ਜੀ ਐਸ ਪੰਨੂ
ਪਟਿਆਲਾ, 4 ਜੂਨ 2020 - ਪਟਿਆਲਾ ਪੁਲਿਸ ਨੇ ਪਟਿਆਲਾ ਤੋਂ ਇੱਕ ਬੀਜ ਵਿਕਰੇਤਾ ਨੂੰ ਗ੍ਰਿਫ਼ਤਾਰ ਕਰਕੇ ਅਣ-ਅਧਿਕਾਰਤ ਤਰੀਕੇ ਨਾਲ ਵੇਚੇ ਜਾ ਰਹੇ ਝੋਨੇ ਦੀ ਕਿਸਮ ਪੀ.ਆਰ. 128 ਅਤੇ ਪੀ.ਆਰ. 129 ਦੇ ਬੀਜਾਂ ਦੇ 93 ਥੈਲੇ ਜ਼ਬਤ ਕੀਤੇ ਹਨ। ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਬੀਜ ਇੰਸਪੈਕਟਰ-ਕਮ-ਖੇਤੀਬਾੜੀ ਵਿਕਾਸ ਅਫ਼ਸਰ ਬਲਾਕ ਪਟਿਆਲਾ ਸ੍ਰੀਮਤੀ ਜਸਪਿੰਦਰ ਕੌਰ ਦੀ ਸ਼ਿਕਾਇਤ 'ਤੇ ਮੁਕੱਦਮਾ ਨੰਬਰ 90 ਮਿਤੀ 3 ਜੂਨ 2020 ਆਈ.ਪੀ.ਸੀ. ਦੀ ਧਾਰਾ 420 ਅਤੇ ਜਰੂਰੀ ਵਸਤਾਂ ਬਾਰੇ ਐਕਟ 1955 ਦੀ ਧਾਰਾ 7 ਤਹਿਤ ਥਾਣਾ ਅਨਾਜ ਮੰਡੀ ਵਿਖੇ ਦਰਜ ਮੁਕੱਦਮੇ 'ਚ ਵਿਸ਼ਨੂ ਬੀਜ ਸਟੋਰ ਅਨਾਜ ਮੰਡੀ ਪਟਿਆਲਾ ਦੇ ਮਾਲਕ ਰਾਧੇ ਸ਼ਿਆਮ ਨੂੰ ਨਾਮਜਦ ਕੀਤਾ ਗਿਆ ਹੈ।
ਸਿੱਧੂ ਨੇ ਦੱਸਿਆ ਕਿ ਇਹ ਬੀਜ ਵਿਕਰੇਤਾ ਝੋਨੇ ਦੇ ਬੀਜਾਂ ਦੀ ਕਿਸਮ ਪੀ.ਆਰ. 128, ਜਿਸ ਦੀ ਕੀਮਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ 70 ਰੁਪਏ ਅਤੇ ਪੀ.ਆਰ. 129 ਦੇ ਬੀਜ ਦੀ ਕੀਮਤ 62.50 ਰੁਪਏ ਨਿਰਧਾਰਤ ਕੀਤੀ ਗਈ ਸੀ ਨੂੰ ਵੇਚਣ ਦਾ ਅਧਿਕਾਰ ਨਹੀਂ ਸੀ ਰੱਖਦਾ ਪਰੰਤੂ ਇਹ ਕਿਸਾਨਾਂ ਨਾਲ ਧੋਖਾਧੜੀ ਕਰਦਿਆਂ ਅਣ-ਅਧਿਕਾਰਤ ਤਰੀਕੇ ਨਾਲ ਕਿਸਾਨਾਂ ਤੋਂ ਵਾਧੂ ਮੁੱਲ ਲੈਕੇ 100 ਰੁਪਏ ਪ੍ਰਤੀ ਕਿਲੋ ਵੇਚ ਰਿਹਾ ਸੀ।
ਸਿੱਧੂ ਨੇ ਦੱਸਿਆ ਕਿ ਜਿਸ 'ਤੇ ਕਾਰਵਾਈ ਕਰਦਿਆਂ ਖੇਤੀਬਾੜੀ ਵਿਭਾਗ ਅਤੇ ਪੁਲਿਸ ਨੇ ਸਾਂਝੇ ਤੌਰ 'ਤੇ ਇਸ ਦੇ ਬੀਜਾਂ ਦੀ ਦੁਕਾਨ 'ਤੇ ਛਾਪਾ ਮਾਰਦਿਆਂ ਅਣ-ਅਧਿਕਾਰਤ ਤੌਰ 'ਤੇ ਰੱਖੇ ਗਏ 93 ਥੈਲੇ (10 ਕਿੱਲੋ ਪ੍ਰਤੀ ਥੈਲਾ) ਜ਼ਬਤ ਕੀਤੇ। ਉਨ੍ਹਾਂ ਦੱਸਿਆ ਕਿ ਦੁਕਾਨ ਦੇ ਮਾਲਕ ਰਾਧੇ ਸ਼ਿਆਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।