ਵਾਸ਼ਿੰਗਟਨ, 17 ਫਰਵਰੀ, 2017 : ਆਰਥਿਕ ਸੁਤੰਤਰਤਾ ਦੇ ਇਕ ਸਾਲਾਨਾ ਸੂਚਕ ਅੰਕ 'ਚ ਭਾਰਤ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ ਅਤੇ ਇਹ 143ਵੇਂ ਸਥਾਨ 'ਤੇ ਰਿਹਾ ਹੈ।
ਇਕ ਅਮਰੀਕੀ ਜਾਂਚ ਸੰਸਥਾ 'ਦਿ ਹੈਰੀਟੇਜ ਫਾਊਂਡੇਸ਼ਨ' ਦੀ ਇੰਡੈਕਸ ਆਫ ਇਕਨਾਮਿਕ ਫਰੀਡਮ' 'ਚ ਭਾਰਤ ਦੀ ਰੈਂਕਿੰਗ ਉਸ ਦੇ ਗੁਆਂਢੀ ਦੇਸ਼ ਪਾਕਿਸਤਾਨ ਸਮੇਤ ਕਈ ਦੱਖਣ ਏਸ਼ੀਆਈ ਦੇਸ਼ਾਂ ਤੋਂ ਪਿੱਛੇ ਹੈ। ਇਸ ਦਾ ਮੁੱਖ ਕਾਰਨ ਭਾਰਤ 'ਚ ਬਾਜ਼ਾਰ ਨੂੰ ਧਿਆਨ 'ਚ ਰੱਖ ਕੇ ਕੀਤੇ ਗਏ ਆਰਥਿਕ ਸੁਧਾਰਾਂ ਨਾਲ ਹੋਣ ਵਾਲੀ ਤਰੱਕੀ 'ਨਾਂਹ-ਬਰਾਬਰ' ਹੋਣਾ ਦੱਸਿਆ ਗਿਆ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਪਿਛਲੇ 5 ਸਾਲਾਂ 'ਚ ਔਸਤਨ 7 ਫ਼ੀਸਦੀ ਦੀ ਦਰ ਨਾਲ ਲਗਾਤਾਰ ਵਾਧਾ ਹੋਇਆ ਹੈ ਪਰ ਇਹ ਵਾਧਾ ਨੀਤੀਆਂ 'ਚ ਡੂੰਘਾਈ ਤੱਕ ਨਹੀਂ ਸਮਾਇਆ ਹੈ ਜਿਸ ਦੇ ਨਾਲ ਆਰਥਿਕ ਸੁਤੰਤਰਤਾ ਦੀ ਹਿਫਾਜ਼ਤ ਕੀਤੀ ਜਾ ਸਕੇ। ਇਸ ਕੰਜ਼ਰਵੇਟਿਵ ਰਾਜਨੀਤਕ ਵਿਚਾਰਧਾਰਾ ਦੇ ਜਾਂਚ ਸਮੂਹ ਦੀ ਰਿਪੋਰਟ 'ਚ ਭਾਰਤ ਨੂੰ 'ਜ਼ਿਆਦਾਤਰ ਗੈਰ-ਖੁੱਲ੍ਹੀ' ਅਰਥਵਿਵਸਥਾ ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ ਕਿਉਂਕਿ ਭਾਰਤ 'ਚ ਬਾਜ਼ਾਰ ਆਧਾਰਿਤ ਸੁਧਾਰਾਂ ਨਾਲ ਹੋਈ ਤਰੱਕੀ 'ਨਾਂਹ-ਬਰਾਬਰ' ਰਹੀ ਹੈ। ਇਸ 'ਚ ਕਿਹਾ ਗਿਆ ਹੈ ਕਿ ਸੂਬੇ ਨੇ ਜਨਤਕ ਅਦਾਰਿਆਂ ਦੇ ਮਾਧਿਅਮ ਨਾਲ ਕਈ ਖੇਤਰਾਂ 'ਚ ਆਪਣੀ ਇਕ ਵਿਆਪਕ ਹਾਜ਼ਰੀ ਬਣਾਈ ਰੱਖੀ ਹੈ। ਇਸ ਤੋਂ ਇਲਾਵਾ ਸਖਤ ਅਤੇ ਵੱਡੇ ਰੈਗੂਲੇਟਰੀ ਮਾਹੌਲ ਨਾਲ ਇੰਟਰਪਨਿਓਰਸ਼ਿਪ ਨਿਰ-ਉਤਸ਼ਾਹਿਤ ਹੁੰਦੀ ਹੈ। ਜੇਕਰ ਇਹ ਨਾ ਹੋਵੇ ਤਾਂ ਨਿੱਜੀ ਖੇਤਰ ਦਾ ਵਿਆਪਕ ਪ੍ਰਸਾਰ ਕੀਤਾ ਜਾ ਸਕਦਾ ਹੈ। ਇਸ ਸੂਚਕ ਅੰਕ 'ਚ ਭਾਰਤ ਨੇ ਕੁਲ 52.6 ਅੰਕ ਹਾਸਲ ਕੀਤੇ ਜੋ ਪਿਛਲੇ ਸਾਲ ਦੇ ਮੁਕਾਬਲੇ 3.6 ਅੰਕ ਘੱਟ ਹੈ। ਪਿਛਲੇ ਸਾਲ ਇਸ ਸੂਚਕ ਅੰਕ 'ਚ ਭਾਰਤ ਦੀ ਰੈਂਕਿੰਗ 123 ਸੀ ।
ਇਸ ਸੂਚਕ ਅੰਕ 'ਚ ਹਾਂਗਕਾਂਗ, ਸਿੰਗਾਪੁਰ ਤੇ ਨਿਊਜ਼ੀਲੈਂਡ ਸਿਖਰ 'ਤੇ ਰਹੇ ਹਨ। ਦੱਖਣ ਏਸ਼ੀਆਈ ਦੇਸ਼ਾਂ 'ਚ ਭਾਰਤ ਤੋਂ ਹੇਠਾਂ ਅਫਗਾਨਿਸਤਾਨ 163ਵੇਂ ਅਤੇ ਮਾਲਦੀਵ 157ਵੇਂ ਸਥਾਨ 'ਤੇ ਹਨ , ਜਦੋਂ ਕਿ ਇਸ ਸੂਚਕ ਅੰਕ 'ਚ ਨੇਪਾਲ ਦਾ ਸਥਾਨ 125, ਸ਼੍ਰੀਲੰਕਾ ਦਾ 112, ਪਾਕਿਸਤਾਨ ਦਾ 141, ਭੁਟਾਨ ਦਾ 107 ਅਤੇ ਬੰਗਲਾਦੇਸ਼ ਦਾ 128ਵਾਂ ਹੈ। ਚੀਨ ਨੇ ਇਸ ਸੂਚਕ ਅੰਕ 'ਚ 57.4 ਅੰਕ ਹਾਸਲ ਕੀਤੇ ਜੋ ਪਿਛਲੇ ਸਾਲ ਦੇ ਮੁਕਾਬਲੇ 5.4 ਅੰਕ ਜ਼ਿਆਦਾ ਹੈ। ਇਸ ਸਾਲ ਉਸਦਾ ਸਥਾਨ 111ਵਾਂ ਰਿਹਾ ਹੈ। ਅਮਰੀਕਾ 75.1 ਅੰਕ ਹਾਸਲ ਕਰ ਕੇ 17ਵੇਂ ਸਥਾਨ 'ਤੇ ਰਿਹਾ ਹੈ। ਇਸ ਸੂਚਕ ਅੰਕ 'ਚ ਕੌਮਾਂਤਰੀ ਔਸਤ 60.9 ਅੰਕ ਰਹੀ ਜੋ ਪਿਛਲੇ 23 ਸਾਲਾਂ 'ਚ ਰਿਕਾਰਡ ਉੱਚਾ ਪੱਧਰ ਹੈ।