ਸ਼ੇਰ ਸਿੰਘ ਘੁਬਾਇਆ ਦਾ ਮੂੰਹ ਮਿੱਠਾ ਕਰਵਾਉਣ ਮੌਕੇ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ
ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ 24 ਅਪ੍ਰੈਲ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਕਾਂਗਰਸ ਟਿਕਟ ਦੇ ਵੱਡੇ ਦਾਅਵੇਦਾਰ ਰਾਣਾ ਗੁਰਮੀਤ ਸਿੰਘ ਸੋਢੀ ਖੇਡ ਮੰਤਰੀ ਪੰਜਾਬ ਨੂੰ ਆਪਣੇ ਨਾਲ ਤੋਰਨ ਲਈ ਮੌਜੂਦਾ ਕਾਂਗਰਸ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਮੀਟਿੰਗ ਕੀਤੀ ।
ਮੀਟਿੰਗ ਤੋਂ ਬਾਅਦ ਉਨ੍ਹਾਂ ਕਿਹਾ ਕਿ ਗਿਲੇ ਸ਼ਿਕਵੇ ਪਰਿਵਾਰਾਂ ਵਿੱਚ ਵੀ ਹੋ ਜਾਂਦੇ ਹਨ ਪਰ ਹੁਣ ਰਾਣਾ ਸੋਢੀ ਨੇ ਵਿਸ਼ਵਾਸ ਦਵਾਇਆ ਹੈ ਕਿ ਉਹ ਕਾਂਗਰਸ ਪਾਰਟੀ ਦੀ ਜਿੱਤ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ।
ਰਾਣਾ ਸੋਢੀ ਨੂੰ ਕਾਂਗਰਸ ਟਿਕਟ ਨਾ ਮਿਲਣ ਤੇ ਉਨ੍ਹਾਂ ਦੇ ਵਰਕਰਾਂ ਨੇ ਵੱਡੇ ਰੋਹ ਦਾ ਪ੍ਰਗਟਾਵਾ ਕੀਤਾ ਸੀ । ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਖੁਦ ਕਿਹਾ ਸੀ ਕਿ ਕੁਝ ਲੋਕਾਂ ਨੇ ਅਸਲ ਸਥਿਤੀ ਕਾਂਗਰਸ ਲੀਡਰਸ਼ਿਪ ਕੋਲੋਂ ਲੁਕੋਈ ਹੈ । ਰਾਣਾ ਸੋਢੀ ਦਾ ਇਸ਼ਾਰਾ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲ ਸੀ ।
ਰਾਣਾ ਸੋਢੀ ਨਾਲ ਹੋਈ ਮੀਟਿੰਗ ਮੌਕੇ ਬਲਾਕ ਕਾਂਗਰਸ ਪ੍ਰਧਾਨ ਲੱਖੋ ਕੇ ਬਹਿਰਾਮ ਰਵੀ ਦੱਤ ਚਾਵਲਾ , ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦਵਿੰਦਰ ਸਿੰਘ ਜੰਗ , ਬਲਤੇਜ ਸਿੰਘ ਬਰਾੜ ਆਦਿ ਮੌਜੂਦ ਸਨ ।
ਇਸ ਮੌਕੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਲੱਡੂ ਨਾਲ ਸ਼ੇਰ ਸਿੰਘ ਘੁਬਾਇਆ ਦਾ ਮੂੰਹ ਮਿਠਾ ਕਰਵਾ ਕੇ ਉਸ ਨੂੰ ਸ਼ੁਭ ਕਾਮਨਾਵਾਂ ਦਿਤੀਆਂ ।