ਨਵਾਂ ਸ਼ਹਿਰ 12 ਨਵੰਬਰ 2018 (ਰਜਨੀਸ਼ ਸਰੀਨ): ਜ਼ਿਲ੍ਹਾ ਸਿੱਖਿਆ ਅਫ਼ਸਰ ਕੋਮਲ ਚੋਪੜਾ ਨੇ "ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ" ਪ੍ਰੋਜੈਕਟ ਤਹਿਤ ਸਕੂਲ ਸਿੱਖਿਆ ਵਿੱਚ ਸੁਧਾਰ ਲਿਆਉਣ ਹਿੱਤ ਆਰੰਭ ਕੀਤੀ ਗਈ ਮੁਹਿੰਮ ਨੂੰ ਗਤੀ ਦੇਣ ਅਤੇ ਮੁਹਿੰਮ ਦਾ ਹੇਠਲੇ ਪੱਧਰ ਤੇ ਪਾਏ ਜਾ ਰਹੇ ਪ੍ਰਭਾਵ ਦਾ ਜਾਇਜਾ ਲੈਣ ਹਿੱਤ ਵੱਖ-ਵੱਖ ਸਕੂਲਾਂ ਅਤੇ ਅਧਿਆਪਕਾਂ ਦੇ ਚੱਲ ਰਹੇ ਸੈਮੀਨਾਰਾਂ ਦਾ ਅਚਨਚੇਤ ਨਿਰੀਖਣ ਕੀਤਾ। ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਤਰਨਜੀਤ ਸਿੰਘ, ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਸੁਰਿੰਦਰ ਪਾਲ ਅਗਨੀਹੋਤਰੀ ਅਤੇ ਟੀਮ ਮੈਂਬਰ ਪ੍ਰਮੋਦ ਭਾਰਤੀ ਵੀ ਉਹਨਾਂ ਦੇ ਨਾਲ ਸਨ। ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਸਰਕਾਰੀ ਹਾਈ ਅਤੇ ਪ੍ਰਾਇਮਰੀ ਸਕੂਲ ਉਲੱਦਣੀ, ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਸਿਆਣਾ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਤੋਂ ਇਲਾਵਾ ਉਹਨਾਂ ਵਲੋਂ ਸਰਕਾਰੀ ਮਿਡਲ ਸਕੂਲ ਸਿਆਣਾ ਵਿਖੇ ਚੱਲ ਰਹੇ ਅੰਗਰੇਜੀ ਅਤੇ ਸਮਾਜਿਕ ਸਿੱਖਿਆ ਅਧਿਆਪਕਾਂ, ਡਾਇਟ ਨੌਰਾ ਵਿਖੇ ਗਣਿਤ ਅਤੇ ਪੰਜਾਬੀ ਅਧਿਆਪਕਾਂ ਦੇ ਚੱਲ ਰਹੇ ਸੈਮੀਨਾਰਾਂ ਦਾ ਨਿਰੀਖਣ ਵੀ ਕੀਤਾ।
ਸੈਮੀਨਾਰਾਂ ਵਿੱਚ ਭਾਗ ਲੈ ਰਹੇ ਅਧਿਆਪਕਾਂ ਨੂੰ ਸੰਬੌਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਮਲ ਚੋਪੜਾ ਨੇ ਵੱਖ-ਵੱਖ ਵਿਸ਼ਿਆ ਦੇ ਜ਼ਿਲ੍ਹਾ ਕੋ-ਆਰਡੀਨੇਟਰਾਂ ,ਬਲਾਕ ਕੋਆਰਡੀਨੇਟਰਾਂ ਅਤੇ ਸਮੂਹ ਅਧਿਆਪਕਾਂ ਵਲੋਂ ਸੈਮੀਨਾਰਾਂ ਵਿੱਚ ਪੂਰੀ ਤੱਤਪਰਤਾ ਨਾਲ ਭਾਗ ਲੈਣ ਅਤੇ ਸਿੱਖਣ ਸਿਖਾਉਣ ਦੀਆ ਨਵੀਆਂ ਤਕਨੀਕਾਂ ਅਤੇ ਗਤੀਵਿਧੀਆਂ ਨੂੰ ਆਪਸ ਵਿੱਚ ਸਾਂਝਾ ਕਰਕੇ ਪੜ੍ਹਾਈ ਨੂੰ ਹੋਰ ਰੌਚਕ ਅਤੇ ਸਰਲ ਬਣਾਉਣ ਵਿੱਚ ਉਸਾਰੂ ਯੋਗਦਾਨ ਦੇਣ ਲਈ ਸ਼ਲਾਘਾ ਕੀਤੀ। ਉਹਨਾਂ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਕਿ ਇਹਨਾਂ ਸਾਇੰਸ ਸੈਮੀਨਾਰਾਂ ਵਿੱਚ ਪ੍ਰਾਪਤ ਕੀਤੇ ਗਏ ਗਿਆਨ ਨੂੰ ਆਪਣੀਆਂ ਜਮਾਤਾਂ ਵਿੱਚ ਅਮਲੀ ਜਾਮਾ ਪਹਿਨਾਉਣ ਵਿੱਚ ਵੀ ਕਿਸੇ ਤਰ੍ਹਾ ਮਿਹਨਤ ਅਤੇ ਲਗਨ ਨਾਲ ਯੋਗਦਾਨ ਪਾਇਆ ਜੁਵੇ।