ਅਸ਼ੋਕ ਵਰਮਾ
ਬਠਿੰਡਾ, 25 ਫਰਵਰੀ 2020 - ਅਜੇ ਸੰਡੇ ਬਜ਼ਾਰ ਖਾਲੀ ਕਰਵਾਉਣ ਦੀਆਂ ਖਬਰਾਂ ਦੀ ਸਿਆਹੀ ਵੀ ਨਹੀਂ ਸੁੱਕੀ ਸੀ ਕਿ ਅੱਜ ਬਠਿੰਡਾ ਵਿਕਾਸ ਅਥਾਰਟੀ ਨੇ ਧੌਬੀਆਣਾ ਬਸਤੀ ਦੇ ਕਰੀਬ ਤਿੰਨ ਦਰਜਨ ਘਰਾਂ ਤੇ ਪੀਲਾ ਪੰਜਾ ਚਲਾ ਦਿੱਤਾ। ਬੀਡੀਏ ਅਧਿਕਾਰੀ ਭਾਰੀ ਪੁਲਿਸ ਫੋਰਸ ਅਤੇ ਜੇਸੀਬੀ ਸਮੇਤ ਮੱਛੀ ਚੌਂਕ ਨਜ਼ਦੀਕ ਧੋਬੀਆਣਾ ਬਸਤੀ ਪਹੁੰਚੇ ਅਤੇ ਬਣੇ ਹੋਏ ਘਰਾਂ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ। ਇਸ ਦਾ ਵਿਰੋਧ ਵੀ ਭਾਵੇਂ ਲੋਕਾਂ ਵਲੋਂ ਕੀਤਾ ਗਿਆ, ਪਰ ਬੀਡੀਏ ਨੇ ਉਨਾਂ ਦੀ ਇਕ ਨਾ ਸੁਣੀ । ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਮੌਕੇ ‘ਤੇ ਪਹੁੰਚ ਕੇ ਇਨਾਂ ਲੋਕਾਂ ਦੀ ਹਮਾਇਤ ਕੀਤੀ। ਇਸ ਮੌਕੇ ਇਕ ਨੌਜਵਾਨ ਨੇ ਉਸਦੀ ਗਰਭਵਤੀ ਪਤਨੀ ਨਾਲ ਪੁਲਿਸ ਮੁਲਾਜ਼ਮਾਂ ਵਲੋਂ ਖਿੱਚ ਧੂਹ ਕੀਤੇ ਜਾਣ ਦੇ ਵੀ ਗੰਭੀਰ ਦੋਸ਼ ਲਗਾਏ ਗਏ, ਜਦੋਂਕਿ ਕੁੱਝ ਲੋਕਾਂ ਨੇ ਧਰਨਾ ਲਗਾ ਦਿੱਤਾ ਅਤੇ ਨੋਟਿਸ ਨਾ ਆਉਣ ਦੀ ਗੱਲ ਕਹੀ। ਉਨਾਂ ਕਾਂਗਰਸ ਸਰਕਾਰ, ਬੀਡੀਏ ਤੇ ਪੰਜਾਬ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਪੀੜਤ ਮਹਿਲਾ ਵਰਿੰਦਰ ਕੌਰ, ਸੁਖਵਿੰਦਰ ਕੌਰ, ਸਿਮਰਜੀਤ ਕੌਰ ਨੇ ਕਿਹਾ ਕਿ ਗਰੀਬਾਂ ਦੇ ਘਰਾਂ ਨੂੰ ਢਾਹੁਣ ’ਤੇ ਜੇਸੀਬੀ ਦਾ ਪੰਜਾ ਬਿਲਕੁਲ ਨਹੀਂ ਰੁੱਕਦਾ, ਜਦੋਂਕਿ ਅਮੀਰਾਂ ਵਲੋਂ ਨਾਜਾਇਜ਼ ਬਿਲਡਿੰਗਾਂ ਵੱਡੀਆਂ ਵੱਡੀਆਂ ਬਣਾਈਆਂ ਜਾ ਰਹੀਆਂ ਹਨ, ਪਰ ਉਨਾਂ ਵੱਲ ਅੱਖ ਚੁੱਕਣ ਦੀ ਹਿੰਮਤ ਨਹੀਂ ਪੈਂਦੀ। ਕਾਕਾ ਸਿੰਘ, ਰੂਪ ਸਿੰਘ, ਇਕਬਾਲ ਸਿੰਘ, ਮੱਖਣ ਸਿੰਘ, ਬਿਟੂ ਸਿੰਘ ਨੇ ਕਿਹਾ ਕਿ 25-25 ਸਾਲਾਂ ਦੇ ਇਥੇ ਰਹਿ ਰਹੇ ਹਨ, ਪਰ ਅੱਜ ਬਿਨਾਂ ਨੋਟਿਸ ਦਿੱਤੇ ਹੀ ਉਨਾਂ ਦੇ ਘਰਾਂ ‘ਤੇ ਬੀਡੀਏ ਅਧਿਾਕਾਰੀਆਂ ਵਲੋਂ ਪੁਲਿਸ ਫੋਰਸ ਨੂੰ ਲੈ ਕੇ ਉਜਾੜ ਦਿੱਤਾ ਗਿਆ। ਉਹ ਸੜਕਾਂ ‘ਤੇ ਆ ਗਏ ਹਨ। ਉਨਾਂ ਨੂੰ ਆਪਣਾ ਸਮਾਨ ਚੁੱਕਣ ਦਾ ਵੀ ਮੌਕਾ ਹੀ ਨਾ ਮਿਲਿਆ।
ਇਕਬਾਲ ਸਿੰਘ ਨੇ ਕਿਹਾ ਕਿ ਜਦ ਉਸ ਦੀ ਪਤਨੀ ਘਰ ਢਾਹੁਣ ਅਧਿਕਾਰੀਆਂ ਨੂੰ ਰੋਕ ਰਹੀ ਸੀ ਤਾਂ ਇਸ ਦੌਰਾਨ ਅਧਿਕਾਰੀਆਂ ਤੇ ਮੁਲਾਜ਼ਮਾਂ ਵਲੋਂ ਉਸ ਨੂੰ ਧੱਕੇ ਮਾਰੇ ਗਏ। ਪੁਲਿਸ ਵਲੋਂ ਥਾਣੇ ਲਿਜਾ ਕੇ ਕੁੱਟਮਾਰ ਵੀ ਕੀਤੀ ਗਈ। ਇਕਬਾਲ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਗਰਭਵਤੀ ਸੀ।
ਆਪ ਆਗੂ ਨਵਦੀਪ ਜ਼ੀਦਾ ਤੇ ਅਨਿਲ ਠਾਕੁਰ ਨੇ ਧਰਨੇ ‘ਚ ਪਹੁੰਚ ਕੀਤੀ ਹਮਾਇਤ
ਆਪ ਜ਼ਿਲਾ ਪ੍ਰਧਾਨ ਨਵਦੀਪ ਜੀਦਾ ਤੇ ਆਪ ਦੇ ਪੰਜਾਬ ਟ੍ਰੇਡ ਐਂਡ ਇੰਡਸਟਰੀ ਵਿੰਗ ਵਾਈਸ ਪ੍ਰਧਾਨ ਅਨਿਲ ਠਾਕੁਰ ਵੀ ਮੌਕੇ ‘ਤੇ ਪਹੁੰਚ ਗਏ ਅਤੇ ਉਨਾਂ ਨੇ ਵੀ ਧਰਨਾਕਾਰੀਆਂ ਦੇ ਨਾਲ ਬੈਠ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਆਪ ਆਗੂਆਂ ਨੇ ਕਿਹਾ ਕਿ ਇਹ ਸਰਾਸਰ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਇਨਾਂ ਲੋਕਾਂ ਨੂੰ ਕੋਈ ਨੋਟਿਸ ਵੀ ਨਹੀਂ ਦਿੱਤਾ ਗਿਆ ਹੈ। ਉਹ ਹੁਣ ਕਿਧਰ ਜਾਣਗੇ? ਉਨਾਂ ਕਿਹਾ ਕਿ ਇਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਵੋਟਾਂ ਵੇਲੇ ਲੀਡਰ ਹੱਥ ਬੰਨਦੇ ਹਨ, ਪਰ ਫ਼ਿਰ ਗਰੀਬ ਲੋਕਾਂ ਦੀ ਕੋਈ ਸੁਣੀ ਨਹੀਂ ਜਾਂਦੀ। ਉਨਾਂ ਇਹ ਕਾਰਵਾਈ ਬੰਦ ਕਰਨ ਦੀ ਮੰਗ ਵੀ ਕੀਤੀ।
ਪ੍ਰਸ਼ਾਸਨ ਦੀ ਕਾਰਵਾਈ ਨਿੰਦਣਯੋਗ
ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਨਵਦੀਪ ਜੀਦਾ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕੀਤੀ ਗਈ ਕਾਰਵਾਈ ਬਹੁਤ ਹੀ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਇਹ ਪਿਛਲੇ ਕਈ ਦਹਾਕਿਆਂ ਤੋਂ ਇੱਥੇ ਰਹਿ ਰਹੇ ਹਨ ਜੋ ਕਿ ਲਗਾਤਾਰ ਵਿਭਾਗ ਵੱਲੋਂ ਇਹਨਾਂ ਤੋਂ ਪ੍ਰਾਪਰਟੀ ਟੈਕਸ ਵੀ ਲਿਆ ਜਾ ਰਿਹਾ ਹੈ । ਪੱਕੇ ਤੌਰ ਤੇ ਬਿਜਲੀ ਦੇ ਮੀਟਰ ਅਤੇ ਵਾਟਰ ਸਪਲਾਈ ਦੇ ਕੁਨੈਕਸ਼ਨ ਵੀ ਲੱਗੇ ਹੋਏ ਹਨ । ਉਨਾਂ ਦੱਸਿਆ ਕਿ ਅਕਾਲੀ ਕਾਂਗਰਸੀ ਆਗੂਆਂ ਨੇ ਰਾਜਨੀਤਕ ਲਾਹਾ ਲੈਣ ਲਈ ਸਾਡਾ ਇਸਤੇਮਾਲ ਕੀਤਾ ਹੈ ॥ ਉਨਾਂ ਕਿਹਾ ਕਿ ਪੁਲਿਸ ਵੱਲੋਂ ਕੁੱਟਮਾਰ ਦੌਰਾਨ ਮਹਿਲਾ ਦੇ ਪੇਟ ਵਿਚ ਲੱਤਾ ਮਾਰੀਆ ਗਈਆਂ ਜਿਸ ਦੋਰਾਨ ਇਕ ਦੇ ਪੇਟ ਵਿੱਚ ਪਲ ਰਹੇ ਬੱਚੇ ਦਾ ਗਰਭਪਾਤ ਹੋ ਗਿਆ ਹੈ ਜੋ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਹੈ। ਉਹਨਾਂ ਕਿਹਾ ਕਿ ਜੇਕਰ ਪੁਲਿਸ ਨੇੇ ਬਣਦੀ ਕਾਰਵਾਈ ਨਾ ਕੀਤੀ ਗਈ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣ ਤੇ ਪ੍ਰਸ਼ਾਸਨ ਖਿਲਾਫ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
ਨਜਾਇਜ ਕਬਜੇ ਖਤਮ ਕਰਵਾਏ
ਬਠਿੰਡਾ ਵਿਕਾਸ ਅਥਾਰਟੀ ਦੇ ਮੁੱਖ ਪ੍ਰ੍ਰ੍ਰ੍ਰਸ਼ਾਸ਼ਕ ਬਿਕਕਰਮਜੀਤ ਸਿੰੰਘ ਸ਼ੇਰਗਿੱਲ ਦਾ ਕਹਿਣਾ ਸੀ ਕਿ ਅਥਾਰਟਂ ਦੀ ਜਾਇਦਾਦ ਤੇ ਕੀਤੇ ਨਜਾਇਜ ਕਬਜੇ ਖਤਮ ਕਰਵਾਏ ਗਏ ਹਨ। ਉਨਾਂ ਆਖਿਆ ਕਿ ਇੰਨਾਂ ਲੋਕਾਂ ਨੂੰ ਪਹਿਲਾਂ ਨੋਟਿਸ ਦਿੱਤੇ ਗਏ ਸਨ ਪਰ ੲੰਨਾਂ ਨੇ ਜਗਾ ਖਾਲੀ ਨਹੀਂ ਕੀਤੀ ਹੈ।