ਨਵਾਂਸ਼ਹਿਰ ਵਿਖੇ ਸੁਵਿਧਾ ਹਾਲ ਵਿੱਚ ਰੋਜ਼ਗਾਰ ਮੇਲੇ ਦੀਆਂ ਤਿਆਰੀਆਂ ਸਬੰਧੀ ਰੱਖੀ ਇੱਕ ਵਿਸ਼ੇਸ਼ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ
ਨਵਾਂ ਸ਼ਹਿਰ, 12 ਨਵੰਬਰ 2018: ਪੰਜਾਬ ਸਰਕਾਰ ਵਲੋਂ ਸੂਬੇ ਦੇ ਨੋਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਘਰ ਘਰ ਰੋਜ਼ਗਾਰ ਯੋਜਨਾ ਅਧੀਨ 15 ਨਵੰਬਰ ਨੂੰ ਰਿਆਤ ਗਰੁੱਪ ਆਫ਼ ਇੰਸਟੀਚਿਊਟ ਵਿਖੇ ਇਕ ਰੋਜ਼ਗਾਰ ਮੇਲੇ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਵੱਖ ਵੱਖ ਕੰਪਨੀਆਂ ਵਲੋਂ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਰੋਜ਼ਗਾਰ ਦਿੱਤਾ ਜਾਵੇਗਾ, ਪ੍ਰਸ਼ਾਸਨ ਵਲੋਂ ਇਸ ਰੋਜ਼ਗਾਰ ਮੇਲੇ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਅਧਿਕਾਰੀਆਂ ਨੂੰ ਆਪਣੀ ਡਿਊਟੀ ਮਿਹਨਤ ਤੇ ਜ਼ਿੰਮੇਂਵਾਰੀ ਨਾਲ ਕਰਨ ਦੀ ਹਦਾਇਤ ਕੀਤੀ ਗਈ ਹੈ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਵਿਨੈ ਬਬਲਾਨੀ ਆਈ.ਏ.ਐਸ. ਨੇ ਅੱਜ ਸੁਵਿਧਾ ਹਾਲ ਵਿੱਚ ਰੋਜ਼ਗਾਰ ਮੇਲੇ ਦੀਆਂ ਤਿਆਰੀਆਂ ਸਬੰਧੀ ਰੱਖੀ ਇੱਕ ਵਿਸ਼ੇਸ਼ ਬੈਠਕ ਉਪਰੰਤ ਦਿੱਤੀ। ਉਨ੍ਹਾਂ ਨੇ ਦੱਸਿਆ ਕਿ 15 ਨਵੰਬਰ ਨੂੰ ਲਗਾਏ ਜਾ ਰਹੇ ਇਸ ਰੋਜ਼ਗਾਰ ਮੇਲੇ ਵਿੱਚ ਵੱਖ ਵੱਖ ਕੰਪਨੀਆਂ ਵਲੋਂ ਮੌਕੇ `ਤੇ ਹੀ ਇੰਟਰਵਿਊ ਲੈ ਕੇ ਉਮੀਦਵਾਰਾਂ ਨੂੰ ਯੋਗਤਾ ਅਨੁਸਾਰ ਰੋਜ਼ਗਾਰ ਮੁਹੱਈਆਂ ਕਰਵਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਹੜੇ ਨੌਜਵਾਨਾਂ ਨੇ ਰੋਜ਼ਗਾਰ ਪ੍ਰਾਪਤ ਕਰਨ ਲਈ ਪਹਿਲਾ ਨਾਮ ਦਰਜ ਕਰਵਾਏ ਹਨ ਜਾਂ ਪਹਿਲਾ ਫ਼ਾਰਮ ਭਰੇ ਹਨ, ਉਨ੍ਹਾਂ ਨੌਜਵਾਨਾਂ ਨੂੰ ਪੰਚਾਇਤ ਵਿਭਾਗ ਰਾਹੀਂ ਇਸ ਰੋਜ਼ਗਾਰ ਮੇਲੇ ਵਿੱਚ ਆਉਣ ਲਈ ਸੱਦਾ ਭੇਜਿਆ ਜਾ ਰਿਹਾ ਹੈ। ਉਮੀਦਵਾਰਾਂ ਨੂੰ ਰੋਜ਼ਗਾਰ ਮੇਲੇ ਤਕ ਰਿਆਤ ਗਰੁੱਪ ਆਫ਼ ਇੰਸਟੀਚਿਊਟ (ਬਲਾਚੌਰ) ਲੈ ਕੇ ਜਾਣ ਲਈ ਟ੍ਰਾਂਸਪੋਰੇਸ਼ਨ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬੰਗਾ, ਬਲਾਚੌਰ, ਨਵਾਂਸ਼ਹਿਰ, ਔੜ ਦੇ ਬਸ ਅੱਡਿਆਂ ਤੋਂ ਉਮੀਦਵਾਰਾਂ ਨੂੰ ਰੋਜ਼ਗਾਰ ਮੇਲੇ ਤਕ ਲੈ ਕੇ ਜਾਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਜਦੋਂ ਕਿ ਸੜੋਆ ਬਲਾਕ ਦੇ ਉਮੀਦਵਾਰਾਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਬੱਸਾਂ ਰੋਜ਼ਗਾਰ ਮੇਲੇ ਤਕ ਲੈ ਕੇ ਜਾਣਗੀਆਂ।
ਰੋਜ਼ਗਾਰ ਮੇਲੇ ਦੇ ਪ੍ਰਬੰਧਾਂ ਬਾਰੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਿਆਤ ਗਰੁੱਪ ਆਫ਼ ਇੰਸਟੀਚਿਊਟ ਵਿੱਚ 5 ਹੈਲਪ ਡੈਸਕ ਸਥਾਪਿਤ ਕੀਤੇ ਜਾਣਗੇ, ਜਿੱਥੇ ਉਮੀਦਵਾਰ ਆਪਣੇ ਫ਼ਾਰਮ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਮੀਦਾਵਾਰਾਂ ਦੀ ਯੋਗਤਾ ਅਨੁਸਾਰ ਉਨ੍ਹਾਂ ਨੂੰ ਢੁਕਵੀਂ ਜਾਣਕਾਰੀ ਦੇਣ ਲਈ ਲਗਭਗ 25 ਕਾਊਂਟਰ ਲਗਾਏ ਜਾਣਗੇ, ਜਿਨ੍ਹਾਂ ਦੀ ਨਿਗਰਾਨੀ 5 ਅਧਿਕਾਰੀ ਕਰਨਗੇ ਜੋ ਉਨ੍ਹਾਂ ਦੀ ਹੁਨਰ ਅਤੇ ਯੋਗਤਾ ਅਨੁਸਾਰ ਸਬੰਧਤ ਕੰਪਨੀ ਨਾਲ ਤਾਲਮੇਲ ਕਰਵਾਉਣਗੇ।
ਉਨ੍ਹਾਂ ਦੱਸਿਆ ਕਿ 14 ਨਵੰਬਰ ਨੂੰ ਦੁਪਹਿਰ 12 ਵਜੇ ਰਿਆਤ ਗਰੁੱਪ ਆਫ਼ ਇੰਸਟੀਚਿਊਟ ਵਿੱਚ ਸਬੰਧਤ ਅਧਿਕਾਰੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ ਰੋਜ਼ਗਾਰ ਮੇਲੇ ਦੀ ਸਮੁੱਚੀ ਰੂਪ ਰੇਖਾ ਨੂੰ ਅੰਤਿਮ ਛੂਹਾਂ ਦਿੱਤੀਆਂ ਜਾਣਗੀਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਮੀਦਵਾਰ 15 ਨਵੰਬਰ ਨੂੰ ਰੋਜ਼ਗਾਰ ਮੇਲੇ ਵਿੱਚ ਪੁੱਜਣ ਅਤੇ ਪੰਜਾਬ ਸਰਕਾਰ ਵਲੋਂ ਘਰ ਘਰ ਰੋਜ਼ਗਾਰ ਦੀ ਚਲਾਈ ਮੁਹਿੰਮ ਅਧੀਨ ਆਪਣੀ ਯੋਗਤਾ ਅਤੇ ਹੁਨਰ ਅਨੁਸਾਰ ਰੋਜ਼ਗਾਰ ਦੇ ਮੌਕੇ ਹਾਸਿਲ ਕਰਨ । ਸਵੈ ਰੋਜ਼ਗਾਰ ਦੇ ਇੱਛੁਕ ਉਮੀਦਵਾਰਾਂ ਲਈ ਸਥਾਪਿਤ ਕੀਤਾ ਜਾਵੇਗਾ ਹੈਲਪ ਡੈਸਕ, ਬੈਂਕ ਅਧਿਕਾਰੀ ਅਤੇ ਹੋਰ ਵਿਭਾਗ ਦੇਣਗੇ ਸਹੂਲਤਾਂ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਾਰ ਇਸ ਰੋਜ਼ਗਾਰ ਮੇਲੇ ਵਿੱਚ ਉਮੀਦਵਾਰਾਂ ਨੂੰ ਵੱਖ ਵੱਖ ਕੰਪਨੀਆਂ ਵਿੱਚ ਰੋਜ਼ਗਾਰ ਦੇਣ ਤੋਂ ਇਲਾਵਾ, ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਵੱਖ ਵੱਖ ਯੋਜਨਾਵਾਂ ਅਧੀਨ ਸਵੈ-ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਵੀ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਲੀਡ ਬੈਂਕ, ਹੁਨਰ ਸਿਖਲਾਈ ਅਤੇ ਰੋਜ਼ਗਾਰ ਵਿਭਾਗ ਵਲੋਂ ਇੱਕ ਵਿਸ਼ੇਸ਼ ਕਾਊਂਟਰ ਲਗਾਇਆ ਜਾਵੇਗਾ, ਜਿੱਥੇ ਸਵੈ-ਰੋਜ਼ਗਾਰ ਕਰਨ ਦੇ ਇੱਛੁਕ ਨੌਜਵਾਨ ਕਰਜ਼ੇ ਲੈ ਕੇ ਆਪਣਾ ਰੋਜ਼ਗਾਰ ਸਥਾਪਿਤ ਕਰਨ ਅਤੇ ਉਸ ਵਿੱਚ ਸਰਕਾਰ ਵਲੋਂ ਮਿਲਣ ਵਾਲੀਆਂ ਰਿਆਇਤਾਂ ਬਾਰੇ ਜਾਣਕਾਰੀ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਉਮੀਦਵਾਰ ਮੌਕੇ `ਤੇ ਕਾਊਂਸਲਰ ਦੀ ਸਲਾਹ ਨਾਲ ਆਪਣੀ ਇੱਛਾ ਤੇ ਸਮਰੱਥਾ ਅਨੁਸਾਰ ਸਰਕਾਰ ਦੀਆਂ ਯੋਜਨਾਵਾਂ ਮੁਤਾਬਿਕ ਸਵੈ ਰੋਜ਼ਗਾਰ ਸਥਾਪਿਤ ਕਰਨ ਲਈ ਕਰਜ਼ੇ ਲੈਣ ਦੇ ਫ਼ਾਰਮ ਭਰ ਸਕਣਗੇ। ਜਿਨ੍ਹਾਂ ਦੀ ਪ੍ਰਵਾਨਗੀ ਲਈ ਵੀ ਸਬੰਧਿਤ ਅਧਿਕਾਰੀ ਮੌਕੇ ਉੱਤੇ ਹਾਜ਼ਰ ਰਹਿਣਗੇ।
ਉਨ੍ਹਾਂ ਕਿਹਾ ਕਿ ਹਰ ਉਮੀਦਵਾਰ ਆਪਣੇ ਅਸਲ ਦਸਤਾਵੇਜ਼ ਸਮੇਤ ਫੋਟੋ ਕਾਪੀਆਂ ਦੇ ਨਾਲ ਤਸਵੀਰਾਂ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੀਟਿੰਗ ਵਿੱਚ ਪ੍ਰੀਤ ਇੰਦਰ ਸਿੰਘ ਬੈਂਸ ਵਧੀਕ ਡਿਪਟੀ ਕਮਿਸ਼ਨਰ (ਵਿ), ਦੀਪਸ਼ਿਖਾ ਆਈ.ਏ.ਐਸ. ਉੱਪ ਮੰਡਲ ਮੈਜਿਸਟ੍ਰੇਟ ਬੰਗਾ, ਸਤਵੀਰ ਸਿੰਘ ਬਾਜਵਾ ਡਾਇਰੈਕਟਰ ਰਿਆਤ ਗਰੁੱਪ ਆਫ਼ ਇੰਸਟੀਚਿਊਟ ਅਤੇ ਜ਼ਿਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਿਰ ਸਨ।