ਰਾਜਪੁਰਾ/ਪਟਿਆਲਾ, 14 ਅਕਤੂਬਰ2019 (ਜੀ ਐਸ ਪੰਨੂ): ਰਾਜਪੁਰਾ ਪੁਲਿਸ ਨੇ ਦਿੱਲੀ ਪੁਲਿਸ ਕੋਲੋਂ ਹੱਥਕੜੀ ਸਮੇਤ ਭੱਜਿਆ ਇੱਕ ਵਿਅਕਤੀ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਇੱਕ ਔਰਤ ਨੂੰ ਵੀ ਨਸ਼ੀਲੀਆਂ ਸਮੇਤ ਕਾਬੂ ਕਰਨ 'ਚ ਸਫ਼ਲਤਾ ਹਾਸਲ ਹੋਈ ਹੈ। ਇਨ੍ਹਾਂ ਦੋਵਾਂ ਦੀ ਪੁੱਛਗਿੱਛ ਮਗਰੋਂ ਇਨ੍ਹਾਂ ਦੇ ਤਿੰਨ ਹੋਰ ਸਾਥੀ ਵੀ ਗ੍ਰਿਫ਼ਤਾਰ ਹੋਏ। ਇਸ ਤਰ੍ਹਾਂ ਪੁਲਿਸ ਨੇ ਕੁਲ 5 ਜਣੇ ਗ੍ਰਿਫ਼ਤਾਰ ਕੀਤੇ ਹਨ। ਇਹ ਜਾਣਕਾਰੀ ਡੀ.ਐਸ.ਪੀ. ਰਾਜਪੁਰਾ ਅਕਾਸ਼ਦੀਪ ਸਿੰਘ ਔਲਖ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।
ਡੀ.ਐਸ.ਪੀ . ਔਲਖ ਨੇ ਦੱਸਿਆ ਕਿ ਐਸ.ਐਚ.ਓ. ਥਾਣਾ ਸਿਟੀ ਰਾਜਪੁਰਾ ਇੰਸਪੈਕਟਰ ਸੁਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਐਸ.ਆਈ. ਜਸਕੰਵਲ ਸਿੰਘ ਸੇਖੋਂ ਇੰਚਾਰਜ ਪੁਲਿਸ ਚੌਂਕੀ ਬੱਸ ਸਟੈਂਡ ਰਾਜਪੁਰਾ ਦੀ ਟੀਮ ਨੇ ਗੁਪਤ ਸੂਚਨਾ ਤੇ 'ਮਨਜੀਤ ਕੌਰ ਅਤੇ ਸ਼ੁਭਮ ਉਰਫ ਰਾਹੁਲ ਬਾਂਸਲ ਰਾਜਪੁਰਾ ਸ਼ਹਿਰ ਵਿਚੋਂ ਨਸ਼ੀਲਾ ਪਾਊਡਰ ਤੇ ਗੋਲੀਆਂ ਲੈ ਕੇ ਲੰਘਦੇ ਹਨ, ਤਹਿਤ ਮੁਕੱਦਮਾ ਥਾਣਾ ਸਿਟੀ ਰਾਜਪੁਰਾ ਵਿਖੇ ਦਰਜ ਕੀਤਾ ਸੀ।ਗੁਪਤ ਸੂਚਨਾ ਦੇ ਅਧਾਰ 'ਤੇ 13 ਅਕਤੂਬਰ ਨੂੰ ਸਾਹਮਣੇ ਚੌੜਾ ਬਾਜਾਰ, ਰਾਜਪੁਰਾ ਵਿਖੇ ਨਾਕਾਬੰਦੀ ਦੌਰਾਨ ਉਸ ਸਮੇਂ ਗ੍ਰਿਫ਼ਤਾਰ ਕੀਤਾ ਜਦੋਂ ਇਹ ਔਰਤ ਇੱਕ ਸਾਥੀ ਸਮੇਤ ਦਿੱਲੀ ਵਾਲੇ ਪਾਸੇ ਤੋਂ ਆ ਰਹੀ ਸੀ ਪਰੰਤੂ ਪੁਲਿਸ ਨੂੰ ਦੇਖਕੇ ਘਬਰਾਕੇ ਪਿੱਛੇ ਮੁੜਨ ਲੱਗੀ ਤਾਂ ਇਸਦੀ ਸਕੂਟਰੀ ਮੂਹਰੇ ਰੱਖਿਆ ਬੈਗ ਹੇਠਾਂ ਡਿੱਗ ਪਿਆ। ਪੁਲਿਸ ਨੇ ਇਨ੍ਹਾਂ ਨੂੰ ਭੱਜਕੇ ਕਾਬੂ ਕੀਤਾ ਤਾਂ ਉਸਦੇ ਸਾਥੀ ਦੇ ਇੱਕ ਹੱਥ 'ਤੇ ਹੱਥਕੜੀ ਲੱਗੀ ਹੋਈ ਸੀ। ਇਨ੍ਹਾਂ ਦਾ ਬੈਗ ਚੈਕ ਕਰਨ 'ਤੇ ਉਸ ਵਿਚੋਂ 100 ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ।
ਡੀ.ਐਸ.ਪੀ. ਨੇ ਦੱਸਿਆ ਕਿ ਹੱਥਕੜੀ ਵਾਲੇ ਵਿਅਕਤੀ ਨੇ ਆਪਣਾ ਨਾਮ ਸ਼ੁਭਮ ਉਰਫ ਰਾਹੁਲ ਬਾਂਸਲ ਪੁੱਤਰ ਅਸ਼ੋਕ ਕੁਮਾਰ ਪਿੰਡ ਚੌਕੇ ਜਿਲ੍ਹਾ ਬਠਿੰਡਾ ਦੱਸਿਆ ਤੇ ਬੈਗ ਵਾਲੀ ਔਰਤ ਨੇ ਆਪਣਾ ਨਾਮ ਮਨਜੀਤ ਕੌਰ ਪਤਨੀ ਆਤਮਾ ਸਿੰਘ ਵਾਸੀ ਪਿੰਡ ਚੌਕੇ ਜਿਲ੍ਹਾ ਬਠਿੰਡਾ ਦੱਸਿਆ। ਮਨਜੀਤ ਕੌਰ ਤੇ ਸ਼ੁਭਮ ਉਰਫ ਰਾਹੁਲ ਬਾਂਸਲ ਨੇ ਪੁੱਛਗਿੱਛ 'ਚ ਦੱਸਿਆ ਕਿ ਉਹ 2 ਲੱਖ ਰੁਪਏ ਲੈ ਕੇ ਦਿੱਲੀ ਦਵਾਰਕਾ ਮੈਟਰੋ ਸਟੇਸ਼ਨ ਦੇ ਕੋਲ ਰਹਿੰਦੇ ਨੀਗਰੋ ਪਾਸੋਂ ਚਿੱਟਾ/ਹੈਰੋਇਨ ਲੈਣ ਗਏ ਸਨ ਪਰ ਸ਼ੁਭਮ ਨੂੰ ਦਿੱਲੀ ਪੁਲਿਸ ਨੇ ਫੜ ਲਿਆ, ਜਿਥੋਂ ਉਹ ਹੱਥਕੜੀ ਸਮੇਤ ਭੱਜ ਆਇਆ।
ਔਲਖ ਨੇ ਦੱਸਿਆ ਕਿ ਇਨ੍ਹਾਂ ਦੀ ਇਤਲਾਹ 'ਤੇ ਤਿੰਨ ਹੋਰਨਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਨੇ ਆਪਣਾਂ ਨਾਮ ਕਰਮਜੀਤ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਪਿੰਡ ਭੈਣੀ ਜਿਲ੍ਹਾ ਬਠਿੰਡਾ, ਅਮਨਦੀਪ ਸਿੰਘ ਪੁੱਤਰ ਹੁਸ਼ਿਆਰ ਸਿੰਘ ਵਾਸੀ ਅਕਲੀਆ ਜ਼ਿਲ੍ਹਾ ਮਾਨਸਾ ਅਤੇ ਛਿੰਦਾ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਚੌਕੇ ਜਿਲ੍ਹਾ ਬਠਿੰਡਾ ਦੱਸਿਆ। ਡੀ.ਐਸ.ਪੀ. ਨੇ ਦੱਸਿਆ ਕਿ ਪੰਜਾਂ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 18 ਅਕਤੂਬਰ 2019 ਤੱਕ 4 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸ਼ੁਭਮ ਅਤੇ ਕਰਮਜੀਤ ਸਿੰਘ 'ਤੇ ਆਰਮਜ ਐਕਟ ਥਾਣਾ ਸਿਟੀ ਬਰਨਾਲਾ ਵਿੱਚ ਪਹਿਲਾਂ ਵੀ ਦਰਜ ਹੈ, ਜਿਸ ਵਿੱਚ ਰਾਹੁਲ ਬਾਂਸਲ ਦੇ ਅਰੈਂਸਟ ਵਰੰਟ ਵੀ ਮਾਨਯੋਗ ਅਦਾਲਤ ਵੱਲੋਂ ਜਾਰੀ ਹਨ।