ਨਵੀਂ ਦਿੱਲੀ, 25 ਅਪ੍ਰੈਲ 2019 - ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 76 ਸਾਲਾ ਧੋਬੀ ਚਾਂਦ ਮੁਹੰਮਦ ਵਡੋਦਰਾ ਦੇ ਐੱਸ. ਐੱਸ. ਜੀ. ਹਸਪਤਾਲ 'ਚ ਸਾਲ 2017 'ਚ ਚਲ ਵਸਿਆ ਸੀ। ਗੋਧਰਾ ਦਾ ਵਸਨੀਕ ਚਾਂਦ ਮੁਹੰਮਦ 1970 ਦੇ ਦਹਾਕੇ ਵਿਚ ਪੀਐਮ ਮੋਦੀ ਦਾ ਲਾਂਡਰੀ ਮੈਨ ਸੀ। ਉਸ ਵਕਤ ਮੋਦੀ ਗੋਧਰਾ ਵਿਚ ਇਕ ਆਰਐਸਐਸ ਦੇ ਪ੍ਰਚਾਰਕ ਦੇ ਤੌਰ 'ਤੇ ਰਹਿੰਦੇ ਸਨ।
ਇੰਡੀਅਨ ਐਕਸਪ੍ਰੈੱਸ 'ਚ ਅਕਤੂਬਰ 2017 ਨੂੰ ਛਪੀ ਖ਼ਾਸ ਰਿਪੋਰਟ ਅਨੁਸਾਰ ਚਾਂਦ ਮੁਹੰਮਦ ਨੂੰ ਸ਼ਨੀਵਾਰ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਇਲਾਜ ਲਈ ਵਡੋਦਰਾ ਦੇ ਹਸਪਤਾਲ ਗਏ ਸਨ। 2008 ਵਿਚ ਚਾਂਦ ਨੂੰ ਗੋਧਰਾ ਕਸਬੇ ਵਿਚ ਲੋਕ ਜਾਣਨ ਲੱਗੇ ਸਨ, ਜਦੋਂ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਰਹੇ ਮੋਦੀ ਨੇ ਉਨ੍ਹਾਂ ਨੂੰ ਇਕ ਜਨ ਸਭਾ ਵਿਚ ਵਿਸ਼ੇਸ਼ ਸੱਦਾ ਦਿੱਤਾ ਸੀ। ਮੋਦੀ ਨੇ ਚਾਂਦ ਦੀ ਮਾਲੀ ਸਹਾਇਤਾ ਲਈ ਉਸਨੂੰ 5 ਲੱਖ ਰੁਪਏ ਦਾ ਚੈੱਕ ਦਿੱਤਾ ਸੀ, ਪਰ ਚਾਂਦ ਮੁਹੰਮਦ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ । ਚਾਂਦ ਨੇ ਪੈਸੇ ਰੱਖਣ ਦੀ ਬਜਾਏ ਇੱਕ ਪਲਾਟ ਦੀ ਮੰਗ ਕੀਤੀ, ਜਿਸ ਨਾਲ ਮੋਦੀ ਤੁਰੰਤ ਸਹਿਮਤ ਹੋ ਗਏ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਇਸ ਬਾਰੇ ਕਾਰਵਾਈ ਕਰਨ ਲਈ ਹੁਕਮ ਦਿੱਤੇ।
ਪਰ ਚਾਂਦ ਦੇ ਮਰਨ ਤੱਕ ਉਸਨੂੰ ਕੋਈ ਵੀ ਪਲਾਟ ਨਹੀਂ ਮਿਲਿਆ ਸੀ। 2015 ਵਿੱਚ ਪ੍ਰਸ਼ਾਸਨ ਨੇ ਚਾਂਦ ਨੂੰ ਜ਼ਮੀਨ ਲਈ ਕੁਝ ਨਗਦ ਰਕਮ ਜਮ੍ਹਾ ਕਰਾਉਣ ਲਈ ਕਿਹਾ ਪਰ ਚਾਂਦ ਜ਼ਮੀਨ ਦੀ ਨਿਰਧਾਰਤ ਤੈਅ ਕੀਤੀ ਜੰਤਰੀ ਰਾਸ਼ੀ ਦਾ ਭੁਗਤਾਨ ਨਹੀਂ ਕਰ ਸਕਿਆ। ਚਾਂਦ ਦੇ ਰਿਸ਼ਤੇਦਾਰਾਂ ਅਨੁਸਾਰ ਉਹ ਆਪਣੇ ਆਖ਼ਰੀ ਦਿਨਾਂ 'ਚ ਫਲ ਵੇਚ ਕੇ ਗੁਜ਼ਾਰਾ ਕਰਦਾ ਸੀ। ਉਹ ਅੰਤ ਤੱਕ ਆਪਣੀ ਝੋਂਪੜੀ 'ਚ ਹੀ ਰਿਹਾ ਸੀ ਕਿਉਂਕਿ ਉਹ ਜ਼ਮੀਨ ਦਾ ਕਬਜ਼ਾ ਲੈਣ ਲਈ ਪੈਸੇ ਦੀ ਅਦਾਇਗੀ ਕਰਨ ਲਈ ਲੋੜੀਂਦੀ ਰਕਮ ਇਕੱਠੀ ਨਹੀਂ ਕਰ ਸਕਿਆ ਸੀ।
ਸਥਾਨਕ ਲੋਕ ਦੱਸਦੇ ਹਨ ਕਿ ਚਾਂਦ ਨੇ ਗੋਧਰਾ ਦੇ ਕਾਜ਼ੀਵਾੜ ਖੇਤਰ ਵਿਚ 1970 ਦੇ ਦਹਾਕੇ ਵਿਚ 'ਯਾਦਗਾਰ ਲਾਂਡਰੀ' ਚਲਾਈ। ਚਾਂਦ ਨੂੰ ਪਲਾਟ ਨਾ ਮਿਲਣ ਦੇ ਸਵਾਲ 'ਤੇ ਪੰਚਮਹਿਲ ਦੇ ਕੁਲੈਕਟਰ ਐਸ ਕੇ ਲਾਂਗਾ ਨੇ ਦੱਸਿਆ ਕਿ, "ਪਿਛਲੇ ਕਈ ਸਾਲਾਂ ਤੋਂ ਚਾਂਦ ਦੇ ਕੇਸਾਂ ਨਾਲ ਨਜਿੱਠਣ ਵਾਲੇ ਬਹੁਤ ਸਾਰੇ ਅਧਿਕਾਰੀਆਂ ਦੀਆਂ ਬਦਲੀਆਂ ਹੋਈਆਂ ਅਤੇ ਇਸ ਲਈ ਅਸੀਂ ਆਪਣੀਆਂ ਫਾਈਲਾਂ ਦੀ ਤਸਦੀਕ ਕਰਨੀ ਹੈ ਕਿ ਉਨ੍ਹਾਂ ਦੇ ਕੇਸ ਦੀ ਪ੍ਰਕਿਰਿਆ ਵਿਚ ਦੇਰੀ ਕਿਉਂ ਹੋਈ, ਜਾਂ ਉਹ ਜ਼ਮੀਨ ਦਾ ਕਬਜ਼ਾ ਕਿਉਂ ਨਹੀਂ ਲੈ ਸਕਿਆ ? "