ਪਟਿਆਲਾ, 17 ਜਨਵਰੀ 2019 : ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ ਨੇ ਦੱਸਿਆ ਕਿ 31 ਦਸੰਬਰ 2018 ਤੱਕ ਪੀ.ਆਰ.ਟੀ.ਸੀ. ਵੱਲੋਂ ਆਪਣੇ ਸਾਰੇ ਮੁਲਾਜ਼ਮਾਂ ਦੀਆਂ ਤਨਖਾਹਾਂ, ਪੈਨਸ਼ਨ, ਮੈਡੀਕਲ ਫੰਡ, ਜੀ.ਪੀ. ਅਤੇ ਸੀ.ਪੀ. ਫੰਡ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪੀ.ਆਰ.ਟੀ.ਸੀ. ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਕੋਈ ਵੀ ਅਦਾਇਗੀ ਬਕਾਇਆ ਨਹੀਂ ਹੈ ਸੋ ਯਾਤਰੀਆਂ ਦੀ ਸਹੂਲਤ ਲਈ ਨਵੀਆਂ ਬੱਸਾਂ ਦੀ ਸਹੂਲਤ ਦਿੱਤੀ ਗਈ ਸੀ ਜਿਸ ਕਾਰਨ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਘਾਟੇ ਤੋਂ ਮੁਨਾਫੇ ਵਿੱਚ ਆਈ ਹੈ।
ਕੇ.ਕੇ. ਸ਼ਰਮਾ ਨੇ ਦੱਸਿਆ ਕਿ ਸਾਲ 2016-17 ਦੌਰਾਨ ਪੀ.ਆਰ.ਟੀ.ਸੀ. 5.57 ਕਰੋੜ ਰੁਪਏ ਦੇ ਘਾਟੇ ਵਿੱਚ ਸੀ ਪਰ ਸਟਾਫ ਦੀ ਮਿਹਨਤ ਸਦਕਾ ਸਾਲ 2017-18 ਦੌਰਾਨ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ 15.50 ਕਰੋੜ ਰੁਪਏ ਦਾ ਉਪਰੇਸ਼ਨਲ ਮੁਨਾਫਾ ਕਮਾਇਆ। ਉਨ੍ਹਾਂ ਦੱਸਿਆ ਕਿ ਸਟਾਫ ਦੇ ਮਿਹਨਤ ਸਦਕਾ 2018-19 ਦੇ ਸਮੇਂ ਦੌਰਾਨ ਅਪ੍ਰੈਲ 2018 ਤੋਂ ਸਤੰਬਰ 2018 ਦਰਮਿਆਨ ਪੀ.ਆਰ.ਟੀ.ਸੀ. ਨੇ 9.57 ਕਰੋੜ ਰੁਪਏ ਦਾ ਉਪਰੇਸ਼ਨਲ ਮੁਨਾਫਾ ਕਮਾਇਆ ਹੈ ਅਤੇ ਇਸ ਸਮੇਂ ਦੌਰਾਨ ਪੀ.ਆਰ.ਟੀ.ਸੀ. ਨੇ ਆਪਣੇ ਸਾਰੇ ਸੇਵਾ ਮੁਕਤ ਕਰਮਚਾਰੀਆਂ ਦੀਆਂ ਲੀਵ ਇਨਕੈਸਮੈਂਟ ਅਤੇ ਗਰੈਚਟੀ ਆਦਿ ਵੀ ਅਦਾ ਕਰ ਦਿੱਤੀ ਹਨ। ਉਨ੍ਹਾਂ ਵਿੱਤੀ ਵਰ੍ਹੇ ਦੀ ਚਾਲੂ ਛਮਾਹੀ ਦੌਰਾਨ ਵੀ ਇਸ ਤੋਂ ਵੀ ਹੋਰ ਵਧੇਰੇ ਮੁਨਾਫ਼ਾ ਕਮਾਉਣ ਦੀ ਆਸ ਜਤਾਈ।
ਇਸ ਦੌਰਾਨ ਪੀ.ਆਰ.ਟੀ.ਸੀ. ਦੇ ਐਮ.ਡੀ ਸ੍ਰੀ ਮਨਜੀਤ ਸਿੰਘ ਨਾਰੰਗ ਨੇ ਦੱਸਿਆ ਕਿ ਅਦਾਰੇ ਨੂੰ ਘਾਟੇ ਤੋਂ ਮੁਨਾਫੇ ਵਿੱਚ ਲਿਆਉਣ ਲਈ ਸਟਾਫ ਦੀ ਮਿਹਨਤ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਸਟਾਫ ਦੀ ਸ਼ਲਾਘਾ ਕਰਦਿਆ ਕਿਹਾ ਕਿ ਇਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਹੀ ਪੀ.ਆਰ.ਟੀ.ਸੀ. ਦੁਬਾਰਾ ਆਪਣੇ ਪੈਰਾ 'ਤੇ ਖੜੇ ਹੋਣ ਵਿੱਚ ਕਾਮਯਾਬ ਹੋਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਸਟਾਫ ਦੇ ਸਹਿਯੋਗ ਨਾਲ ਪੀ.ਆਰ.ਟੀ.ਸੀ. ਯਾਤਰੀਆਂ ਨੂੰ ਹੋਰ ਸਹੂਲਤਾਂ ਪ੍ਰਦਾਨ ਕਰੇਗਾ ਅਤੇ ਨਾਲ ਹੀ ਆਪਣੀ ਵਿੱਤੀ ਹਾਲਤ ਨੂੰ ਹੋਰ ਮਜ਼ਬੂਤ ਰੱਖੇਗਾ।