ਬਰੈਂਪਟਨ 25 ਜੁਲਾਈ 2017 : 2018 ਵਿੱਚ ਹੋਣ ਵਾਲੀਆਂ ਪ੍ਰੋਵਿੰਸ਼ੀਅਲ ਚੋਣਾਂ ਲਈ ਲਿਬਰਲ ਪਾਰਟੀ ਨੇ ਸੁਖਵੰਤ ਠੇਠੀ ਨੂੰ ਬਰੈਂਪਟਨ ਸਾਊਥ ਹਲਕੇ ਤੋਂ ਉਮੀਦਵਾਰ ਐਲਾਨਿਆ। ਨਾਮਜ਼ਦਗੀ ਲਈ ਹੋਈ ਇਕੱਤਰਤਾ ਵਿੱਚ ਸੈਂਕੜੇ ਲਿਬਰਲ ਹਮਾਇਤੀਆਂ ਦੀ ਹਾਜ਼ਰੀ ਵਿੱਚ ਹੋਏ ਇਸ ਐਲਾਨ ਮੌਕੇ ਪ੍ਰੀਮੀਅਰ ਕੈਥਲਿਨ ਵਿੱਨ, ਵਿੱਤ ਮੰਤਰੀ ਚਾਰਲਸ ਸੂਸਾ, ਫੈਡਰਲ ਮੰਤਰੀ ਨਵਦੀਪ ਬੈਂਸ, ਉਂਟੇਰੀਓ ਦੀ ਸੀਨੀਅਰਾਂ ਬਾਰੇ ਮੰਤਰੀ ਦੀਪਿਕਾ ਦਮੇਰਲਾ, ਐਮ ਪੀ ਸੋਨੀਆ ਸਿੱਧੂ, ਐਮ ਪੀ ਪੀ ਹਰਿੰਦਰ ਮੱਲ੍ਹੀ ਤੋਂ ਇਲਾਵਾ ਕਈ ਲੋਕਲ ਲਿਬਰਲ ਲੀਡਰ ਮੌਜੂਦ ਸਨ। ਨਾਮਜ਼ਦਗੀ ਪ੍ਰਕਿਰਿਆ ਦੇ ਪੱਖ ਤੋਂ ਵੇਖਿਆਂ ਇਹ ਸ਼ਾਇਦ ਉਨਟਾਰੀਉ ਸੂਬੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਹਲਕੇ ਤੋਂ ਉਮੀਦਵਾਰ ਐਲਾਨਣ ਵੇਲੇ ਰੈਲੀ ਨੁਮਾ ਇੱਕਤਰਤਾ ਦਾ ਇੰਤਜ਼ਾਮ ਕੀਤਾ ਗਿਆ ਹੋਵੇ। ਜਲੰਧਰ ਨੇੜੇ ਲੋਹਾਂਰਕਾਂ ਪਿੰਡ ਦੇ ਜੰਮਪਲ ਦੋ ਧੀਆਂ ਦੇ ਪਿਤਾ ਅਤੇ 1995 ਵਿੱਚ ਭਾਰਤ ਤੋਂ ਕੈਨੇਡਾ ਆਉਣ ਵਾਲੇ ਸੁਖਵੰਤ ਠੇਠੀ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਲਿਬਰਲ ਪਾਰਟੀ ਕੋਲ ਉਂਟੇਰੀਓ ਵਾਸੀਆਂ ਲਈ ਇਹ ਬਿਹਤਰ ਅਤੇ ਇਨਸਾਫ ਪਸੰਦ ਜੀਵਨ ਪ੍ਰਦਾਨ ਕਰਨ ਦੀ ਯੋਜਨਾ ਹੈ।
ਸੁਖਵੰਤ ਦੀ ਨਾਮਜ਼ਦਗੀ ਦਾ ਸੁਆਗਤ ਕਰਦੇ ਹੋਏ ਪ੍ਰੀਮੀਅਰ ਕੈਥਲਿਨ ਵਿੱਨ ਨੇ ਕਿਹਾ ਕਿ ਮੇਰੀ ਸਰਕਾਰ ਨੂੰ ਇਸ ਗੱਲ ਦਾ ਭਲੀਭਾਂਤ ਪਤਾ ਹੈ ਕਿ ਸੁਖਵੰਤ ਠੇਠੀ ਵਰਗੇ ਪ੍ਰਤਿਭਾਸ਼ਾਲੀ ਨੌਜਵਾਨਾਂ ਦੇ ਹੁਨਰਾਂ ਨੂੰ ਲੋਕ ਭਲਾਈ ਲਈ ਕਿਵੇਂ ਵਰਤਣਾ ਹੈ। ਉਹਨਾਂ ਨੇ ਕਿਹਾ ਕਿ ਸੁਖਵੰਤ ਬਰੈਂਪਟਨ ਵੈਸਟ ਲਈ ਇੱਕ ਬਿਹਤਰ ਐਮ ਪੀ ਪੀ ਸਾਬਤ ਹੋਵੇਗਾ।
ਇਸ ਮੌਕੇ ਵੱਖ ਵੱਖ ਲਿਬਰਲ ਬੁਲਾਰਿਆਂ ਵੱਲੋਂ ਪ੍ਰੋਵਿੰਸ਼ੀਅਲ ਕੰਜ਼ਰਵੇਟਿਵ ਪਾਰਟੀ ਵੱਲੋਂ ਹੈਮਿਲਟਨ ਏਰੀਆ ਤੋਂ ਇੱਕ ਦਸਤਾਰਧਾਰੀ ਸਿੱਖ ਨੌਜਵਾਨ ਨੂੰ ਟਿਕਟ ਨਾ ਦੇਣ ਦਾ ਵੀ ਮੁੱਦਾ ਜੋਰਸ਼ੋਰ ਨਾਲ ਚੁੱਕਿਆ ਗਿਆ। ਇਸ ਇੱਕਤਰਤਾ ਵਿੱਚ 6 ਤੋਂ 7 ਸੌ ਲਿਬਰਲ ਹਮਾਇਤੀ ਸ਼ਾਮਲ ਹੋਏ ਜੋ ਬਰੈਂਪਟਨ ਸਾਊਥ ਸਮੇਤ ਪੂਰੇ ਬਰੈਂਪਟਨ ਸ਼ਹਿਰ ਵਿੱਚ ਪੁੱਜੇ ਹੋਏ ਸਨ।