ਜੀ ਐਸ ਪੰਨੂ
- ਪੰਜਾਬ ਪੁਲਿਸ ਕਲਚਰਲ ਟਰੂਪ ਨੇ ਦਿਖਾਏ ਬਾਜ਼ੀਗਰਾਂ ਵਾਲੇ ਕਰਤੱਬ
ਪਟਿਆਲਾ, 25 ਫਰਵਰੀ 2020 - ਸਕੂਲੀ ਵਿਦਿਆਰਥੀਆਂ ਦੀ ਕਲਾਂ ਨੂੰ ਨਿਖਾਰਨ ਵਿੱਚ ਪਟਿਆਲਾ ਦੇ ਸ਼ੀਸ਼ ਮਹਿਲ ਵਿਖੇ ਲੱਗਾ ਕਰਾਫ਼ਟ ਮੇਲਾ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਜਿੱਥੇ ਰੋਜ਼ਾਨਾ ਹੀ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਆਪਣੀ ਪ੍ਰਤੀਭਾ ਦੇ ਜੌਹਰ ਦਿਖਾਏ ਜਾ ਰਹੇ ਹਨ। ਸਕੂਲੀ ਵਿਦਿਆਰਥੀਆਂ ਵੱਲੋਂ ਕਰਾਫ਼ਟ ਮੇਲੇ 'ਚ ਦਿੱਤੀਆਂ ਜਾ ਰਹੀਆਂ ਪੇਸ਼ਕਾਰੀ ਸਬੰਧੀ ਜਾਣਕਾਰੀ ਦਿੰਦਿਆ ਇੰਚਾਰਜ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਕਰਾਫ਼ਟ ਮੇਲੇ ਦੇ ਪਹਿਲੇ ਦਿਨ ਤੋਂ ਹੀ ਰੋਜ਼ਾਨਾ ਸਕੂਲੀ ਵਿਦਿਆਰਥੀਆਂ ਨੂੰ ਮੁੱਖ ਸਟੇਜ 'ਤੇ ਆਪਣੀ ਪੇਸ਼ਕਾਰੀ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ।
ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਰੰਗੋਲੀ ਅਤੇ ਪੇਟਿੰਗ ਵਰਗੇ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਵਿਦਿਆਰਥੀਆਂ ਦੇ ਮਹਿੰਦੀ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਜੂਨੀਅਰ ਡਵੀਜ਼ਨ ਵਿਚ ਸਨੈਹਾ ਨੇ ਪਹਿਲਾਂ, ਨਵਜੋਤ ਨੇ ਦੂਜਾ ਅਤੇ ਵਾਮੀਕਾ ਤੇ ਸ਼ਰੀਆਂ ਨੇ ਸਾਂਝ ਤੌਰ 'ਤੇ ਤੀਜਾ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਮਿਡਲ ਗਰੁੱਪ ਵਿੱਚ ਖੁਸ਼ੀ ਨੇ ਪਹਿਲਾਂ, ਅਮ੍ਰਿਤ ਨੇ ਦੂਜਾ ਅਤੇ ਮਨਵਿੰਦਰ ਨੇ ਤੀਜਾ ਸਥਾਨ ਹਾਸਲ ਕੀਤਾ। ਸੀਨੀਅਰ ਗਰੁੱਪ 'ਚ ਨਵਦੀਪ ਨੇ ਪਹਿਲਾਂ, ਖੁਸ਼ੀ ਨੇ ਦੂਜਾ ਅਤੇ ਕਾਵੀਆਂ ਨੇ ਤੀਜਾ ਸਥਾਨ ਹਾਸਲ ਕੀਤਾ।
ਸ਼ਾਮ ਸਮੇਂ ਐਨ.ਜੈਡ.ਸੀ.ਸੀ ਦੇ ਪ੍ਰੋਗਰਾਮ ਅਫ਼ਸਰ ਸ੍ਰੀ ਰਵਿੰਦਰ ਸ਼ਰਮਾ ਦੀ ਅਗਵਾਈ ਵਿਚ ਪੰਜਾਬ ਪੁਲਿਸ ਕਲਚਰਲ ਟਰੂਪ ਵੱਲੋਂ ਸਭਿਆਚਾਰਕ ਪੇਸ਼ਕਾਰੀ ਕੀਤੀ ਗਈ ਅਤੇ ਲੋਕਾਂ ਦੇ ਮਨੋਰੰਜਨ ਲਈ ਬਾਜ਼ੀਗਰਾਂ ਵਾਲੇ ਕਰਤਬ ਕੀਤੇ ਗਏ ਜਿਨ੍ਹਾਂ ਦੀ ਲੋਕਾਂ ਵੱਲੋਂ ਬਹੁਤ ਸਰਾਹਨਾ ਕੀਤੀ ਗਈ। ਇਸ ਉਪਰੰਤ ਉੱਤਰ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਵੱਖ-ਵੱਖ ਰਾਜਾਂ ਦੇ ਲੋਕ ਨਾਚਾਂ ਦੀ ਪੇਸ਼ਕਾਰੀ ਕੀਤੀ ਗਈ।