ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 28 ਫਰਵਰੀ 2021 - ਅਮਰੀਕਾ ਦੇ ਸੂਬੇ ਜਾਰਜੀਆ ਵਿੱਚ ਹੋਏ ਇੱਕ ਜਹਾਜ਼ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋਣ ਦੀ ਦਰਦਨਾਕ ਘਟਨਾ ਵਾਪਰੀ ਹੈ। ਇਸ ਸੰਬੰਧੀ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਰਜੀਆ ਦੇ ਗੈਨਿਸਵਿਲੇ ਵਿੱਚ ਸ਼ੁੱਕਰਵਾਰ ਨੂੰ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਤਿੰਨ ਵਿਅਕਤੀ ਮਾਰੇ ਗਏ। ਗੈਨਿਸਵਿਲੇ ਫਾਇਰ ਡਵੀਜ਼ਨ ਦੇ ਮੁਖੀ ਕੀਥ ਸਮਿੱਥ ਅਨੁਸਾਰ ਇਸ ਹਾਦਸੇ ਦੇ ਸੰਬੰਧ ਵਿੱਚ ਇੱਕ ਰਾਹਗੀਰ ਜਿਸਨੇ ਸੜਕ ਦੇ ਕਿਨਾਰੇ ਜਹਾਜ਼ ਦਾ ਮਲਬਾ ਵੇਖਿਆ, ਦੁਆਰਾ ਸੂਚਨਾ ਮਿਲਣ ਉਪਰੰਤ ਫਾਇਰ ਵਿਭਾਗ ਨੇ ਸ਼ਾਮ 6 ਵਜੇ ਤੋਂ ਤੁਰੰਤ ਬਾਅਦ ਕਾਰਵਾਈ ਕੀਤੀ।
ਇਸ ਦੌਰਾਨ ਸਾਹਮਣੇ ਆਇਆ ਕਿ ਹਾਦਸੇ ਸਮੇਂ ਜਹਾਜ਼ ਵਿੱਚ ਤਿੰਨ ਲੋਕ ਸਵਾਰ ਸਨ, ਜਿਹਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ।ਇਹ ਜਹਾਜ਼ ਕਥਿਤ ਤੌਰ 'ਤੇ ਫਲੋਰਿਡਾ ਦੇ ਡੇਟੋਨਾ ਬੀਚ ਵੱਲ ਜਾ ਰਿਹਾ ਸੀ,ਪਰ ਰਾਸਤੇ ਵਿੱਚ ਗੈਨਿਸਵਿਲੇ ਘਰਾਂ ਦੇ ਨੇੜੇ ਜੰਗਲ ਵਾਲੇ ਖੇਤਰ ਵਿੱਚ ਹਾਦਸਾ ਗ੍ਰਸਤ ਹੋ ਗਿਆ। ਸਮਿੱਥ ਅਨੁਸਾਰ ਇਸ ਹਾਦਸੇ ਨਾਲ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ, ਪਰ ਜਾਇਦਾਦ ਨੂੰ ਕੁੱਝ ਨੁਕਸਾਨ ਹੋਇਆ ਹੈ। ਇਸ ਜਹਾਜ਼ ਦੇ ਵਿੰਗ ਦਾ ਇੱਕ ਹਿੱਸਾ ਉਸ ਖੇਤਰ ਦੇ ਇਕ ਘਰ 'ਚ ਬੈੱਡਰੂਮ ਦੇ ਅੰਦਰ ਪਾਇਆ ਗਿਆ। ਜਹਾਜ਼ ਦੇ ਕਰੈਸ਼ ਹੋਣ ਸਮੇਂ ਇਸ ਘਰ ਦਾ ਪਰਿਵਾਰ ਦੂਜੇ ਕਮਰੇ 'ਚ ਖਾਣਾ ਖਾ ਰਿਹਾ ਸੀ ,ਜਿਸ ਕਰਕੇ ਕੋਈ ਵੀ ਵਸਨੀਕ ਜ਼ਖਮੀ ਨਹੀਂ ਹੋਇਆ । ਇਸਦੇ ਇਲਾਵਾ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਦੁਆਰਾ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ।