ਕੋਟਕਪੂਰਾ, 12 ਨਵੰਬਰ 2018 - ਕੋਟਕਪੂਰਾ ਦੇ ਨੇੜੇ ਅੱਜ ਇੱਕ ਟਰੈਕਟਰ ਟਰਾਲੀ ਅਤੇ ਕਾਰ ਐਕਸੀਡੈਂਟ ਦੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਵਾਸੀ ਬਠਿੰਡਾ ਆਪਣੇ ਰਿਸ਼ਤੇਦਾਰ ਨੌਜਵਾਨਾਂ ਸਤਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਨਾਲ ਆਪਣੇ ਵਿਆਹ ਦੇ ਕਾਰਡ ਵੰਡਣ ਲਈ ਜਾ ਰਿਹਾ ਸੀ। ਜਦ ਇਨ੍ਹਾਂ ਦੀ ਕਾਰ ਮੋਗਾ ਕੋਟਕਪੂਰਾ ਰੋਡ ਤੇ ਬਣੇ ਓਵਰ ਬਰਿੱਜ ਦੇ ਕੋਲ਼ ਪਹੁੰਚੀ ਤਾਂ ਅੱਗੇ ਜਾ ਰਹੀ ਟਰੈਕਟਰ ਟਰਾਲੀ ਨਾਲ ਪਿੱਛੇ ਤੋਂ ਜਾ ਟਕਰਾਈ ਜਿਸ ਕਾਰਨ ਕਾਰ ਚਾਲਕ ਹਰਪ੍ਰੀਤ ਸਿੰਘ ਅਤੇ ਸਤਪਾਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਗੁਰਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਟੱਕਰ ਐਨੀ ਭਿਆਨਕ ਸੀ ਕੇ ਟਰੈਕਟਰ ਚਾਲਕ ਜਸਵਿੰਦਰ ਸਿੰਘ ਵਾਸੀ ਪਹਿਲੂਵਾਲਾ ਜ਼ਿਲ੍ਹਾ ਫ਼ਰੀਦਕੋਟ ਟਰੈਕਟਰ ਤੋਂ ਥੱਲੇ ਡਿੱਗ ਪਿਆ ਅਤੇ ਚੱਲਦੀ ਹੋਈ ਟਰੈਕਟਰ ਟਰਾਲੀ ਦੇ ਥੱਲੇ ਆ ਗਿਆ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ।
ਦੱਸਣਯੋਗ ਹੈ ਕਿ ਮ੍ਰਿਤਕ ਹਰਪ੍ਰੀਤ ਸਿੰਘ ਦਾ 23 ਨਵੰਬਰ ਨੂੰ ਵਿਆਹ ਸੀ, ਜਿਸ ਕਾਰਨ ਉਹ ਆਪਣੇ ਰਿਸ਼ਤੇਦਾਰ ਨੌਜਵਾਨਾਂ ਦੇ ਨਾਲ ਵਿਆਹ ਦੇ ਕਾਰਡ ਵੰਡਣ ਜਾ ਰਿਹਾ ਸੀ, ਅਤੇ ਟਰੈਕਟਰ ਚਾਲਕ ਜਸਵਿੰਦਰ ਸਿੰਘ 6 ਭੈਣਾਂ ਦਾ ਇਕਲੌਤਾ ਭਾਈ ਸੀ।
ਸਹਾਰਾ ਕਲੱਬ ਜੈਤੋ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਨੌਜਵਾਨ ਨੂੰ ਫਰੀਦਕੋਟ ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਅਤੇ ਲਾਸ਼ਾਂ ਨੂੰ ਬਾਹਰ ਕੱਢਿਆ।