- ਪੰਜਾਬ ਨਾਲ ਸਬੰਧਤ ਸਾਰੇ ਯਾਤਰੀਆਂ ਦੀ ਹਵਾਈ ਅੱਡੇ 'ਤੇ ਕੋਵਿਡ-19 ਸਬੰਧੀ ਜਾਂਚ ਕੀਤੀ ਜਾਏਗੀ- ਡੀ.ਸੀ ਐਸ.ਏ.ਐੱਸ
- ਏਅਰਲਾਈਨਾਂ ਇਸ ਸਬੰਧੀ ਸਾਰੇ ਯਾਤਰੀਆਂ ਨੂੰ ਉਡਾਣ / ਰਵਾਨਗੀ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਣਕਾਰੀ ਦੇਣਗੀਆਂ
- ਹਵਾਈ ਅੱਡੇ ਤੋਂ ਹੋਰਨਾਂ ਸੂਬਿਆਂ ਨੂੰ ਜਾਣ ਵਾਲੇ ਯਾਤਰੀਆਂ ਦੀ ਉਹਨਾਂ ਦੇ ਸੂਬਿਆਂ ਦੇ ਪ੍ਰੋਟੋਕੋਲ ਦੇ ਅਨੁਸਾਰ ਕੀਤੀ ਜਾਵੇਗੀ ਜਾਂਚ
ਐਸ ਏ ਐਸ ਨਗਰ, 24 ਮਈ, 2020 - ਐਮ.ਐਚ.ਏ. ਵੱਲੋਂ 25 ਮਈ ਤੋਂ ਹਵਾਈ ਯਾਤਰਾ ਮੁੜ ਤੋਂ ਸ਼ੁਰੂ ਕਰਨ ਦੇ ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ, ਸ੍ਰੀ ਗਿਰੀਸ਼ ਦਿਆਲਨ ਨੇ ਆਦੇਸ਼ ਜਾਰੀ ਕੀਤੇ ਹਨ ਕਿ ਪੰਜਾਬ ਨਾਲ ਸਬੰਧਤ ਸਾਰੇ ਯਾਤਰੀਆਂ ਦੀ ਹਵਾਈ ਅੱਡੇ 'ਤੇ ਕੋਵਿਡ-19 ਸਬੰਧੀ ਜਾਂਚ ਕੀਤੀ ਜਾਏਗੀ।
ਹੁਕਮਾਂ ਵਿਚ ਕਿਹਾ ਗਿਆ ਹੈ ਕਿ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ (ਸੀਐਚਆਈਏਐਲ) ਜ਼ਿਲੇ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ, ਇਸ ਲਈ ਕੋਵਿਡ -19 ਦੇ ਫੈਲਾਅ ਨੂੰ ਰੋਕਣ ਅਤੇ ਰੋਕਥਾਮ ਲਈ ਸੂਬੇ ਅੰਦਰ ਆਉਣ ਵਾਲੇ ਵਿਅਕਤੀਆਂ ਦੇ ਦਾਖਲੇ ਨੂੰ ਪੰਜਾਬ ਰਾਜ ਦੇ ਸਿਹਤ ਵਿਭਾਗ ਦੇ ਪ੍ਰੋਟੋਕੋਲ ਦੇ ਅਨੁਸਾਰ ਨਿਯਮਤ ਕਰਨ ਦੀ ਲੋੜ ਹੈ।
ਇਸ ਲਈ ਪੰਜਾਬ ਨਾਲ ਸਬੰਧਤ ਸਾਰੇ ਯਾਤਰੀਆਂ ਦੀ ਹਵਾਈ ਅੱਡੇ 'ਤੇ ਕੋਵਿਡ-19 ਸਬੰਧੀ ਜਾਂਚ ਕੀਤੀ ਜਾਏਗੀ। ਅਜਿਹੇ ਸਾਰੇ ਵਿਅਕਤੀਆਂ ਨੂੰ ਆਗਮਨ ਦੀ ਮਿਤੀ ਤੋਂ 14 ਦਿਨਾਂ ਦੀ ਮਿਆਦ ਲਈ ਲਾਜ਼ਮੀ ਤੌਰ ‘ਤੇ ਘਰ ਵਿਚ ਕੁਆਰੰਟੀਨ ਰਹਿਣਾ ਪਵੇਗਾ। ਜੇ ਨਤੀਜਾ ਪਾਜੇਟਿਵ ਨਿਕਲਦਾ ਹੈ, ਤਾਂ ਵਿਅਕਤੀ / ਵਿਅਕਤੀਆਂ ਨੂੰ ਆਈਸੋਲੇਸ਼ਨ ਸਹੁਲਤ ਵਿਚ ਭੇਜ ਦਿੱਤਾ ਜਾਵੇਗਾ। ਜੇ ਜਾਂਚ ਨੈਗਟਿਵ ਆਉਂਦੀ ਹੈ ਤਾਂ ਉਸ ਵਿਅਕਤੀ ਨੂੰ ਅਜੇ ਵੀ 14 ਦਿਨਾਂ ਲਈ ਘਰ ਵਿਚ ਕੁਆਰੰਟੀਨ ਵਿਚ ਰਹਿਣਾ ਪਵੇਗਾ ਅਤੇ ਉਹ ਆਪਣੀ ਸਿਹਤ ਸਥਿਤੀ ਦੀ ਸਵੈ-ਨਿਗਰਾਨੀ ਕਰੇਗਾ ਅਤੇ ਜੇ ਕੋਈ ਕੋਵਿਡ-19 ਦਾ ਲੱਛਣ ਨਜ਼ਰ ਆਉਂਦਾ ਹੈ ਤਾਂ ਨਜ਼ਦੀਕੀ ਸਰਕਾਰੀ ਸਿਹਤ ਸਹੂਲਤ ਨੂੰ ਰਿਪੋਰਟ ਦੇਵੇਗਾ।
ਇਹ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਕੀਤਾ ਜਾ ਰਿਹਾ ਹੈ ਜਿਸ ਵਿਚ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਗਿਆ ਹੈ ਕਿ "ਸੂਬੇ ਆਪਣੇ ਮੁਲਾਂਕਣ ਅਨੁਸਾਰ ਕੁਆਰੰਟੀਨ ਅਤੇ ਆਈਸੋਲੇਸ਼ਨ ਦੇ ਸੰਬੰਧ ਵਿਚ ਆਪਣਾ ਪ੍ਰੋਟੋਕੋਲ ਵਿਕਸਤ ਕਰ ਸਕਦੇ ਹਨ।"
ਹਾਲਾਂਕਿ, ਇਹ ਸਪੱਸ਼ਟ ਕੀਤਾ ਗਿਆ ਹੈ ਕਿ ਲਾਜ਼ਮੀ ਕੋਵਿਡ-19 ਟੈਸਟ ਸਿਰਫ ਉਨ੍ਹਾਂ ਯਾਤਰੀਆਂ ਦੇ ਕੀਤੇ ਜਾਣਗੇ ਜੋ ਪੰਜਾਬ (ਕੋਈ ਵੀ ਜ਼ਿਲ੍ਹੇ) ਨਾਲ ਸਬੰਧਤ ਹਨ। ਹਵਾਈ ਅੱਡੇ ਰਾਹੀਂ ਆਉਣ ਵਾਲੇ ਯੂ.ਟੀ. ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼ ਆਦਿ ਦੇ ਯਾਤਰੀਆਂ ਦੀ ਜਾਂਚ ਉਹਨਾਂ ਦੇ ਆਪਣੇ ਰਾਜ ਦੇ ਪ੍ਰੋਟੋਕੋਲ ਦੇ ਅਨੁਸਾਰ ਕੀਤੀ ਜਾਵੇਗੀ।
ਇਸ ਤੋਂ ਇਲਾਵਾ, ਇਹ ਵੀ ਕਿਹਾ ਗਿਆ ਹੈ ਕਿ ਏਅਰਲਾਇੰਸ ਇਸ ਜਾਣਕਾਰੀ ਦਾ ਵੱਡੇ ਪੱਧਰ 'ਤੇ ਪ੍ਰਚਾਰ ਕਰੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਜਾਣਕਾਰੀ ਹਵਾਈ ਅੱਡਿਆਂ 'ਤੇ ਪਹੁੰਚਣ ਤੋਂ ਪਹਿਲਾਂ ਸਾਰੇ ਸਵਾਰ ਯਾਤਰੀਆਂ ਲਈ ਭਾਵ ਰਵਾਨਗੀ ਦੇ ਸਥਾਨਾਂ 'ਤੇ ਉਪਲੱਬਧ ਹੋ ਗਈ ਹੈ।