ਫਿਰੋਜ਼ਪੁਰ 24 ਅਪ੍ਰੈਲ (ਗੁਰਿੰਦਰ ਸਿੰਘ) ਫਿਰੋਜ਼ਪੁਰ ਵਿੱਚ ਅਮਨ ਕਾਨੂੰਨ ਦੀ ਦਿਨੋ ਦਿਨ ਵਿਗੜਦੀ ਸਥਿਤੀ ਦੇ ਚਲਦਿਆਂ ਅੱਜ ਦਿਨ ਦਿਹਾੜੇ ਫਿਰੋਜ਼ਪੁਰ ਸ਼ਹਿਰ ਦੇ ਸਭ ਤੋਂ ਭੀੜ ਭੜੱਕੇ ਵਾਲੇ ਬਾਜ਼ਾਰ ਦਿੱਲੀ ਗੇਟ ਵਿਖੇ ਮਾਮੂਲੀ ਤਕਰਾਰ ਤੋਂ ਬਾਅਦ ਸਕੂਟਰ ਸਵਾਰ ਤਿੰਨ ਨੌਜਵਾਨਾਂ ਵੱਲੋਂ ਸ਼ਰੇਆਮ ਗੋਲੀ ਚਲਾਉਣ ਨਾਲ ਦੋ ਨੌਜਵਾਨ ਜਖਮੀ ਹੋ ਗਏ ਜਿਹਨਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਹੈ, ਜਿਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਪ੍ਰਾਪਤੀ ਜਾਣਕਾਰੀ ਅਨੁਸਾਰ ਅਰੁਣ ਪੁੱਤਰ ਰਾਜ ਕੁਮਾਰ ਅਤੇ ਵਿਕਰਮ ਪੁੱਤਰ ਅਸ਼ੋਕ ਕੁਮਾਰ ਵਾਸੀਆਨ ਬਸਤੀ ਨਿਜ਼ਾਮਦੀਨ ਫਿਰੋਜ਼ਪੁਰ ਸ਼ਹਿਰ ਆਪਣੇ ਸਕੂਟਰ 'ਤੇ ਸਵਾਰ ਹੋ ਕੇ ਦਿੱਲੀ ਗੇਟ ਤੋਂ ਕੋਈ ਸਮਾਨ ਖਰੀਦਣ ਗਏ ਸੀ ਕਿ ਅਚਾਨਕ ਉਨ੍ਹਾਂ ਦਾ ਸਕੂਟਰ ਸਾਹਮਣੇ ਤੋਂ ਆ ਰਹੇ ਸਕੂਟਰ ਜਿਸ 'ਤੇ ਤਿੰਨ ਨੌਜਵਾਨ ਸਵਾਰ ਸਨ, ਨਾਲ ਟਕਰਾ ਗਿਆ ਜਿਸ 'ਤੇ ਮਾਮੂਲੀ ਤਕਰਾਰ ਤੋਂ ਬਾਅਦ ਦੂਸਰੇ ਵਾਹਨ ਚਾਲਕਾਂ ਵਿੱਚੋਂ ਇੱਕ ਨੇ ਪਿਸਤੌਲ ਦਾ ਬੱਟ ਵਿਕਰਮ ਦੇ ਸਿਰ ਵਿੱਚ ਮਾਰਿਆ ਜਦ ਕਿ ਉਸਦੇ ਦੂਸਰੇ ਸਾਥੀ ਜੋ ਪਿਸਤੌਲਾਂ ਨਾਲ ਲੈਸ ਸਨ, ਨੇ ਫਾਇਰ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ। ਦੋਵਾਂ ਜਖਮੀ ਨੌੌਜਵਾਨਾਂ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲਾ ਪ੍ਰਸਾਸ਼ਨ ਵੱਲੋਂ ਸਮੂਹ ਅਸਲਾ ਧਾਰਕਾਂ ਨੂੰ ਆਪਣੇ ਹਥਿਆਰ ਜਮਾਂ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਪਰ ਬਾਵਜੂਦ ਇਸੇ ਅੱਜ ਇਹ ਭਾਣਾ ਵਾਪਰ ਗਿਆ। ਇਥੇ ਇਹ ਵੀ ਦੱਸਣਯੋਗ ਹੈ ਕਿ ਪੁਲਿਸ ਵੱਲੋਂ ਅਮਨ ਕਾਨੂੰਨ ਦੀ ਰਾਖੀ ਦੇ ਨਾਂ 'ਤੇ ਥਾਂ-ਥਾਂ ਨਾਕੇ ਲਗਾ ਕੇ ਆਮ ਨਾਗਰਿਕਾਂ ਦੀਆਂ ਤਲਾਸ਼ੀਆਂ ਲਈਆਂ ਜਾਂਦੀਆਂ ਹਨ ਪਰ ਅਜਿਹੇ ਸ਼ਰਾਰਤੀ ਅਨਸਰ ਸ਼ਰੇਆਮ ਹਥਿਆਰ ਲੈ ਕੇ ਘੁੰਮ ਰਹੇ ਹਨ ਤੇ ਇਹਨਾਂ ਸਾਹਮਣੇ ਪੁਲਿਸ ਮੂਕ ਦਰਸ਼ਕ ਬਣੀ ਨਜ਼ਰ ਆਉਂਦੀ ਹੈ।
ਭਾਂਵੇਂ ਕਿ ਜ਼ਿਲਾ ਪੁਲਿਸ ਮੁੱਖੀ ਸੰਦੀਪ ਗੋਇਲ ਨੇ ਅੱਜ ਦੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਪੁਲਿਸ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆ ਹਨ ਜਿਸ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਮੁਸ਼ਤੈਦ ਹੋ ਗਈ ਹੈ ਜਦ ਲੋਕਾਂ ਦਾ ਕਹਿਣਾ ਹੈ ਕਿ ਸਮਾਂ ਰਹਿੰਦੇ ਪੁਲਿਸ ਵੱਲੋਂ ਅਜਿਹੀ ਮੁਸ਼ਤੈਦੀ ਨਹੀ ਦਿਖਾਈ ਜਾਂਦੀ ਜਿਸ ਨਾਲ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ।