ਪਾਰਟੀ ਇੱਕ ਢਾਂਚੇ ਦੋ ! 'ਆਪ' 'ਚ ਅੱਜ ਖਹਿਰਾ ਧੜਾ ਬਣਾਏਗਾ ਵੱਖਰਾ ਢਾਂਚਾ
ਚੰਡੀਗੜ੍ਹ, 21 ਨਵੰਬਰ 2018 - ਆਮ ਆਦਮੀ ਪਾਰਟੀ(ਆਪ) ਦੇ ਬਾਗ੍ਹੀ ਧੜੇ ਵੱਲੋਂ ਪਾਰਟੀ ਦੇ ਬਰਾਬਰ ਵੱਖਰਾ ਢਾਂਚਾ ਬਣਾਉਣ ਦਾ ਐਲਾਨ ਕੀਤਾ ਹੈ। ਜਿਸ ਤਹਿਤ ਅੱਜ ਪੂਰੇ ਪੰਜਾਬ ਵਿੱਚ ਅੱਜ 21 ਨਵੰਬਰ ਨੂੰ 30 (ਸ਼ਹਿਰੀ ਤੇ ਦਿਹਾਤੀ) ਐਡਹਾਕ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਜਾਣਗੇ। ਸੁਖਪਾਲ ਖਹਿਰਾ ਦੇ ਅਗਵਾਈ ਵਿੱਚ ਬੀਤੇ ਦਿਨ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਇਸ ਗੱਲ ਦਾ ਐਲਾਨ ਕੀਤਾ ਗਿਆ ਹੈ।
ਇਸ ਮੌਕੇ ਸੁਖਪਾਲ ਖਹਿਰ ਮੁੜ ਪਾਰਟੀ ਕਨਵੀਨਰ ਤੇ ਦਿੱਲੀ ਦੇ ਮੁਖ ਮੰਤਰੀ ਤੇ ਇਲਜ਼ਾਮ ਲਗਾਏ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਬਾਦਲਾਂ ਨਾਲ ਗੁਪਤ ਸਮਝੌਤੇ ਕਰਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਡਰੱਗ ਮਾਮਲੇ ਵਿੱਚ ਮਾਫੀ ਮੰਗ ਚੁੱਕੇ ਹਨ। ਇਸਦੇ ਨਾਲ ਹੁਣ ਆਪ ਵੱਲੋਂ ਚੋਣਾਂ ਦੇ ਮਦੇਨਜ਼ਰ ਕਾਂਗਰਸ ਨਾਲ ਸੁਰ ਤੇ ਸੁਰ ਮਿਲਾ ਰਹੇ ਹਨ।
ਆਪ ਦੇ ਬਾਗ਼ੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਿਛਲੇ ਸਮੇਂ ਦੌਰਾਨ ਵਾਪਰੀਆਂ ਹਿੰਸਕ ਘਟਨਾਵਾਂ ਬਾਰੇ ਸਫ਼ੈਦ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਖਹਿਰਾ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਮੁਖੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਐਮ.ਪੀ. ਰਵਨੀਤ ਸਿੰਘ ਬਿੱਟੂ ਗਰਨੇਡ ਹਮਲੇ ਬਾਰੇ ਵੱਖ ਵੱਖ ਬਿਆਨ ਦੇ ਰਹੇ ਹਨ। ਖਹਿਰਾ ਨੇ ਕਿਹਾ ਕਿ ਵੋਟਾਂ ਤੋਂ ਪਹਿਲਾਂ ਹੀ ਬੰਬ ਧਮਾਕੇ ਜਾਂ ਅਜਿਹੀਆਂ ਕਾਰਵਾਈਆਂ ਕਿਉਂ ਹੁੰਦੀਆਂ ਹਨ। ਇਸ ਦੇ ਨਾਲ ਹੀ ਖਹਿਰਾ ਨੇ ਕਿਹਾ ਕਿ ਇਸ ਦੇ ਬਾਰੇ ਸਰਕਾਰਾਂ ਨੂੰ ਲੋਕਾਂ ਸਾਹਮਣੇ ਸੱਚ ਲਿਆਉਣਾ ਚਾਹੀਦਾ ਹੈ।
ਬਾਗੀ ਧੜੇ ਦੇ ਮੁੱਖ ਆਗੂ ਸੁਖਪਾਲ ਖਹਿਰਾ ਦੇ ਨਾਲ ਵਿਧਾਇਕ ਮਾਸਟਰ ਬਲਦੇਵ ਸਿੰਘ, ਪਿਰਮਲ ਸਿੰਘ ਖਾਲਸਾ, ਜਗਤਾਰ ਸਿੰਘ ਜੱਗਾ ਤੇ ਜਗਦੇਵ ਸਿੰਘ ਕਮਾਲੂ ਅਤੇ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਦੇ ਮੈਂਬਰ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰਾ ਸਨ।
ਬਾਗੀ ਧੜੇ ਦੇ ਇਸ ਐਲਾਨ ਤੋਂ ਸਾਫ ਹੋ ਗਿਆ ਹੈ ਕਿ ਪੰਜਾਬ ਦੇ ਲੋਕਾਂ ਵੱਲੋਂ ਵਿਧਾਨ ਸਭਾ ਚੋਣਾਂ ਵਿਚ ਇਸ ਪਾਰਟੀ ਨੂੰ ਦਿੱਤੇ ਮੁੱਖ ਵਿਰੋਧੀ ਧਿਰ ਦੇ ਫ਼ਤਵੇ ਨੂੰ ਵੀ 20 ਵਿਧਾਇਕ ਬਰਕਰਾਰ ਰੱਖਣ ਤੋਂ ਫੇਲ੍ਹ ਰਹੇ ਹਨ ਕਿਉਂਕਿ ਦੂਸਰੇ ਪਾਸੇ ਪਾਰਟੀ ਵੱਲੋਂ ਲੋਕ ਸਭਾ ਚੋਣ ਲਈ ਪੰਜ ਉਮੀਦਵਾਰ ਵੀ ਆਪਣੇ ਪੱਧਰ ’ਤੇ ਚੁਣ ਲਏ ਹਨ ਅਤੇ ਹੁਣ ਏਕੇ ਦੀ ਕੋਈ ਗੁੰਜਾਇਸ਼ ਨਹੀਂ ਜਾਪਦੀ।