ਅਸ਼ੋਕ ਵਰਮਾ
ਬਠਿੰਡਾ, 24 ਮਈ 2020 - ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏਕੇ ਮਲੇਰੀ,ਮੀਤ ਪ੍ਧਾਨ ਪ੍ਰਿੰ.ਬੱਗਾ ਸਿੰਘ, ਜਨਰਲ ਸਕੱਤਰ ਜਗਮੋਹਣ ਸਿੰਘ, ਸਕੱਤਰੇਤ ਮੈਂਬਰ ਡਾ ਅਜੀਤਪਾਲ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਪ੍ਰੈੱਸ ਬਿਆਨ ਜਾਰੀ ਕਰਕੇ ‘ਪਿੰਜਰਾ ਤੋੜ’ ਮੁਹਿੰਮ ਦੀਆਂ ਸਰਗਰਮ ਵਿਦਿਆਰਥਣਾਂ ਨਤਾਸ਼ਾ ਨਰਵਾਲ ਅਤੇ ਦੇਵਾਂਗਨਾ ਕਾਲੀਤਾ ਨੂੰ ਦਿੱਲੀ ਪੁਲਿਸ ਵੱਲੋਂ ਹਿੰਸਾ ਭੜਕਾਉਣ ਦਾ ਝੂਠਾ ਦੋਸ਼ ਲਗਾ ਕੇ ਗ੍ਰਿਫ਼ਤਾਰ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
ਇਸ ਨੂੰ ਸਰਕਾਰ ਅਤੇ ਸੱਤਾ ਦੀਆਂ ਮਨਮਾਨੀਆਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਜ਼ੁਬਾਨਬੰਦੀ ਦੀ ਡੂੰਘੀ ਚਾਲ ਕਰਾਰ ਦਿੰਦਿਆਂ ਆਖਿਆ ਕਿ ਇਸ ਤਹਿਤ ਸਮਾਜਿਕ ਨਿਆਂ ਅਤੇ ਫਿਰਕੂ ਸਦਭਾਵਨਾ ਲਈ ਸਰਗਰਮ ਭੂਮਿਕਾ ਨਿਭਾਉਣ ਵਾਲੇ ਕਾਰਕੁੰਨਾਂ, ਖ਼ਾਸ ਕਰਕੇ ਰੌਸ਼ਨ-ਖ਼ਿਆਲ ਲੜਕੀਆਂ ਨੂੰ ਚੁਣ ਚੁਣ ਕੇ ਗਿ੍ਰਫ਼ਤਾਰ ਕੀਤਾ ਜਾ ਰਿਹਾ ਹੈ। ਇਹ ਲੜਕੀਆਂ ਨਾ ਸਿਰਫ਼ ਭਾਜਪਾ ਸਰਕਾਰ ਦੇ ਫਿਰਕਾਪ੍ਰਸਤ ਕਾਨੂੰਨਾਂ ਵਿਰੁੱਧ ਲੋਕ ਰਾਇ ਖੜੀ ਕਰਨ ’ਚ ਮੋਹਰੀ ਰਹੀਆਂ ਸਗੋਂ ਜੋ ਔਰਤ ਵਰਗ ਨੂੰ ਸਦੀਵੀ ਦਾਬੇ ਹੇਠ ਰੱਖਣ ਵਾਲੀ ਸਮਾਜ ਦੀ ਮਰਦਾਵੀਂ ਸੱਤਾ ਅਤੇ ਔਰਤ ਵਿਰੋਧੀ ਸਮਾਜਿਕ ਕਦਰਾਂ-ਕੀਮਤਾਂ ਵਿਰੁੱਧ ਅਗਾਂਹਵਧੂ ਸੰਘਰਸ਼ ਦਾ ਮਾਣਮੱਤਾ ਚਿੰਨ ਹਨ।
ਉਨ੍ਹਾਂ ਆਖਿਆ ਕਿ ਸਭ ਤੋਂ ਖ਼ਤਰਨਾਕ ਪੱਖ ਇਹ ਹੈ ਕਿ ਪੁਲਿਸ ਹਕੂਮਤ ਦੇ ਸਿਆਸੀ ਵਿੰਗ ਵਜੋਂ ਕੰਮ ਕਰ ਰਹੀ ਹੈ ਅਤੇ ਆਜ਼ਾਦਾਨਾ ਤਫ਼ਤੀਸ਼ ਦੇ ਕਾਇਦੇ-ਕਾਨੂੰਨਾਂ ਨੂੰ ਛਿੱਕੇ ਟੰਗ ਕੇ ਸੱਤਾਧਾਰੀ ਧਿਰ ਦੇ ਸੌੜੇ ਹਿਤ ਪੂਰੇ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਇਸੇ ਸਿਲਸਿਲੇ ਵਿਚ 50 ਤੋਂ ਉੱਪਰ ਕਾਰਕੁੰਨਾਂ ਦੀ ਸੂਚੀ ਬਣਾ ਕੇ ਪਹਿਲਾਂ ਉਨਾਂ ਖਿਲਾਫ ਕੇਸ ਦਰਜ ਕੀਤਾ ਗਿਆ ਜਦ ਕੇ ਹਿੰਸਾ ਭੜਕਾਉਣ ਵਾਲੇ ਖੁੱਲੇਆਮ ਘੁੰਮ ਰਹੇ ਹਨ।
ਉਨ੍ਹਾਂ ਆਖਿਆ ਕਿ ਹੱਕ, ਸੱਚ ਅਤੇ ਇਨਸਾਫ਼ ਦੀ ਗੱਲ ਕਰਨ ਵਾਲੀਆਂ ਦਲੇਰ ਲੜਕੀਆਂ ਅਤੇ ਕਾਰਕੁੰਨਾਂ ਦੀ ਜੇਲਬੰਦੀ ਯਕੀਨੀਂ ਬਣਾਉਣਾ ਹੀ ਇੱਕੋ ਇੱਕ ਕਾਰਜ ਬਣ ਚੁੱਕਾ ਹੈ ਅਤੇ ਇਸੇ ਮੰਤਵ ਤਹਿਤ ਦਹਿਸ਼ਤਵਾਦ ਵਿਰੋਧੀ ਕਾਨੂੰਨ ਤਹਿਤ ਗਿ੍ਰਫ਼ਤਾਰੀਆਂ ਅਤੇ ਜੇਲਬੰਦੀ ਰਾਹੀਂ ਸਾਰੇ ਜਾਗਰੂਕ ਹਿੱਸਿਆਂ ਨੂੰ ਸਰਕਾਰ ਚੁੱਪ ਕਰਾਉਣਾ ਚਾਹੁੰਦੀ ਹੈ। ਉਹਨਾਂ ਨੇ ਸਮੂਹ ਇਨਸਾਫ਼ਪਸੰਦ, ਜਮਹੂਰੀ ਤਾਕਤਾਂ ਨੂੰ ਜਮਹੂਰੀ ਹੱਕਾਂ ਦੀ ਰਾਖੀ ਲਈ ਸੱਤਾਧਾਰੀ ਧਿਰ ਦੇ ਇਸ ਹਮਲੇ ਦਾ ਡੱਟ ਕੇ ਵਿਸ਼ਾਲ ਲਾਮਬੰਦੀ ਦੁਆਰਾ ਮੁਕਾਬਲਾ ਕਰਨ ਦੀ ਅਪੀਲ ਕੀਤੀ ਹੈ।