Courtesy - FIH Twitter
ਰਿਵਰਸ ਫਲਿੱਕ @ ਨਵਦੀਪ ਸਿੰਘ ਗਿੱਲ (97800-36216)
ਹਾਕੀ ਵਿਸ਼ਵ ਕੱਪ ਵਿੱਚ 43 ਵਰ੍ਹਿਆਂ ਬਾਅਦ ਸੈਮੀ ਫ਼ਾਈਨਲ ਖੇਡਣ ਦੀਆਂ ਭਾਰਤੀ ਹਾਕੀ ਟੀਮ ਦੀਆਂ ਆਸਾਂ ਟੁੱਟ ਗਈਆਂ। ਕੁਆਰਟਰ ਫ਼ਾਈਨਲ ਵਿੱਚ ਆਪਣੇ ਨਾਲ਼ੋਂ ਤਕੜੀ ਸਮਝੀ ਜਾਂਦੀ ਹਾਲੈਂਡ ਹੱਥੋਂ ਪਹਿਲਾ ਲੀਡ ਲੈਣ ਤੋਂ ਬਾਅਦ ਦੰਦਾਂ ਥੱਲੇ ਉਂਗਲੀਆਂ ਚਬਾਉਣ ਵਾਲੇ ਮੈਚ ਵਿੱਚ ਭਾਰਤ ਦੇ 1-2 ਨਾਲ ਹਾਰਨ ਤੋਂ ਬਾਅਦ ਕਰੋੜਾਂ ਹਾਕੀ ਪ੍ਰੇਮੀਆਂ ਦੇ ਦਿਲ ਵੀ ਟੁੱਟੇ। ਭਾਰਤ ਨੇ ਆਖਰੀ ਵਾਰ ਵਿਸ਼ਵ ਕੱਪ ਦਾ ਸੈਮੀ ਫ਼ਾਈਨਲ 1975 ਵਿੱਚ ਕੁਆਲਾ ਲੰਪਰ ਵਿਖੇ ਖੇਡਿਆ ਸੀ ਜਿੱਥੇ ਭਾਰਤ ਨੇ ਪਲੇਠਾ ਤੇ ਇਕਲੌਤਾ ਵਿਸ਼ਵ ਕੱਪ ਜਿੱਤਿਆ ਸੀ।ਅੱਜ ਦੂਜੇ ਕੁਆਰਟਰ ਫਾਈਨਲ ਵਿੱਚ ਓਲੰਪਿਕ ਉਪ ਜੇਤੂ ਬੈਲਜੀਅਮ ਨੇ ਵੀ ਕੱਪ ਜਿੱਤਣ ਦੀ ਦਾਅਵੇਦਾਰ ਜਾਪ ਰਹੀ ਜਰਮਨੀ ਨੂੰ 2-1 ਨਾਲ ਹਰਾ ਕੇ ਸੈਮੀ ਫ਼ਾਈਨਲ ਵਿੱਚ ਸਥਾਨ ਹਾਸਲ ਕਰ ਲਿਆ।
ਅੱਜ ਦੇ ਦੋਵੇਂ ਕੁਆਰਟਰ ਫਾਈਨਲ ਮੈਚਾਂ ਵਿੱਚ ਕਈ ਸਮਨਾਤਾਵਾਂ ਰਹੀਆਂ। ਦੋਵੇਂ ਮੈਚਾਂ ਦਾ ਨਤੀਜਾ ਵੀ ਸਮਾਨ ਰਿਹਾ। ਹਾਰਨ ਵਾਲੀਆਂ ਦੋਵੇਂ ਟੀਮਾਂ ਆਪੋ ਆਪਣੇ ਪੂਲ ਵਿੱਚ ਚੋਟੀ ਉਤੇ ਰਹੀਆਂ ਸਨ ਜਦੋਂ ਕਿ ਜਿੱਤਣ ਵਾਲੀਆਂ ਟੀਮਾਂ ਦੂਜੇ ਸਥਾਨ ਉਤੇ ਰਹੀਆਂ ਸਨ। ਦੋਵੇਂ ਮੈਚਾਂ ਵਿੱਚ ਹਾਰਨ ਵਾਲੀ ਟੀਮ ਨੇ ਪਹਿਲੇ-ਪਹਿਲੇ ਕੁਆਰਟਰ ਵਿੱਚ ਪਹਿਲਾ ਲੀਡ ਹਾਸਲ ਕੀਤੀ। ਫੇਰ ਸਕੋਰ ਦੋਵੇਂ ਮੈਚਾਂ ਵਿੱਚ ਪਹਿਲੇ ਅੱਧ ਵਿੱਚ ਬਰਾਬਰ ਹੋਇਆ।ਅੰਤ ਦੋਵੇਂ ਮੈਚਾਂ ਵਿੱਚ ਜੇਤੂ ਟੀਮ ਨੇ ਆਖਰੀ ਕੁਆਰਟਰ ਵਿੱਚ ਜੇਤੂ ਗੋਲ ਕੀਤਾ। ਇਤਫਾਕਨ ਵਜੋਂ ਦੋਵੇਂ ਮੈਚਾਂ ਵਿੱਚ ਜੇਤੂ ਗੋਲ ਵੀ 50ਵੇਂ ਮਿੰਟ ਵਿੱਚ ਹੀ ਹੋਇਆ।
ਵਿਸ਼ਵ ਕੱਪ ਵਿੱਚ ਚੰਗੀ ਫ਼ਾਰਮ ਵਿੱਚ ਨਜ਼ਰ ਆ ਰਹੀ ਭਾਰਤੀ ਟੀਮ ਨੇ ਸ਼ੁਰੂਆਤ ਵੀ ਵਧੀਆਂ ਕੀਤੀ ਅਤੇ 12ਵੇਂ ਪੈਨਲਟੀ ਕਾਰਨਰ ਉੱਪਰ ਅਕਾਸ਼ਦੀਪ ਸਿੰਘ ਨੇ ਰਿਵਾਊਂਡ ਉਪਰ ਰਿਵਰਸ ਫਲਿੱਕ ਜੜਦਿਆਂ ਗੋਲ ਕਰ ਦਿੱਤਾ। 15ਵੇਂ ਮਿੰਟ ਵਿੱਚ ਬਰਿੰਕਮੈਨ ਨੇ ਹਿੱਟ ਉੱਪਰ ਹਲਕਾ ਜਿਹਾ ਟੱਚ ਲਾਉਂਦਿਆਂ ਗੋਲ ਕਰ ਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਫੇਰ ਦੂਜੇ ਤੇ ਤੀਜੇ ਕੁਆਰਟਰ ਵਿੱਚ ਦੋਵੇਂ ਟੀਮਾਂ ਗੋਲ ਲਈ ਕੋਸ਼ਿਸ਼ਾਂ ਕਰਦੀਆਂ ਰਹੀਆਂ ਪਰ ਅਸਫਲ ਰਹੀਆਂ।50ਵੇਂ ਮਿੰਟ ਵਿੱਚ ਹਾਲੈਂਡ ਨੂੰ ਪੈਨਲਟੀ ਕਾਰਨਰ ਮਿਲਿਆਂ ਜਿਸ ਉਤੇ ਵਾਨ ਡੀ ਵੀਰਡਨ ਨੇ ਡਰੈਗ ਫਲਿੱਕ ਰਾਹੀਂ ਜਿਉਂ ਹੀ ਗੋਲ ਵਿੱਚ ਮਾਰੀ ਤਾਂ ਖਚਾਖਚ ਭਰੇ ਕਲਿੰਗਾ ਸਟੇਡੀਅਮ ਵਿੱਚ ਸੰਨਾਟਾ ਛਾ ਗਿਆ। ਭਾਰਤ ਨੇ ਅੰਤ ਤੱਕ ਸਕੋਰ ਬਰਾਬਰ ਕਰਨ ਦੀਆਂ ਕੋਸ਼ਿਸ਼ਾਂ ਬਹੁਤ ਕੀਤੀਆਂ ਪਰ ਸੈਮੀ ਫ਼ਾਈਨਲ ਦਾ ਰਾਹ ਇੰਨਾ ਸੌਖਾ ਨਹੀਂ ਸੀ। ਸਾਹਾਂ ਰੋਕ ਕੇ ਮੈਚ ਦੇਖ ਕੇ ਭਾਰਤੀ ਹਾਕੀ ਪ੍ਰੇਮੀਆਂ ਦੇ ਹਰ ਮੂਵ ਉਪਰ ਸ਼ਾਹ ਸੂਤੇ ਜਾਂਦੇ ਪਰ ਅੰਤ ਸਦਮੇ ਵਾਂਗ ਮੈਚ ਸਮਾਪਤ ਹੋਇਆ ਜਿਸ ਵਿੱਚ ਹਾਲੈਂਡ 2-1 ਨਾਲ ਜੇਤੂ ਰਿਹਾ।
ਇਸ ਤੋਂ ਪਹਿਲਾ ਤੀਜੇ ਕੁਆਰਟਰ ਫ਼ਾਈਨਲ ਵਿੱਚ ਬੈਲਜੀਅਮ ਨੇ ਜਰਮਨੀ ਨੂੰ 2-1 ਨਾਲ ਹਰਾਇਆ।ਜਰਮਨੀ ਵੱਲੋਂ ਲਿਨੇਕੋਗਲ ਨੇ 14ਵੇਂ ਮਿੰਟ ਵਿੱਚ ਗੋਲ ਕੀਤਾ। ਬੈਲਜੀਅਮ ਦੇ ਹੈਂਡਰਿਕਸ ਨੇ 18ਵੇਂ ਮਿੰਟ ਵਿੱਚ ਗੋਲ ਕਰ ਕੇ ਸਕੋਰ ਬਰਾਬਰ ਕਰ ਦਿੱਤਾ। ਬੂਨ ਵੱਲੋਂ 50ਵੇਂ ਮਿੰਟ ਵਿੱਚ ਕੀਤੇ ਗੋਲ ਸਦਕਾ ਬੈਲਜੀਅਮ ਨੇ ਮੈਚ 2-1 ਨਾਲ ਜਿੱਤ ਲਿਆ।
14 ਦਸੰਬਰ ਨੂੰ ਅਰਾਮ ਦਾ ਦਿਨ ਹੈ ਅਤੇ 15 ਦਸੰਬਰ ਨੂੰ ਦੋਵੇਂ ਸੈਮੀ ਫ਼ਾਈਨਲ ਖੇਡਿਆ ਜਾਵੇਗਾ ਜਿੱਥੇ ਇੰਗਲੈਂਡ ਤੇ ਬੈਲਜੀਅਮ ਅਤੇ ਆਸਟਰੇਲੀਆ ਤੇ ਹਾਲੈਂਡ ਵਿਚਾਲੇ ਮੁਕਾਬਲਾ ਹੋਵੇਗਾ।