ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ
ਸ਼੍ਰੀ ਫ਼ਤਿਹਗੜ੍ਹ ਸਾਹਿਬ , 25 ਅਪ੍ਰੈਲ(ਦੀਦਾਰ ਗੁਰਨਾ) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੋਕ ਸਭਾ ਹਲਕਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾ. ਅਮਰ ਸਿੰਘ ਦੇ ਕਾਗ਼ਜ਼ ਦਾਖਲ ਕੀਤੇ। ਇਸਤੋਂ ਬਾਅਦ ਉਨ੍ਹਾਂ ਸ਼੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਹੋਈ ਇੱਕ ਵੱਡੀ ਜਨਤਕ ਰੈਲੀ ਨੂੰ ਸੰਬੋਧਨ ਕੀਤਾ ਜਿਸ ਵਿੱਚ ਹਲਕੇ ਦੇ ਵੱਡੀ ਗਿਣਤੀ ਆਗੂ ਤੇ ਵਰਕਰ ਹਾਜ਼ਰ ਸਨ।
ਕੈਪਟਨ ਅਮਰਿੰਦਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਦੋਂ ਅਕਾਲੀ ਦਲ ਹੋਂਦ ਵਿੱਚ ਆਇਆ ਸੀ ਤਾਂ ਉਸ ਵਕਤ ਇਸ ਜੁਝਾਰੂ ਜਮਾਤ ਨੇ ਮਸੰਦਾਂ ਕੋਲੋਂ ਸਿੱਖਾਂ ਦੇ ਗੁਰੂ ਘਰ ਛੁਡਵਾਏ ਸਨ ਪ੍ਰੰਤੂ ਅੱਜ ਅਕਾਲੀ ਦਲ (ਬਾਦਲ) ਗੁਰੂ ਘਰਾਂ ਨੂੰ ਨਿੱਜਤਾ ਲਈ ਵਰਤ ਰਿਹਾ ਹੈ ਜਿੰਨਾ ਤੋਂ ਗੁਰੂ ਘਰਾਂ ਨੂੰ ਛੁਡਵਾਉਣਾ ਅੱਜ ਸਮੇਂ ਦੀ ਮੰਗ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਸਰਵਉੱਚ ਤਖ਼ਤ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਵਿੱਚ ਖੇਡ ਰਿਹਾ ਹੈ ਜੋ ਕਿ ਆਪਣੀ ਮਰਜ਼ੀ ਨਾਲ ਅਕਾਲ ਤਖ਼ਤ ਦੇ ਫ਼ੈਸਲੇ ਲੈਂਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਨੂੰ ਘੇਰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਅਕਾਲੀ ਸਰਕਾਰ ਨੇ ਸੂਬੇ ਨੂੰ ਪੂਰੇ 10 ਸਾਲ ਲੁੱਟਿਆ ਹੈ ਜਿਹੜੇ ਕਿ ਸਭ ਤੋਂ ਵੱਡੇ ਲੁਟੇਰੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਬਰਗਾੜੀ ਕਾਂਡ, ਬਹਿਬਲ ਕਲਾ ਕਾਂਡ ਅਤੇ ਕੋਟਕਪੂਰਾ ਕਾਂਡ ਵਾਪਰਿਆ ਜਿਸ ਨੇ ਸਿੱਖਾਂ ਦੇ ਮਨਾਂ ਨੂੰ ਵਲੂੰਧਰਕੇ ਰੱਖ ਦਿੱਤਾ। ਅਕਾਲੀ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਕੁਰਾਨ ਸ਼ਰੀਫ਼ ਨੂੰ ਸਾੜਿਆ ਗਿਆ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਅਕਾਲੀ ਰਾਜ ਵਿੱਚ ਹੀ ਕਿਉਂ ਹੋਇਆ । ਉਨ੍ਹਾਂ ਆਖਿਆ ਕਿ ਵੱਖ ਵੱਖ ਜਾਂਚ ਏਜੰਸੀਆਂ ਦੀ ਸਮੇਂ ਸਮੇਂ ਦੀ ਜਾਂਚ ਤੋਂ ਬਾਅਦ ਅਕਾਲੀ ਦਲ ਆਪਣੇ ਰਾਜ ਵਿੱਚ ਹੋਏ ਕਾਂਡਾਂ ਵਿੱਚ ਘਿਰਦਾ ਜਾ ਰਿਹਾ ਹੈ ਕਿਉਂਕਿ ਇਹ ਇਨ੍ਹਾਂ ਦੀ ਮਿਲੀਭੁਗਤ ਸੀ। ਕੈਪਟਨ ਨੇ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜਾਂਚ ਏਜੰਸੀਆਂ ਦੀ ਪਾਰਦਰਸ਼ੀ ਜਾਂਚ ਤੋਂ ਬਾਅਦ ਘੇਰੇ ਵਿੱਚ ਆਉਣ ਵਾਲੇ ਕਿਸੇ ਵੀ ਸਖਸ਼ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਧਰਮਾਂ ਨੂੰ ਆਪਸ ਵਿੱਚ ਲੜਾਉਣਾ ਚਾਹੁੰਦਾ ਸੀ ਜੋ ਕਿ ਹੋਲੀ ਹੋਲੀ ਪੰਜਾਬ ਦੇ ਲੋਕਾਂ ਨੂੰ ਪਤਾ ਲੱਗਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ (ਬਾਦਲ) ਸਿੱਖਾਂ ਦੀ ਮੋਢੀ ਜਮਾਤ ਕਹਾਉਂਦਾ ਹੈ ਪਰ ਬਹੁਤ ਸਾਰੀਆਂ ਸਿੱਖੀ ਯਾਦਗਾਰਾਂ ਸਿਰਫ਼਼ ਤੇ ਸਿਰਫ ਕਾਂਗਰਸ ਸਰਕਾਰ ਵੇਲੇ ਬਣੀਆਂ ਹਨ ਜਿੰਨਾ ਉੱਤੇ ਅਕਾਲੀ ਆਪਣੇ ਹੱਕ ਜਤਾਉਂਦੇ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਹਲਕਾ ਫ਼ਤਿਹਗੜ੍ਹ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਅਮਰ ਸਿੰਘ ਦੀ ਹਮਾਇਤ ਕਰਨ ਤਾਂ ਜੋ ਉਹ ਬਤੌਰ ਐਮ.ਪੀ ਆਪਣੇ ਹਲਕੇ ਲਈ ਕੇਂਦਰ ਤੋਂ ਵੱਡੇ ਪ੍ਰੋਜੈਕਟ ਲੈ ਕੇ ਆ ਸਕਣ। ਇਸਦੇ ਨਾਲ ਹੀ ਉਨ੍ਹਾਂ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਹਲਕੇ ਅਧੀਨ ਆਉਂਦੀ ਸਮੁੱਚੀ ਕਾਂਗਰਸ ਪਾਰਟੀ ਨੂੰ ਡਾ. ਅਮਰ ਸਿੰਘ ਹੁਰਾਂ ਦਾ ਪੂਰਾ ਸਾਥ ਦੇਣ ਦੀ ਅਪੀਲ ਕੀਤੀ। ਉੱਧਰ ਡਾ. ਅਮਰ ਸਿੰਘ ਨੇ ਠਾਠਾਂ ਮਾਰਦੇ ਇਕੱਠ ਉੱਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਅੱਜ ਵੱਡੀ ਗਿਣਤੀ ਵਿੱਚ ਜੁੜੇ ਆਮ ਲੋਕਾਂ ਨੇ ਉਨ੍ਹਾਂ ਦੀ ਜਿੱਤ ਯਕੀਨੀ ਬਣਾ ਦਿੱਤੀ ਹੈ। ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਜੇਕਰ ਉਹ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਦਿੰਦੇ ਹਨ ਤਾਂ ਉਹ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਕੌਰ, ਕਮਲ ਬੋਪਾਰਾਏ, ਵਿਧਾਇਕ ਕੁਲਜੀਤ ਨਾਗਰਾ, ਵਿਧਾਇਕ ਸੁਰਜੀਤ ਸਿੰਘ ਧੀਮਾਨ, ਵਿਧਾਇਕ ਕਾਕਾ ਰਣਦੀਪ ਸਿੰਘ, ਵਿਧਾਇਕ ਲਖਵੀਰ ਸਿੰਘ ਲੱਖਾ, ਸਤਵਿੰਦਰ ਕੌਰ ਬਿੱਟੀ , ਵਿਧਾਇਕ ਅਮਰੀਕ ਸਿੰਘ ਢਿੱਲੋਂ, ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਜ਼ਿਲ੍ਹਾ ਪ੍ਰਧਾਨ ਸੁਭਾਸ਼ ਸੂਦ, ਕਮਲਜੀਤ ਸਿੰਘ ਢਿੱਲੋਂ, ਕਸਤੂਰੀ ਲਾਲ, ਅਜਮੇਰ ਸਿੰਘ ਪੁਰਬਾ, ਸੁਖਬੀਰ ਸਿੰਘ ਪੱਪੀ, ਡਾ. ਦੀਪਕ ਜੋਤੀ ਸੈਕਟਰੀ, ਪਰਮਿੰਦਰ ਸਿੰਘ ਨੋਨੀ, ਨੀਲਮ ਰਾਣੀ, ਮਨਜੀਤ ਸਿੰਘ, ਮਨਪ੍ਰੀਤ ਕੌਰ ਯੂਥ ਆਗੂ, ਮਲਕੀਅਤ ਕੌਰ, ਅਮਨਦੀਪ ਕੌਰ, ਹੁਸ਼ਨ ਲਾਲ, ਦਵਿੰਦਰ ਸਿੰਘ ਬਾਠ ਬਲਾਕ ਪ੍ਰਧਾਨ, ਗੁਰਿੰਦਰਪਾਲ ਸਿੰਘ ਯੂਥ ਆਗੂ, ਸੁਦਰਸ਼ਨ ਜੋਸ਼ੀ, ਸੁਖਪਾਲ ਸਿੰਘ ਸੁੱਖਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਤੇ ਆਗੂ ਹਾਜਰ ਸਨ।