ਹਰਦਮ ਮਾਨ
ਸਰੀ, 9 ਜੁਲਾਈ 2020 - ਕੈਨੇਡਾ ਦੇ ਵਿੱਤ ਮੰਤਰੀ ਬਿੱਲ ਮੌਰਨਿਊ ਨੇ ਹਾਊਸ ਆਫ ਕਾਮਨਜ਼ ਵਿੱਚ ਸੋਧੀ ਹੋਈ ਆਰਥਿਕ ਤਸਵੀਰ ਪੇਸ਼ ਕਰਦਿਆਂ ਦੱਸਿਆ ਹੈ ਕਿ ਫੈਡਰਲ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਦੇ ਸਬੰਧ ਵਿੱਚ ਆਰਥਿਕ ਮਦਦ ਤੇ ਅਰਥਚਾਰੇ ਨੂੰ ਹੁਲਾਰਾ ਦੇਣ ਸਬੰਧੀ ਲਿਆਂਦੀ ਗਈ ਯੋਜਨਾ ਸਦਕਾ ਇਸ ਸਾਲ ਫੈਡਰਲ ਸਰਕਾਰ ਦਾ ਵਿੱਤੀ ਘਾਟਾ 343.2 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਹੈ ਅਤੇ ਇਹ ਖਰਚਾ ਦੂਜੀ ਵਿਸ਼ਵ ਜੰਗ ਦੇ ਬਰਾਬਰ ਪਹੁੰਚ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਵਿੱਤੀ ਵਰ੍ਹੇ ਦੇ ਅੰਤ ਤੱਕ ਫੈਡਰਲ ਕਰਜ਼ਾ 1.2 ਟ੍ਰਿਲੀਅਨ ਤੱਕ ਪਹੁੰਚ ਸਕਦਾ ਹੈ ਜਦੋਂ ਕਿ ਪਿਛਲੇ ਵਿੱਤੀ ਵਰ੍ਹੇ ਇਹ 765 ਬਿਲੀਅਨ ਡਾਲਰ ਸੀ। ਅਗਲੇ ਸਾਲ ਬੇਰੁਜ਼ਗਾਰੀ ਦਰ ਵਿੱਚ ਵੀ ਵਾਧਾ ਰਹਿਣ ਦੀ ਸੰਭਾਵਨਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਟੈਕਸਾਂ ਤੋਂ ਹੋਣ ਵਾਲੀ ਆਮਦਨ ਵਿੱਚ 71.1 ਬਿਲੀਅਨ ਡਾਲਰ ਦਾ ਘਾਟਾ ਪਿਆ ਹੈ ਅਤੇ ਵਿਸ਼ੇਸ਼ ਕਰਕੇ 40.8 ਬਿਲੀਅਨ ਡਾਲਰ ਇਨਕਮ ਟੈਕਸ ਘਟ ਗਿਆ ਹੈ। ਫੈਡਰਲ ਸਰਕਾਰ ਮਹਾਂਮਾਰੀ ਦੌਰਾਨ ਸਿਹਤ ਅਤੇ ਸੁਰੱਖਿਆ ਪ੍ਰਬੰਧਾਂ ਉਪਰ 231 ਬਿਲੀਅਨ ਡਾਲਰ ਤੋਂ ਵੱਧ ਖਰਚ ਚੁੱਕੀ ਹੈ, ਜਿਸ ਵਿਚ ਕੈਨੇਡੀਅਨਾਂ ਤੇ ਕਾਰੋਬਾਰਾਂ ਨੂੰ ਵੀ ਦਿੱਤੀ ਸਿੱਧੀ ਸਹਾਇਤਾ ਵੀ ਸ਼ਾਮਲ ਹੈ।
ਵਿੱਤ ਮੰਤਰੀ ਬਿੱਲ ਮੌਰਨਿਊ ਨੇ ਕਿਹਾ ਕਿ ਮੌਜੂਦਾ ਵਿੱਤੀ ਹਾਲਾਤ ਕੈਨੇਡਾ ਦੇ ਅਰਥਚਾਰੇ ਦਾ ਮੁੜ ਨਿਰਮਾਣ ਕਰਨ ਅਤੇ ਇਸ ਨੂੰ ਨਵਾਂ ਰੂਪ ਦੇਣ ਲਈ ਬਹੁਤ ਹੀ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਨੇ ਸਾਡੀਆਂ ਆਰਥਿਕ ਨੀਤੀਆਂ ਵਿਚਲੀਆਂ ਕਮੀਆਂ ਦੀ ਪਛਾਣ ਕਰਵਾ ਦਿੱਤੀ ਹੈ ਤੇ ਅਰਥਚਾਰੇ ਨੂੰ ਮੁੜ ਸੈੱਟ ਕਰਨ ਦਾ ਮੌਕਾ ਦਿੱਤਾ ਹੈ। ਮੌਰਨਿਊ ਨੇ ਇਹ ਵੀ ਆਖਿਆ ਕਿ ਮਹਾਂਮਾਰੀ ਕਾਰਨ ਅਰਥਚਾਰੇ ਨੂੰ ਵੱਡਾ ਝਟਕਾ ਲੱਗਿਆ ਹੈ ਅਤੇ ਇਹ ਅੰਦਾਜ਼ਾ ਲਾਉਣਾ ਵੀ ਸੰਭਵ ਨਹੀਂ ਕਿ ਆਉਣ ਵਾਲੇ ਚਾਰ, ਛੇ ਮਹੀਨਿਆਂ ਬਾਅਦ ਸਾਡੀ ਕੀ ਸਥਿਤੀ ਹੋਵੇਗੀ? ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਕੈਨੇਡੀਅਨ ਇੱਕਜੁੱਟ ਹੋ ਕੇ ਕੰਮ ਕਰਨਗੇ ਅਤੇ ਸਮੁੱਚੇ ਹਾਲਾਤ ਹੌਲੀ ਹੌਲੀ ਸੁਧਰ ਜਾਣਗੇ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com