ਕੈਨੇਡਾ ’ਚ ਵਾਪਰੇ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ, ਕੁੱਝ ਦਿਨ ਬਾਅਦ ਬਣਨਾ ਸੀ ਪਿਤਾ
ਦਲਜੀਤ ਕੌਰ ਭਵਾਨੀਗੜ੍ਹ
ਭਵਾਨੀਗੜ੍ਹ, 16 ਅਕਤੂਬਰ 2021: ਕੈਨੇਡਾ ’ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਅਧੀਨ ਪੈਂਦੀ ਸਬ-ਡਵੀਜ਼ਨ ਭਵਾਨੀਗੜ੍ਹ ਦੇ ਨੇੜਲੇ ਪਿੰਡ ਝਨੇੜੀ ਦੇ ਇੱਕ ਨੌਜਵਾਨ ਦਲਜੀਤ ਸਿੰਘ (28) ਪੁੱਤਰ ਬੀਰਬਲ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦਲਜੀਤ ਸਿੰਘ ਮਾਪਿਆਂ ਦਾ ਇਕੱਲਾ ਪੁੱਤ ਸੀ ਤੇ ਪਿਛਲੇ ਤਿੰਨ ਕੁ ਸਾਲਾਂ ਤੋਂ ਆਪਣੀ ਪਤਨੀ ਸਮੇਤ ਕੈਨੇਡਾ 'ਚ ਰਹਿ ਰਿਹਾ ਸੀ।
ਇਸ ਸਬੰਧੀ ਪਿੰਡ ਵਾਸੀ ਗੁਰਤੇਜ ਸਿੰਘ ਝਨੇੜੀ ਸੂਬਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਭਰੇ ਮਨ ਨਾਲ ਦੱਸਿਆ ਕਿ ਦਲਜੀਤ ਸਿੰਘ ਬਹੁਤ ਹੀ ਹੋਣਹਾਰ ਤੇ ਆਪਣੇ ਮਾਪਿਆਂ ਦਾ ਇਕੱਲਾ ਪੁੱਤ ਸੀ ਜੋ ਦਸੰਬਰ 2018 ’ਚ ਕੈਨੇਡਾ ਗਿਆ ਸੀ।
ਸ੍ਰੀ ਝਨੇੜੀ ਨੇ ਦੱਸਿਆ ਕਿ ਪਿਛਲੇ ਮਹੀਨੇ ਦੀ 17 ਤਾਰੀਖ ਨੂੰ ਦਲਜੀਤ ਸਿੰਘ ਟਰਾਲੇ ’ਤੇ ਜਾ ਰਿਹਾ ਸੀ ਤਾਂ ਇਸ ਦੌਰਾਨ ਉਸਦਾ ਓਨਟੇਰੀਓ ਸੂਬੇ 'ਚ ਬਰੈਮਪਟਨ ਨੇੜੇ ਟਰੱਕ ਟਰਾਲੇ ਨਾਲ ਹਾਦਸਾ ਵਾਪਰ ਗਿਆ ਤੇ ਉਹ ਹਸਪਤਾਲ ’ਚ ਜੇਰੇ ਇਲਾਜ ਕਈ ਦਿਨ ਜ਼ਿੰਦਗੀ ਤੇ ਮੌਤ ਦੇ ਵਿਚਕਾਰ ਜੂਝਦਾ ਰਿਹਾ। ਜਿਸ ਦੀ ਬੀਤੇ ਦਿਨੀਂ ਮੌਤ ਹੋ ਗਈ।
ਗੁਰਤੇਜ ਸਿੰਘ ਝਨੇੜੀ ਨੇ ਦੱਸਿਆ ਕਿ ਦਲਜੀਤ ਸਿੰਘ ਦੀ ਪਤਨੀ 9 ਮਹੀਨਿਆਂ ਦੀ ਗਰਭਵਤੀ ਹੈ ਤੇ ਦਲਜੀਤ ਸਿੰਘ ਛੇਤੀ ਹੀ ਆਪਣੇ ਪਹਿਲੇ ਬੱਚੇ ਦਾ ਪਿਤਾ ਬਨਣ ਵਾਲਾ ਸੀ। ਦਲਜੀਤ ਸਿੰਘ ਦੀ ਮੌਤ ਦੀ ਖ਼ਬਰ ਤੋਂ ਬਾਅਦ ਪਿੰਡ ਝਨੇੜੀ 'ਚ ਸੋਗ ਦੀ ਲਹਿਰ ਦੌੜ ਗਈ ਤੇ ਪਰਿਵਾਰ ਸਦਮੇ 'ਚ ਹੈ।
ਉਨ੍ਹਾਂ ਦੱਸਿਆ ਕਿ ਦਲਜੀਤ ਦੀ ਮ੍ਰਿਤਕ ਦੇਹ ਸ਼ਨੀਵਾਰ ਯਾਨੀ ਅੱਜ ਦਿੱਲੀ ਕੈਨੇਡਾ ਤੋਂ ਰਾਤ ਨੂੰ ਭਾਰਤ ਪਹੁੰਚੇਗੀ। ਜਿਸ ਨੂੰ ਲੈਣ ਲਈ ਪਰਿਵਾਰਕ ਮੈਂਬਰ ਦਿੱਲੀ ਰਵਾਨਾ ਹੋ ਗਏ।