ਫਿਰੋਜ਼ਪੁਰ 25 ਅਪ੍ਰੈਲ (ਗੁਰਿੰਦਰ ਸਿੰਘ ) ਜ਼ਿਲੇ ਦੇ ਬਲਾਕ ਘੱਲ ਖ਼ੁਰਦ ਅਧੀਨ ਆਉਂਦੇ ਪਿੰਡ ਨਰਾਇਣਗੜ੍ਹ ਦੀ ਪੰਚਾਇਤ ਵੱਲੋਂ ਨਵੀਂ ਪੰਚਾਇਤ ਨੂੰ ਪੰਚਾਇਤੀ ਰਿਕਾਰਡ ਅਤੇ ਸਰਕਾਰੀ ਫ਼ੰਡ ਟਰਾਂਸਫ਼ਰ ਨਾ ਕਰਨ ਦੀ ਦਾਇਰ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਪੁੁੁਲਿਸ ਵਿਭਾਗ ਨੂੰ ਐਫ.ਆਈ.ਆਰ ਦਰਜ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਧਿਕਾਰੀ ਨੂੰ ਇਸ ਮਾਮਲੇ ਵਿਚ ਕਾਰਵਾਈ ਕਰਕੇ ਰਿਕਵਰੀ ਕਰਨ ਲਈ ਕਿਹਾ ਹੈ।
ਜ਼ਿਕਰਯੋਗ ਹੈ ਕਿ ਮੌਜੂਦਾ ਸਰਪੰਚ ਭਗਵਾਨ ਸਿੰਘ ਨੇ ਪੰਚਾਇਤ ਦੇ ਨਾਲ ਡਿਪਟੀ ਕਮਿਸ਼ਨਰ ਦੇ ਸਾਹਮਣੇ ਪੇਸ਼ ਹੋ ਕੇ ਲਿਖਤੀ ਰੂਪ ਵਿੱੱਚ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਪਿੰਡ ਵਿਚ ਨਵੀਂ ਪੰਚਾਇਤ ਬਣ ਚੁੱਕੀ ਹੈ ਪਰ ਪੰਚਾਇਤੀ ਰਿਕਾਰਡ, ਪਾਣੀ ਦਾ ਟੈਂਕਰ, ਅਲਮਾਰੀ, ਫ਼ਰਨੀਚਰ ਸਮੇਤ ਹੋਰ ਕਈ ਸਮਾਨ ਨਵੀਂ ਪੰਚਾਇਤ ਦੇ ਹਵਾਲੇ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਪੰਚਾਇਤੀ ਜ਼ਮੀਨ ਤੋਂ ਮਿਲਣ ਵਾਲੇ ਫ਼ੰਡ ਦੇ 99,667 ਰੁਪਏ ਅਤੇ ਸਰਕਾਰੀ ਗਰਾਂਟ ਦੇ ਰਹਿੰਦੇ 9 ਲੱਖ ਰੁਪਏ ਵੀ ਅਜੇ ਤੱਕ ਨਵੀਂ ਪੰਚਾਇਤ ਨੂੰ ਨਹੀਂ ਦਿੱਤੇ ਗਏ।
ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਕਿਹਾ ਕਿ ਸਰਕਾਰੀ ਫ਼ੰਡ ਅਤੇ ਹੋਰ ਸਮਾਨ ਕਿਸੇ ਦੀ ਨਿੱਜੀ ਜਾਗੀਰ ਨਹੀਂ ਬਲਕਿ ਸਰਕਾਰੀ ਅਮਾਨਤ ਹੈ। ਇਸ ਨੂੰ ਕੋਈ ਵੀ ਵਿਅਕਤੀ ਆਪਣੇ ਕੋਲ ਨਹੀਂ ਰੱਖ ਸਕਦਾ। ਉਨ੍ਹਾਂ ਇਸ ਮਾਮਲੇ ਵਿਚ ਪੁਲਿਸ ਵਿਭਾਗ ਨੂੰ ਐਫ.ਆਈ.ਆਰ ਦਰਜ ਕਰਕੇ ਕਾਨੂੰਨੀ ਕਾਰਵਾਈ ਦੇ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਧਿਕਾਰੀ ਨੂੰ ਇਸ ਮਾਮਲੇ ਵਿਚ ਪੰਚਾਇਤੀ ਰਿਕਾਰਡ ਅਤੇ ਹੋਰ ਜ਼ਰੂਰੀ ਸਮਾਨ ਦੀ ਰਿਕਵਰੀ ਕਰਨ ਲਈ ਕਿਹਾ ਹੈ। ਉਨ੍ਹਾਂ ਡੀ.ਡੀ.ਪੀ.ਓ ਨੂੰ ਨਿਰਦੇਸ਼ ਦਿੱਤੇ ਕਿ ਮਾਮਲੇ ਨਾਲ ਸਬੰਧਿਤ ਸਾਰਾ ਸਮਾਨ ਰਿਕਵਰ ਕਰਕੇ ਇਸ ਦੀ ਲਿਖਤੀ ਰਿਪੋਰਟ ਦਿੱਤੀ ਜਾਵੇ ਅਤੇ ਇਸ ਤਰ੍ਹਾਂ ਦੇ ਹੋਰ ਮਾਮਲਿਆਂ 'ਤੇ ਵੀ ਤੁਰੰਤ ਕਾਰਵਾਈ ਕੀਤੀ ਜਾਵੇ। ਜਿੱਥੇ ਵੀ ਸਰਕਾਰੀ ਸਮਾਨ ਨਵੀਂ ਪੰਚਾਇਤ ਨੂੰ ਟਰਾਂਸਫ਼ਰ ਨਹੀਂ ਕੀਤਾ ਗਿਆ ਜਾਂ ਫ਼ੰਡਾਂ ਨੂੰ ਲੈ ਕੇ ਕੋਈ ਸ਼ਿਕਾਇਤ ਆਈ ਹੈ, ਉੱਥੇ ਜਲਦ ਕਾਰਵਾਈ ਕੀਤੀ ਜਾਵੇ।