ਨਹਿਰੂ ਯੁਵਾ ਕੇਂਦਰ ਕਪੂਰਥਲਾ ਵੱਲੋਂ ਨੌਜਵਾਨਾਂ ਲਈ ਜਾਗਰੂਕਤਾ ਪ੍ਰੋਗਰਾਮ
ਕਪੂਰਥਲਾ, 12 ਨਵੰਬਰ ਅਮ੍ਰਿਤਪਾਲ ਬਰਾੜ
ਡੀ. ਪੀ. ਓ ਮੈਡਮ ਅਮਨਪ੍ਰੀਤ ਕੌਰ ਦੀ ਅਗਵਾਈ ਹੇਠ ਸਰਕਾਰੀ ਆਈ. ਟੀ. ਆਈ ਕਪੂਰਥਲਾ ਵਿਖੇ 'ਅਵੇਅਰਨੈਸ ਐਂਡ ਐਜੂਕੇਸ਼ਨ ਆਨ ਪੋਜ਼ੀਟਿਵਟੀ' ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਦਾ ਉਦਘਾਟਨ ਕਰਦਿਆਂ ਮੈਡਮ ਅਮਨਪ੍ਰੀਤ ਕੌਰ ਨੇ ਭਾਰਤ ਸਰਕਾਰ ਵੱਲੋਂ ਨੌਜਵਾਨਾਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਬਾਰੇ ਵਿਸਥਾਰ ਨਾਲ ਦੱਸਿਆ।
ਉਨਾਂ ਕਿਹਾ ਕਿ ਨੌਜਵਾਨਾਂ ਨੂੰ ਇਨਾਂ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਮੁਲਕ ਦੀ ਤਰੱਕੀ ਵਿਚ ਹਿੱਸਾ ਪਾਉਣਾ ਚਾਹੀਦਾ ਹੈ। ਸਰਕਾਰੀ ਆਈ. ਟੀ. ਆਈ ਕਪੂਰਥਲਾ ਦੇ ਪ੍ਰਿੰਸੀਪਲ ਸ੍ਰੀ ਸ਼ਕਤੀ ਸਿੰਘ ਨੇ ਆਪਣੇ ਸੰਬੋਧਨ ਵਿਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਂਦਿਆਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਹੋਣ ਲਈ ਪ੍ਰੇਰਿਤ ਕੀਤਾ। ਨੋਡਲ ਅਫ਼ਸਰ ਐਨ. ਸੀ. ਸੀ ਸ੍ਰੀ ਗੁਰਦਾਵਲ ਸਿੰਘ ਨੇ ਕਿਹਾ ਕਿ ਨੌਜਵਾਨ ਧਰਮਾਂ, ਜਾਤਾਂ ਤੋਂ ਉੱਪਰ ਉੱਠ ਕੇ ਰਾਸ਼ਟਰ ਦੇ ਵਿਕਾਸ ਬਾਰੇ ਸੋਚਣ। ਸਹਾਇਕ ਮੈਨੇਜਰ ਯੂਨੀਅਨ ਬੈਂਕ ਕਪੂਰਥਲਾ ਸ੍ਰੀ ਗੌਰਵ ਨੇ ਕੈਸ਼ ਲੈਸ ਅਤੇ ਜਨ-ਧਨ ਯੋਜਨਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।
ਇਸ ਤੋਂ ਇਲਾਵਾ ਸੈਨੇਟਰੀ ਇੰਸਪੈਟਰ ਸ੍ਰੀ ਬਲਜਿੰਦਰ ਸਿੰਘ ਅਤੇ ਜ਼ਿਲਾ ਪ੍ਰੋਗਰਾਮ ਕੋਆਰਡੀਨੇਟਰ ਸਵੱਛ ਭਾਰਤ ਮਿਸ਼ਨ ਸ. ਗੁਰਸੇਵਕ ਸਿੰਘ ਧੰਜੂ ਨੇ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਬਿਮਾਰੀਆਂ ਤੋਂ ਮੁਕਤ ਰੱਖਣ ਸਬੰਧੀ ਜਾਗਰੂਕ ਕੀਤਾ। ਮਾਸਟਰ ਟ੍ਰੇਨਰ ਸ. ਸੰਦੀਪ ਸਿੰਘ ਨੇ ਨਹਿਰੂ ਯੁਵਾ ਕੇਂਦਰ ਵੱਲੋਂ ਕਰਵਾਏ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸ੍ਰੀ ਬੰਸੀ ਲਾਲ, ਸ. ਤਜਿੰਦਰ ਪਾਲ ਸਿੰਘ, ਸ. ਲਖਰਾਜਪ੍ਰੀਤ ਸਿੰਘ, ਸ੍ਰੀ ਰਣਜੀਤ ਕੁਮਾਰ ਅਤੇ ਸ੍ਰੀ ਰੌਬਿਨ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ।