦੀ ਫੇਸਬੁੱਕ ਪੋਸਟ ਉਤੇ ਲੋਕਾਂ ਨੇ ਨਸਲੀ ਟਿਪਣੀਆਂ ਦੀ ਹਨ੍ਹੇਰੀ ਲਿਆਂਦੀ ਹੋਈ ਹੈ। ਗਾਲਾਂ ਤੋਂ ਲੈ ਕੇ ਸਿੱਧੇ ਰੂਪ ਵਿਚ ਕਿਹਾ ਜਾ ਰਿਹਾ ਹੈ ਕਿ ਜੇਕਰ ਇਥੇ ਰਹਿਣਾ ਹੈ ਤਾਂ ਇਥੇ ਦੇ ਕਾਨੂੰਨ ਅਨੁਸਾਰ ਚੱਲਣਾ ਪਏਗਾ। ਕਈਆਂ ਨੇ ਇਸ ਗੱਲ ਦੀ ਵਕਾਲਤ ਕੀਤੀ ਹੈ ਕਿ ਸਿੱਖਾਂ ਨੇ ਕਦੀ ਵੀ ਇਥੇ ਕਿਰਪਾਨ ਦੀ ਹਥਿਆਰ ਵਜੋਂ ਵਰਤੋਂ ਨਹੀਂ ਕੀਤੀ। ਲੋਕਾਂ ਨੇ ਨਸਲਵਾਦੀ ਹੋਣ ਦਾ ਸਬੂਤ ਦਿੰਦਿਆ ਧੜਾ-ਧੜ ਇਸ ਪੋਸਟ ਨੂੰ ਸ਼ੇਅਰ ਵੀ ਕੀਤਾ ਹੈ।
ਐਕਟ ਪਾਰਟੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਉਹ ਕਿਰਪਾਨ ਦੇ ਬਿੱਲ ਉਤੇ ਸਿੱਖਾਂ ਦੇ ਹੱਕ ਵਿਚ ਨਿੱਤਰੇਗੀ। ਪਾਰਟੀ ਨੇਤਾ ਨੇ ਕਿਹਾ ਕਿ ਨਿਊਜ਼ੀਲੈਂਡ ਫਸਟ ਦੇ ਵਿਚ ਭਾਰਤੀ ਸੰਸਦ ਮੈਂਬਰ ਸ੍ਰੀ ਮਹੇਸ਼ ਬਿੰਦਰਾ ਆਪਣੇ ਨੇਤਾ ਵਿਨਸਨ ਪੀਟਰ ਨੂੰ ਕਿਰਪਾਨ ਬਾਰੇ ਜਾਣਕਾਰੀ ਦੇਣ ਅਤੇ ਸਿੱਖ ਧਰਮ ਵਿਚ ਇਸਨੂੰ ਪਹਿਨਣ ਦੀ ਧਾਰਮਿਕ ਮਹੱਤਤਾ ਦੱਸਣ ਤੋਂ ਅਸਮਰਥ ਰਹੇ ਹਨ।