ਜਗਦੀਸ਼ ਥਿੰਦ
ਫ਼ਾਜ਼ਿਲਕਾ, 24 ਅਪ੍ਰੈਲ:
ਲੋਕ ਸਭਾ ਹਲਕਾ ਫ਼ਿਰੋਜ਼ਪੁਰ ਲਈ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਖ਼ਰਚੇ ਉਤੇ ਸਖ਼ਤ ਨਿਗ੍ਹਾ ਰੱਖਣ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਤੈਨਾਤ ਕੀਤੇ ਗਏ ਖ਼ਰਚਾ ਨਿਗਰਾਨ ਸ਼੍ਰੀ ਅਭੈਉਦੈ ਏ. ਆਨੰਦ, ਆਈ.ਆਰ.ਐਸ. ਨੇ ਅੱਜ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ. ਮਨਪ੍ਰੀਤ ਸਿੰਘ ਛੱਤਵਾਲ ਅਤੇ ਐਸ.ਐਸ.ਪੀ. ਸ਼੍ਰੀ ਦੀਪਕ ਹਿਲੋਰੀ ਸਮੇਤ ਜ਼ਿਲ੍ਹਾ ਫ਼ਾਜ਼ਿਲਕਾ ਦੇ ਚੋਣ ਅਮਲ ਵਿੱਚ ਲੱਗੇ ਸਾਰੇ ਨੋਡਲ ਅਫ਼ਸਰਾਂ ਨਾਲ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਸ. ਛੱਤਵਾਲ ਨੇ ਖ਼ਰਚਾ ਨਿਗਰਾਨ ਨੂੰ ਜ਼ਿਲ੍ਹੇ ਵਿੱਚ ਚੋਣਾਂ ਪ੍ਰਕਿਰਿਆ ਸਬੰਧੀ ਕੀਤੀਆਂ ਜਾ ਰਹੀਆਂ ਕਾਰਵਾਈਆਂ ਤੋਂ ਜਾਣੂ ਕਰਵਾਇਆ ਅਤੇ ਜ਼ਿਲ੍ਹੇ ਦੇ ਪਿਛੋਕੜ ਅਤੇ ਰੁਝਾਨ ਬਾਰੇ ਦੱਸਿਆ।
ਮੀਿਿਟੰਗ ਦੌਰਾਨ ਸ਼੍ਰੀ ਆਨੰਦ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਮੀਦਵਾਰਾਂ ਵੱਲੋਂ ਕੀਤੇ ਜਾਂਦੇ ਚੋਣ ਖ਼ਰਚੇ ਨੂੰ ਚੋਣ ਸਟਾਫ਼ ਆਪਣੇ ਰਜਿਸਟਰਾਂ ਵਿਚ ਸਬੂਤਾਂ ਸਮੇਤ ਨੋਟ ਕਰੇ ਤਾਂ ਜੋ ਕੋਈ ਵੀ ਉਮੀਦਵਾਰ ਕਮਿਸ਼ਨ ਵੱਲੋਂ ਤੈਅ ਕੀਤੀ ਖ਼ਰਚਾ ਹੱਦ ਨੂੰ ਪਾਰ ਕਰਨ ਨਾ ਕਰੇ। ਉਮੀਦਵਾਰਾਂ ਦੇ ਖ਼ਰਚੇ ਉਤੇ ਬਰਾਬਰ ਨਜ਼ਰ ਰੱਖਣ ਵਾਲੀਆਂ ਜ਼ਿਲ੍ਹੇ ਵਿਚ ਸਰਗਰਮ ਵੱਖ-ਵੱਖ ਟੀਮਾਂ ਨਾਲ ਮੀਟਿੰਗ ਦੌਰਾਨ ਖ਼ਰਚਾ ਨਿਗਰਾਨ ਨੇ ਅਧਿਕਾਰੀਆਂ ਤੋਂ ਵਿਸਥਾਰ ਵਿਚ ਜਾਣਕਾਰੀ ਲਈ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ, ''ਸਾਡਾ ਕੰਮ ਉਮੀਦਵਾਰਾਂ ਦੇ ਖ਼ਰਚੇ ਉਤੇ ਨਜ਼ਰ ਰੱਖਣਾ ਅਤੇ ਉਸ ਨੂੰ ਸਬੂਤਾਂ ਸਮੇਤ ਆਪਣੇ ਰਜਿਸਟਰਾਂ ਵਿਚ ਦਰਜ ਕਰਨਾ ਹੈ।'' ਉਨ੍ਹਾਂ ਕਿਹਾ ਕਿ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਪੈਸੇ, ਸ਼ਰਾਬ, ਤੋਹਫ਼ੇ ਅਤੇ ਨਗਦੀ ਵੰਡਣ ਤੋਂ ਰੋਕਣ ਲਈ ਸਖ਼ਤ ਨਿਗ੍ਹਾ ਰੱਖੀ ਜਾਵੇ। ਇਸ ਦੇ ਨਾਲ ਹੀ ਉਮੀਦਵਾਰਾਂ ਵੱਲੋਂ ਕੀਤੀ ਜਾਂਦੀ ਆਨਲਾਈਨ ਸ਼ਾਪਿੰਗ 'ਤੇ ਵੀ ਬਾਜ਼ ਅੱਖ ਰੱਖੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਪੈਂਦੇ ਪੈਟਰੌਲ ਪੰਪਾਂ 'ਤੇ ਨਿਰੰਤਰ ਜਾਂਚ ਕੀਤੀ ਜਾਵੇ ਤਾਂ ਜੋ ਪੰਪਾਂ ਤੋਂ ਪੈਟਰੌਲ ਪੁਆਉਣ ਦੀਆਂ ਆਦਿ ਘਟਨਾਵਾਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਚੋਣਾਂ ਵਿਚ ਲੋਭ-ਲਾਲਚ, ਨਸ਼ਾ, ਸ਼ਰਾਬ ਆਦਿ ਦੀ ਰੋਕ ਲਈ ਸਾਰੀਆਂ ਟੀਮਾਂ ਵੱਲੋਂ ਗੱਡੀਆਂ ਦੀ ਨਿਰੰਤਰ ਜਾਂਚ ਕੀਤੀ ਜਾਵੇ ਪਰ ਇਸ ਵਿਚ ਆਮ ਲੋਕਾਂ ਨੂੰ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ਹੋਣ ਕਰਕੇ ਇਥੇ ਨਸ਼ੇ ਦੀ ਸਪਲਾਈ ਦੀ ਸੰਭਾਵਨਾ ਹੋ ਸਕਦੀ ਹੈ, ਇਸ ਲਈ ਪੁਲਿਸ ਦੀ ਨਫ਼ਰੀ ਹੋਰ ਵਧਾਈ ਜਾਵੇ। ਉਨ੍ਹਾਂ ਕਿਹਾ ਕਿ ਬਿਨਾਂ ਡਾਕਟਰੀ ਪਰਚੀ ਦੇ ਆਮ ਦਵਾਈਆਂ ਦੀ ਵਿਕਰੀ ਵੱਲ ਵੀ ਉਚੇਚਾ ਧਿਆਨ ਕੇਂਦਰਤ ਕੀਤਾ ਜਾਵੇ ਕਿਉਂ ਜੋ ਅਜਿਹੀਆਂ ਦਵਾਈਆਂ ਦੀ ਵੀ ਨਸ਼ੇ ਦੇ ਤੌਰ 'ਤੇ ਵਰਤੋਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਗੱਡੀਆਂ ਦੀ ਚੈਕਿੰਗ ਦੇ ਨਾਲ-ਨਾਲ ਸੁੰਨਸਾਨ ਖੇਤਰਾਂ ਵਿੱਚ ਗ਼ੈਰ-ਕਾਨੂੰਨੀ ਵਸਤਾਂ ਦੇ ਸਟਾਕ ਦੀ ਸੰਭਾਵਨਾ ਹੋ ਸਕਦੀ ਹੈ, ਇਸ ਲਈ ਖੇਤਾਂ ਅਤੇ ਹੋਰ ਸੁੰਨੀਆਂ ਥਾਵਾਂ 'ਤੇ ਵੀ ਗਸ਼ਤ ਯਕੀਨੀ ਬਣਾਈ ਜਾਵੇ।
ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਨਗਦੀ ਜਾਂ ਸੋਨਾ ਆਦਿ ਫੜਿਆ ਜਾਂਦਾ ਹੈ ਤਾਂ ਉਸ ਦੀ ਜਾਂਚ ਵਿਚ ਇਹ ਵੇਖਿਆ ਜਾਵੇ ਕਿ ਇਹ ਕਿਥੋਂ ਅਤੇ ਕਿਸ ਕੰਮ ਲਈ ਆਇਆ ਹੈ। ਇਸ ਤੋਂ ਇਲਾਵਾ ਫੜੇ ਗਏ ਸਾਮਾਨ ਦੀ ਮੁਕੰਮਲ ਤੌਰ 'ਤੇ ਵੀਡੀਉ ਬਣਾਈ ਜਾਵੇ ਅਤੇ ਰਿਪੋਰਟ ਆਮਦਨ ਕਰ ਵਿਭਾਗ ਨੂੰ ਸੌਂਪੀ ਜਾਵੇ ਤਾਂ ਜੋ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਹਰ ਉਮੀਦਵਾਰ ਨੂੰ 70 ਲੱਖ ਰੁਪਏ ਤੱਕ ਦਾ ਚੋਣ ਖ਼ਰਚਾ ਕਰਨ ਦੀ ਆਗਿਆ ਹੈ ਅਤੇ ਸਾਡਾ ਕੰਮ ਖ਼ਰਚੇ ਦੀ ਸਬੂਤਾਂ ਸਮੇਤ ਜਾਣਕਾਰੀ ਇਕੱਠੀ ਕਰਨਾ ਹੈ। ਉਨ੍ਹਾਂ ਸਮੁੱਚੀਆਂ ਟੀਮਾਂ ਨੂੰ ਹਦਾਇਤ ਕੀਤੀ ਕਿ ਉਹ ਖ਼ਰਚਾ ਸੈੱਲ ਨੂੰ ਰੋਜ਼ਾਨਾ ਆਪਣੀ-ਆਪਣੀ ਰਿਪੋਰਟ ਭੇਜਣੀ ਯਕੀਨੀ ਬਣਾਉਣ ਤਾਂ ਜੋ ਖ਼ਰਚੇ ਦਾ ਮੁਕੰਮਲ ਰਿਕਾਰਡ ਰੱਖਿਆ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਹਰੇਕ ਜਾਂਚ ਦੀ ਵੀਡੀਉ ਰਿਕਾਰਡਿੰਗ ਕੀਤੀ ਜਾਵੇ ਅਤੇ ਫੜੇ ਗਏ ਨਗਦੀ ਜਾਂ ਸੋਨੇ ਨੂੰ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਵਿਚ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਜਿਥੇ ਨਾਮਜ਼ਦਗੀ ਤੋਂ ਪਹਿਲਾਂ ਖ਼ਰਚਾ ਸਬੰਧਤ ਪਾਰਟੀ ਦੇ ਖਾਤੇ ਵਿੱਚ ਜੁੜੇਗਾ, ਉਥੇ ਨਾਮਜ਼ਦਗੀ ਦਾਖ਼ਲ ਕਰਨ ਉਪਰੰਤ ਖ਼ਰਚਾ ਉਮੀਦਵਾਰ ਦੇ ਖਾਤੇ ਵਿੱਚ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ ਸਟਾਰ ਪ੍ਰਚਾਰਕ ਦੇ ਦੌਰੇ, ਚੋਣ ਮੀਟਿੰਗਾਂ, ਰੈਲੀਆਂ, ਰੋਡ ਸ਼ੋਅ ਆਦਿ 'ਤੇ ਸਟੈਟਿਕ ਸਰਵਿਲੈਂਸ, ਵੀਡੀਉ ਟੀਮਾਂ ਅਤੇ ਉੱਡਣ ਦਸਤਿਆਂ ਦੀਆਂ ਟੀਮਾਂ ਰਾਹੀਂ ਸਖ਼ਤ ਨਜ਼ਰ ਰੱਖੀ ਜਾਵੇਗੀ ਅਤੇ ਸਾਰਾ ਖ਼ਰਚਾ ਸ਼ੈਡੋ ਰਜਿਸਟਰ 'ਚ ਦਰਜ ਕਰਨਾ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਮੀਡੀਆ ਸਰਟੀਫਿਕੇਸ਼ਨ ਐਂਡ ਮੌਨੀਟਰਿੰਗ ਕਮੇਟੀ ਵਲੋਂ ਪ੍ਰਿੰਟ ਅਤ ਇਲੈਕਟ੍ਰਾਨਿਕ ਮੀਡੀਆ 'ਤੇ ਆਉਣ ਵਾਲੀਆਂ ਪੇਡ ਨਿਊਜ਼ ਅਤੇ ਇਸ਼ਤਿਹਾਰਾਂ ਦਾ ਖ਼ਰਚਾ ਬੁੱਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਈਆਂ ਜਾਣਗੀਆਂ, ਇਸ ਲਈ ਹੋਰ ਗੰਭੀਰਤਾ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ ਜਾਵੇ।
ਜ਼ਿਲਾ ਚੋਣ ਅਫ਼ਸਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਈਆਂ ਜਾਣਗੀਆਂ। ਉਨ੍ਹਾਂ ਟੀਮਾਂ ਨੂੰ ਆਪਸੀ ਤਾਲਮੇਲ ਨਾਲ ਲੋਕ ਸਭਾ ਚੋਣਾਂ ਦੀ ਸਮੁੱਚੀ ਪ੍ਰਕਿਰਿਆ ਪੂਰੇ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਦੀ ਹਦਾਇਤ ਕਰਦਿਆਂ ਕਿਹਾ ਕਿ ਉਮੀਦਵਾਰਾਂ ਦੇ ਚੋਣ ਲੜਨ ਲਈ ਨਿਰਧਾਰਤ ਖ਼ਰਚੇ 'ਤੇ ਪੂਰੀ ਨਿਗਰਾਨੀ ਰੱਖੀ ਜਾਵੇ। ਉਨ੍ਹਾਂ ਜ਼ਿਲ੍ਹਾ ਪੁਲਿਸ ਨੂੰ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਕਿਹਾ ਅਤੇ ਆਬਕਾਰੀ ਤੇ ਕਰ ਵਿਭਾਗ ਨੂੰ ਨਾਜਾਇਜ਼ ਸ਼ਰਾਬ ਫੜਨ ਸਬੰਧੀ ਗਤੀਵਿਧੀਆਂ 'ਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ।
ਮੀਟਿੰਗ ਉਪਰੰਤ ਖ਼ਰਚਾ ਆਬਜ਼ਰਵਰ ਸ਼੍ਰੀ ਅਭੈਉਦੈ ਏ. ਆਨੰਦ ਅਤੇ ਜ਼ਿਲ੍ਹਾ ਚੋਣ ਅਫ਼ਸਰ ਸ. ਮਨਪ੍ਰੀਤ ਸਿੰਘ ਛੱਤਵਾਲ, ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਆਰ.ਪੀ ਸਿੰਘ ਨੇ ਐਮ.ਸੀ.ਐਮ.ਸੀ. ਰੂਮ, ਹੈਲਪਲਾਈਨ 1950 ਦੇ ਕੰਟਰੋਲ ਰੂਮ ਅਤੇ ਸਵੀਪ ਪ੍ਰਾਜੈਕਟ ਰੂਮ ਦਾ ਦੌਰਾ ਕੀਤਾ ਅਤੇ ਸੰਤੁਸ਼ਟੀ ਪ੍ਰਗਟਾਈ। ਇਸ ਤੋਂ ਇਲਾਵਾ ਉਨ੍ਹਾਂ ਵਿਧਾਨ ਸਭਾ ਪੱਧਰ 'ਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਅਤੇ ਸਟੈਟਿਕ ਸਰਵਿਲੈਂਸ, ਵੀਡੀਉ ਅਤੇ ਉੱਡਣ ਦਸਤਿਆਂ ਦੀਆਂ ਟੀਮਾਂ ਦੇ ਮੁਲਾਜ਼ਮਾਂ ਨਾਲ ਵੀ ਮੀਟਿੰਗਾਂ ਕੀਤੀਆਂ।