ਫਿਰੋਜ਼ਪੁਰ 14 ਦਸੰਬਰ (ਗੁਰਿੰਦਰ ਸਿੰਘ) ਸਿਟੀ ਫਿਰੋਜ਼ਪੁਰ ਪੁਲਿਸ ਵੱਲੋਂ 4 ਚੋਰਾਂ ਨੂੰ ਚੋਰੀ ਦੇ ਸਮਾਨ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲੋਂ ਦਲਬੀਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਅਹਿਮਦ ਖਾਂ ਦੀ ਰੈਡੀਮੇਡ ਦੀ ਦੁਕਾਨ ਗਲੀ ਨੰਬਰ 4 ਅਖਤਰ ਆਸ਼ਿਆਨਾ ਫਿਰੋਜ਼ਪੁਰ ਸ਼ਹਿਰ ਵਿੱਚੋਂ ਅਣਪਛਾਤੇ ਚੋਰ ਰੈਡੀਮੇਡ ਕੱਪੜੇ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ ਸਨ। ਜਿਸ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਵੱਲੋਂ ਅਣਪਛਾਤੇ ਚੋਰਾਂ ਦੇ ਖਿਲਾਫ ਮੁਕੱਦਮਾ ਨੰਬਰ 212 ਮਿਤੀ 17 ਅਕਤੂਬਰ 2018 ਨੂੰ ਆਈਪੀਸੀ ਐਕਟ ਦੀਆਂ ਧਰਾਵਾਂ 457, 380 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਪੁਲਿਸ ਵੱਲੋਂ ਉਕਤ ਰੈਡੀਮੇਡ ਦੀ ਦੁਕਾਨ ਵਿਚੋਂ ਸਮਾਨ ਚੋਰੀ ਕਰਨ ਵਾਲੇ ਮੁਲਜ਼ਮ ਟਰੇਸ ਕਰਦਿਆਂ ਉਨ੍ਹਾਂ ਦੇ ਕਬਜ਼ੇ ਵਿੱਚੋਂ ਅੱਜ ਸਮਾਨ ਬਰਾਮਦ ਕਰ ਲਿਆ ਗਿਆ।
ਵਧੇਰੇ ਜਾਣਕਾਰੀ ਦਿੰਦੇ ਹੋਏ ਡੀਐੱਸਪੀ (ਸ਼ਹਿਰੀ) ਜਸਪਾਲ ਸਿੰਘ ਅਤੇ ਥਾਣਾ ਸਿਟੀ ਮੁਖੀ ਇੰਸਪੈਕਟਰ ਪੁਸ਼ਪਿੰਦਰ ਪਾਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁੱਖੀ ਫਿਰੋਜ਼ਪੁਰ ਪ੍ਰੀਤਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਲਾਕੇ ਅੰਦਰ ਚੋਰਾਂ, ਲੁਟੇਰਿਆਂ ਅਤੇ ਮਾੜੇ ਅਨਸਰਾਂ ਵਿਰੁੱਧ ਮੁਹਿੰਮ ਚਲਾਈ ਹੋਈ ਹੈ। ਇਸੇ ਮੁਹਿੰਮ ਦੇ ਚੱਲਦਿਆਂ ਥਾਣਾ ਸਿਟੀ ਪੁਲਿਸ ਵੱਲੋਂ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚੋਂ ਦੁਕਾਨ ਭੰਨ ਕੇ ਸਮਾਨ ਚੋਰੀ ਕਰਨ ਵਾਲੇ ਮੁਲਜ਼ਮ ਜਸਪ੍ਰੀਤ ਸਿੰਘ ਉਰਫ ਸਾਬੀ ਪੁੱਤਰ ਬੋਹੜ ਸਿੰਘ ਵਾਸੀ ਬੂਟੇਵਾਲੀ ਥਾਣਾ ਕੁੱਲਗੜ੍ਹੀ, ਰਾਹੁਲ ਚੌਹਾਨ ਪੁੱਤਰ ਬਲਵਿੰਦਰ ਵਾਸੀ ਦੁਲਚੀਕੇ ਰੋਡ ਕੰਬੋਜ਼ ਨਗਰ ਫਿਰੋਜ਼ਪੁਰ ਸ਼ਹਿਰ, ਜੋਰਾ ਉਰਫ ਘੋਦੀ ਪੁੱਤਰ ਪਾਲਾ ਵਾਸੀ ਖਾਈ ਫੇਮੇਕੀ ਥਾਣਾ ਸਦਰ ਫਿਰੋਜ਼ਪੁਰ ਅਤੇ ਰੋਹਿਤ ਉਰਫ ਦਾਰੀ ਪੁੱਤਰ ਸ਼ੰਕਰ ਵਾਸੀ ਝੋਕ ਹਰੀਹਰ ਹਾਲ ਬਸਤੀ ਭੱਟੀਆਂ ਵਾਲੀ ਫਿਰੋਜ਼ਪੁਰ ਸ਼ਹਿਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਡੀਐੱਸਪੀ ਜਸਪਾਲ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਪੁਸ਼ਪਿੰਦਰ ਪਾਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਮੰਨੇ ਕਿ ਉਨ੍ਹਾਂ ਨੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਰੈਡੀਮੇਡ ਕੱਪੜੇ, ਦੋ ਗੱਡੀਆਂ ਇਕ ਇੰਡੀਗੋ ਅਤੇ ਦੂਜੀ ਵੈਗਨ ਆਰ, 2 ਐੱਲਸੀਡੀ, 2 ਇੰਨਵੈਟਰ ਸਮੇਤ 2 ਬੈਟਰੇ ਅਤੇ 4 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।