ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਮੀਟਿੰਗ ਵਿੱਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਤਰਸੇਮ ਮੰਗਲਾ , ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛੱਤਵਾਲ ਅਤੇ ਹੋਰ ਅਧਿਕਾਰੀ ।
ਤਸਵੀਰ : ਜਗਦੀਸ਼ ਥਿੰਦ
ਜਗਦੀਸ਼ ਥਿੰਦ
ਫਾਜ਼ਿਲਕਾ, 24 ਅਪ੍ਰੈਲ:
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਸ਼੍ਰੀ ਤਰਸੇਮ ਮੰਗਲਾ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਫ਼ਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਅੱਜ ਚੈਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਦੀ ਅਗਵਾਈ ਹੇਠ ਤਿਮਾਹੀ ਮੀਟਿੰਗਾਂ ਕੀਤੀਆਂ ਗਈਆਂ। ਜੁਡੀਸ਼ੀਅਲ ਕੋਰਟ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸ਼੍ਰੀ ਤਰਸੇਮ ਮੰਗਲਾ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੈਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਜੀ ਦੀ ਅਗਵਾਈ ਹੇਠ ਹੋਈਆਂ ਇਨ੍ਹਾਂ ਤਿਮਾਹੀ ਮੀਟੰਗਾਂ ਅਤੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਯੂ.ਟੀ.ਆਰ.ਸੀ. ਦੀ ਵਿਸ਼ੇਸ਼ ਮਹੀਨਾਵਾਰ ਮੀਟਿੰਗ ਦਾ ਮੁੱਖ ਏਜੰਡਾ ਜਿਵੇਂ ਪੰਜਾਬ ਰਾਜ ਪੀੜਤ ਮੁਆਵਜ਼ਾ ਸਕੀਮ, ਸੜਕ ਦੁਰਘਟਨਾ ਜਿਸ ਵਿੱਚ ਬੰਦਾ ਨਾ-ਮਾਲੂਮ ਹੋਵੇ ਅਤੇ ਫ਼ੌਤ ਹੋ ਗਿਆ ਹੋਵੇ, ਦੇ ਪੀੜਤਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਅਤੇ ਇਸ ਨਾਲ ਸਬੰਧਤ ਵਾਰਸ ਸਰਟੀਫ਼ਿਕੇਟ ਡੀ.ਸੀ. ਦਫ਼ਤਰ ਵੱਲੋਂ ਸਮੇਂ ਸਿਰ ਜਾਰੀ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਨਾਲ ਹੀ ਅਦਮਪਤਾ ਰਿਪੋਰਟਾਂ ਸਮੇਂ ਸਿਰ ਜਮ੍ਹਾਂ ਕਰਵਾਉਣ ਬਾਰੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਗਿਆ।
ਚੈਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੂੰ ਕਾਨੂੰਨੀ ਸਾਖਰਤਾ ਕੈਂਪਾਂ ਤੇ ਸੈਮੀਨਾਰਾਂ ਦੌਰਾਨ ਸਰਕਾਰੀ ਮੁਲਾਜ਼ਮਾਂ ਜਿਵੇਂ ਡੀ.ਡੀ.ਪੀ.ਓ, ਬੀ.ਡੀ.ਪੀ.ਓ ਅਤੇ ਸਰਪੰਚਾਂ ਦੇ ਸਹਿਯੋਗ ਅਤੇ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕਰਨ ਲਈ ਕਿਹਾ। ਇਸੇ ਤਰ੍ਹਾਂ ਉਨ੍ਹਾਂ ਲੋਕਾਂ ਤੱਕ ਮੁਫ਼ਤ ਕਾਨੂੰਨੀ ਸੇਵਾਵਾਂ ਦੀ ਜਾਣਕਾਰੀ ਪਹੁੰਚਾਉਣ ਲਈ ਵੱਖ-ਵੱਖ ਥਾਵਾਂ 'ਤੇ ਸੂਚਨਾ ਬੋਰਡ ਲਾਉਣ ਲਈ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਹੁਕਮ ਦਿੱਤੇ। ਉਨ੍ਹਾਂ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਨੂੰ ਸੂਚਨਾ ਬੋਰਡ ਲਾਉਣ ਲਈ ਯੋਗ ਥਾਵਾਂ ਦੀ ਚੋਣ ਲਈ ਵੀ ਕਿਹਾ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ।
ਇਸ ਮੌਕੇ ਸ਼੍ਰੀ ਤਰਸੇਮ ਮੰਗਲਾ ਨੇ ਡਿਪਟੀ ਕਮਿਸ਼ਨਰ ਨਾਲ ਵਿਚਾਰ-ਵਟਾਂਦਰਾ ਕਰਦਿਆਂ ਕਿਹਾ ਕਿ ਕੋਰਟ ਕੰਪਲੈਕਸ ਵਿੱਚ ਮੁਢਲੀ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ ਉਚੇਚਾ ਕਮਰਾ ਸਥਾਪਤ ਕੀਤਾ ਜਾਵੇ। ਇਸ ਤੋਂ ਇਲਾਵਾ ਇੱਕ ਛੱਤ ਥੱਲੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਾਉਣ ਲਈ ਵਿਸ਼ੇਸ਼ ਦਫ਼ਤਰ ਸਥਾਪਤ ਕੀਤਾ ਜਾਵੇ, ਜਿਥੇ ਹਰ ਤਰ੍ਹਾਂ ਦੀਆਂ ਸੇਵਾਵਾਂ ਦੇਣ ਲਈ ਹਰ ਮਹਿਕਮੇ ਦਾ ਨੁਮਾਇੰਦਾ ਹੋਵੇ, ਜੋ ਹਰ ਪੀੜਤ ਜਾਂ ਬਿਨੈਕਾਰ ਦੀ ਮਦਦ ਕਰ ਸਕੇ ਤਾਂ ਜੋ ਉਹ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਫ਼ਾਇਦਾ ਲੈ ਸਕਣ।
ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਸ਼੍ਰੀ ਰਾਜ ਪਾਲ ਰਾਵਲ ਨੇ ਡੀ. ਸੀ. ਸਾਹਿਬ ਦੇ ਧਿਆਨ ਵਿੱਚ ਆਵਾਰਾ ਪਸ਼ੂਆਂ ਦਾ ਮੁੱਦਾ ਲਿਆਉਂਦਿਆਂ ਇਸ 'ਤੇ ਕੋਈ ਠੋਸ ਕਾਰਵਾਈ ਕਰਨ ਲਈ ਆਖਿਆ ਤਾਂ ਜੋ ਜਾਨ-ਮਾਲ ਦਾ ਨੁਕਸਾਨ ਹੋਣ ਤੋਂ ਬਚ ਸਕੇ।
ਮੀਟਿੰਗ ਵਿੱਚ ਸ਼੍ਰੀ ਕੁਲਦੀਪ ਸ਼ਰਮਾ ਐਸ.ਪੀ. (ਐਚ) ਫਾਜ਼ਿਲਕਾ, ਸ਼੍ਰੀ ਆਸ਼ੀਸ਼ ਸਾਲਦੀ ਸਿਵਲ ਜੱਜ (ਸ.ਡ.), ਸ਼੍ਰੀ ਅਮਿਤ ਕੁਮਾਰ ਗਰਗ ਚੀਫ ਜੁਡੀਸ਼ੀਅਲ ਮੈਜਿਸਟਰੇਟ ਫਾਜ਼ਿਲਕਾ, ਸ਼੍ਰੀ ਪਰਦੀਪ ਸਿੰਘਾਲ ਵਧੀਕ ਸਿਵਲ ਜੱਜ (ਸ.ਡ.) ਫਾਜ਼ਿਲਕਾ, ਸ਼੍ਰੀ ਆਦਰਸ਼ ਕੁਮਾਰ ਮਹਾਜਨ ਜ਼ਿਲ੍ਹਾ ਅਟਾਰਨੀ ਫਾਜ਼ਿਲਕਾ, ਸ਼੍ਰੀ ਯੋਗੇਸ਼ ਕਸਰੀਜ਼ਾ ਡਿਪਟੀ ਜ਼ਿਲ੍ਹਾ ਅਟਾਰਨੀ ਫਾਜ਼ਿਲਕਾ, ਸ. ਗੁਰਪ੍ਰੀਤ ਸਿੰਘ ਸੋਢੀ ਡਿਪਟੀ ਸੁਪਰਡੈਂਟ ਸਬ-ਜੇਲ ਫਾਜ਼ਿਲਕਾ, ਸ਼੍ਰੀ ਰਿਤਿਸ਼ ਗਗਨੇਜਾ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਾਜ਼ਿਲਕਾ ਨੇ ਮੀਟਿੰਗ ਵਿੱਚ ਹਿੱਸਾ ਲਿਆ।