ਨਵਾਂ ਸ਼ਹਿਰ, 13 ਦਸੰਬਰ 2018: ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣਕਾਰ ਅਫ਼ਸਰ ਵਿਨੈ ਬਬਲਾਨੀ ਵੱਲੋਂ 15 ਦਸੰਬਰ ਤੋਂ ਸ਼ੁਰੂ ਹੋ ਰਹੇ ਪੰਚਾਇਤੀ ਚੋਣਾਂ ਦੇ ਨਾਮਜ਼ਦਗੀ ਅਮਲ ਦੌਰਾਨ ਸੁਰੱਖਿਆ ਤੇ ਹੋਰ ਪ੍ਰਬੰਧਾਂ ਦੀ ਸਮੀਖਿਆ ਲਈ ਅੱਜ ਸ਼ਾਮ ਵਧੀਕ ਡਿਪਟੀ ਕਮਿਸ਼ਨਰਾਂ, ਐਸ ਪੀ (ਐਚ) ਤੇ ਸਬ ਡਵੀਜ਼ਨ ਮੈਜਿਸਟ੍ਰੇਟਾਂ ਤੇ ਪੁਲਿਸ ਅਧਿਕਾਰੀਆਂ ਨਾਲ ਵਿਸਤਿ੍ਰਤ ਬੈਠਕ ਕੀਤੀ ਗਈ।
ਉਨ੍ਹਾਂ ਇਸ ਮੌਕੇ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਕਿ 15 ਦਸੰਬਰ ਤੋਂ 21 ਦਸੰਬਰ ਤੱਕ ਚੱਲਣ ਵਾਲੀ ਨਾਮਜ਼ਦਗੀ ਪ੍ਰਕਿਰਿਆ ਤਹਿਤ ਔੜ ਬਲਾਕ ਦੀਆਂ ਗਰਾਮ ਪੰਚਾਇਤਾਂ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪਰਚੇ ਦਾਖਲ ਕਰਨ ਲਈ ਔੜ ਬਲਾਕ ’ਚ ਛੇ ਥਾਂਵਾਂ ’ਤੇ, ਬੰਗਾ ’ਚ 10 ਥਾਂਵਾਂ ’ਤੇ, ਨਵਾਂਸ਼ਹਿਰ ’ਚ 9 ਥਾਂਵਾਂ ’ਤੇ, ਸੜੋਆ ’ਚ 6 ਥਾਂਵਾਂ ’ਤੇ ਅਤੇ ਬਲਾਚੌਰ ’ਚ 12 ਥਾਂਵਾਂ ’ਤੇ ਰਿਟਰਨਿੰਗ ਅਫ਼ਸਰ/ਸਹਾਇਕ ਰਿਟਰਨਿੰਗ ਅਫ਼ਸਰ ਬੈਠਣਗੇ, ਜਿੱਥੇ ਢੁਕਵੇਂ ਸੁਰੱਖਿਆ ਪ੍ਰਬੰਧਾਂ ਦਾ ਇੰਤਜ਼ਾਮ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪੁਲਿਸ ਦੇ ਅਧਿਕਾਰੀਆਂ ਨੂੰ ਨਾਮਜ਼ਦਗੀ ਅਮਲ ਦੌਰਾਨ ਨਿਰਧਾਰਿਤ ਸਥਾਨਾਂ ’ਤੇ ਮਾਹੌਲ ਨੂੰ ਸ਼ਾਂਤ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੀ ਜ਼ਿੰਮੇਂਵਾਰੀ ਸੌਂਪਦਿਆਂ ਪੰਜਾਂ ਬਲਾਕਾਂ ਦੀ ਸੁਰੱਖਿਆ ਦੀ ਅਗਵਾਈ ਡੀ ਐਸ ਪੀ ਪੱਧਰ ਦੇ ਅਧਿਕਾਰੀਆਂ ਰਾਹੀਂ ਯਕੀਨੀ ਬਣਾਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਆਰ ਓ ਦਫ਼ਤਰਾਂ ਦੇ ਬਾਹਰ ਕਿਸੇ ਵੀ ਉਮੀਦਵਾਰ ਨੂੰ ਨਾਮਜ਼ਦਗੀ ਦਾਖਲ ਕਰਬ ਮੌਕੇ ਅਮਨ-ਕਾਨੂੰਨ ਦੀ ਸਮੱਸਿਆ ਨਾ ਆਵੇ, ਇਸ ਲਈ ਹੁਣ ਤੋਂ ਰੂਪ-ਰੇਖਾ ਉਲੀਕ ਲਈ ਜਾਵੇ।
ਉਨ੍ਹਾਂ ਨੇ ਮੀਟਿੰਗ ’ਚ ਸ਼ਾਮਿਲ ਐਸ ਪੀ (ਐਚ) ਹਰੀਸ਼ ਦਿਆਮਾ ਨੂੰ ਇਸ ਦੇ ਨਾਲ ਹੀ ਜ਼ਿਲ੍ਹੇ ਦੇ 466 ਪਿੰਡਾਂ ’ਚ 30 ਨੂੰ ਹੋਣ ਵਾਲੇ ਮਤਦਾਨ ਦੇ ਮੱਦੇਨਜ਼ਰ ਨਾਜ਼ੁਕ ਤੇ ਅਤਿ-ਨਾਜ਼ੁਕ ਚੋਣ ਬੂਥਾਂ ਦੀ ਸੂਚੀ ਸਬੰਧੀ ਵੀ ਵਿਸ਼ੇਸ਼ ਰਿਪੋਰਟ ਤਿਆਰ ਕਰਨ ਲਈ ਆਖਿਆ ਤਾਂ ਜੋ ਅਜਿਹੇ ਥਾਂਵਾਂ ’ਤੇ ਮਤਦਾਨ ਤੋਂ ਪਹਿਲਾਂ ਸਖਤ ਸੁਰੱਖਿਆ ਬੰਦੋਬਸਤ ਕੀਤੇ ਜਾ ਸਕਣ।
ਬਾਅਦ ’ਚ ਡਿਪਟੀ ਕਮਿਸ਼ਨਰ ਨੇ ਉੱਪ ਮੰਡਲ ਮੈਜਿਸਟ੍ਰੇਟਾਂ ਜੋ ਕਿ ਸਬ ਡਵੀਜ਼ਨਲ ਚੋਣਕਾਰ ਅਫ਼ਸਰਾਂ ਵਜੋਂ ਵੀ ਨਾਮਜ਼ਦ ਕੀਤੇ ਗਏ ਹਨ, ਨਾਲ ਮੀਟਿੰਗ ਕਰਦਿਆਂ ਸਮੁੱਚੀ ਚੋਣ ਪ੍ਰਕਿਰਿਆ ਨੂੰ ਆਜ਼ਾਦਾਨਾ, ਨਿਰਪੱਖਤਾ ਤੇ ਪਾਰਦਰਸ਼ਤਾ ਭਰਪੂਰ ਬਣਾਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਚੋਣ ਅਮਲ ਦੌਰਾਨ ਆਰ ਓਜ਼ ਤੇ ਏ ਆਰ ਓਜ਼ ਨੂੰ ਆਪਣੀ ਡਿਊਟੀ ਪੂਰੀ ਨਿਰਪੱਖਤਾ ਨਾਲ ਨਿਭਾਉਣ ਲਈ ਆਖਿਆ ਜਾਵੇ ਤਾਂ ਜੋ ਬਾਅਦ ’ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਪ੍ਰਕਿਰਿਆ ’ਚ ਇਨ੍ਹਾਂ ਆਰ ਓਜ਼ ਨੂੰ ਨਾ ਉਲਝਣਾ ਪਵੇ।
ਇਸ ਮੌਕੇ ਏ ਡੀ ਸੀ (ਜ) ਅਮਿ੍ਰਤ ਸਿੰਘ, ਏ ਡੀ ਸੀ (ਵਿਕਾਸ) ਪ੍ਰੀਤ ਇੰਦਰ ਸਿੰਘ ਬੈਂਸ, ਐਸ ਪੀ (ਐਚ) ਹਰੀਸ਼ ਦਿਆਮਾ, ਐਸ ਡੀ ਐਮ ਨਵਾਂਸ਼ਹਿਰ ਡਾ. ਵਿਨੀਤ ਕੁਮਾਰ, ਐਸ ਡੀ ਐਮ ਬਲਾਚੌਰ ਜਗਜੀਤ ਸਿੰਘ, ਐਸ ਡੀ ਐਮ ਬੰਗਾ ਦੀਪ ਸ਼ਿਖਾ ਸ਼ਰਮਾ, ਡੀ ਐਸ ਪੀ ਨਵਾਂਸ਼ਹਿਰ ਮੁਖਤਿਆਰ ਰਾਏ, ਡੀ ਐਸ ਪੀ ਬਲਾਚੌਰ ਰਾਜਪਾਲ ਸਿੰਘ ਹੁੰਦਲ, ਡੀ ਐਸ ਪੀ ਬੰਗਾ ਦੀਪਿਕਾ ਸਿੰਘ ਤੇ ਹੋਰ ਅਧਿਕਾਰੀ ਮੌਜੂਦ ਸਨ।