ਹਰੀਸ਼ ਕਾਲੜਾ
ਰੂਪਨਗਰ, 25 ਫਰਵਰੀ 2020 - ਜਿਲ੍ਹੇ ਵਿਚਲੇ ਸ਼ਰਾਬ ਦੇ 24 ਗਰੁਪਾਂ ਵਿਚੋਂ 17 ਗਰੁਪਾਂ ਦੇ ਲਾਇਸੰਸੀਆਂ ਨੇ ਸਰਕਾਰ ਦੀ ਪਾਲਿਸੀ ਅਨੁਸਾਰ ਆਪਣੇ ਸ਼ਰਾਬ ਦੇ ਠੇਕੇ ਹੋਏ ਰੀਨਿਊ ਕਰਾਉਣ ਲਈ ਬੀਤੇ ਦਿਨੀ 23 ਫਰਵਰੀ ਤੱਕ ਨਿਰਧਾਰਿਤ ਫੀਸ ਜਮਾਂ ਕਰਵਾ ਦਿੱਤੀ ਹੈ। ਇਹ ਜਾਣਕਾਰੀ ਦਿੰਦਿਆਂ ਸੁਖਦੀਪ ਸਿੰਘ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਨੇ ਦਸਿਆ ਕਿ ਜਿਲੇ ਵਿਚ 03 ਸਰਕਲ ਨੰਗਲ ,ਰੂਪਨਗਰ ਤੇ ਮੋਰਿੰਡਾ ਵਿਚ ਕੁਲ 24 ਗਰੁਪਾਂ ਵਿਚ ਕੁਲ 216 ਸ਼ਰਾਬ (ਦੇਸੀ ਤੇ ਅੰਗ੍ਰੇਜੀ) ਦੇ ਠੇਕੇ ਹਨ ਜਿਨਾਂ ਵਿਚੋਂ ਹੁਣ 07 ਗਰੁਪ ਰਿਨਿਊ ਹੋਣ ਤੋਂ ਫਿਲਹਾਲ ਰਹਿ ਗਏ ਹਨ ਜੋਕਿ ਸਰਕਾਰ ਦੀ ਪਾਲਿਸੀ ਅਨੁਸਾਰ ਡਰਾਅ ਰਾਹੀਂ ਅਲਾਟ ਕੀਤੇ ਜਾਣਗੇ।
ਇਹ ਠੇਕੇ ਉਹ ਹਨ ਜਿਨਾਂ ਨੂੰ ਹਿਮਾਚਲ ਤੇ ਚੰਡੀਗੜ ਦੀ ਸਸਤੀ ਸ਼ਰਾਬ ਦੀ ਮਾਰ ਝਲਣੀ ਪੈਂਦੀ ਹੈ ਕਿੳਂਕਿ ਹਿਮਾਚਲ ਤੇ ਚੰਡੀਗੜ੍ਹ ਵਿਚ ਸ਼ਰਾਬ ਸਸਤੀ ਹੋਣ ਕਾਰਨ ਇਨਾਂ ਗਰੁਪਾਂ ਦੇ ਠੇਕੇਦਾਰ ਘਾਟੇ ਵਿਚ ਰਹਿੰਦੇ ਹਨ।ਨੰਗਲ ਸਰਕਲ ਵਿਚ ਕੁਲ 10 ਸ਼ਰਾਬ ਦੇ ਗਰੁਪ ਹਨ ਜਿਸ ਵਿਚੋਂ 07 ਗਰੁਪਾਂ ਨੇ ਰਿਨਿਉ ਕਰਵਾ ਲਿਆ ਹੈ ਜਦਕਿ ਗੋਹਲਣੀ,ਕਲਿਤਰਾਂ ਤੇ ਨੰਗਲ ਸ਼ਹਿਰੀ ਅਜੇ ਰਿਨਿਉ ਨਹੀਂ ਹੋਏ।ਮੋਰਿੰਡਾ ਸਰਕਲ ਦੇ 07 ਚੋਂ 3 ਰਿਨਿਉ ਹੋ ਗਏ ਹਨ ਅਤੇ ਬੇਲਾ,ਬਹਿਰਾਮ ਪੁਰ ਤੇ ਮੋਰਿੰਡਾ ਸ਼ਹਿਰੀ ਦੇ 2 ਗਰੁਪ ਰਿਨਿਉ ਹੋਣ ਤੋਂ ਰਹਿ ਗਏ ਹਨ ਜਦਕਿ ਰੂਪਨਗਰ ਦੇ ਸਾਰੇ 07 ਗਰੁਪ ਰਿਨਿਉ ਹੋ ਗਏ ਹਨ।ਉਨਾਂ ਇਹ ਵੀ ਦਸਿਆ ਕਿ ਇਸ ਉਪਰੰਤ ਹੁਣ ਬਾਕੀ ਰਹਿੰਦੇ ਗਰੁਪਾਂ ਨੂੰ ਡਰਾਅ ਰਾਂਹੀਂ ਅਲਾਟ ਕੀਤਾ ਜਾਵੇਗਾ ਮੱਤਲਬ ਕਿ ਹੁਣ ਬਾਕੀ ਰਹਿੰਦੇ ਠੇਕਿਆਂ ਦੀ ਅਲਾਟਮੈਂਟ ਲਈ ਚਾਹਵਾਨ ਵਿਅਕਤੀਆਂ ਪਾਸੋਂ ਅਰਜੀਆਂ ਮੰਗੀਆਂ ਜਾਣਗੀਆਂ ਤੇ ਡਰਾਅ ਰਾਂਹੀਂ ਬਾਕੀ ਰਹਿੰਦੇ ਠੇਕੇ ਅਲਾਟ ਕੀਤੇ ਜਾਣਗੇ।