ਕੈਨੇਡਾ : ਰਿਚਮੰਡ ਗੁਰਦੁਆਰਾ ਸਾਹਿਬ 'ਚ ਧੂਮ ਧਾਮ ਨਾਲ ਮਨਾਇਆ ਦੀਵਾਲੀ ਤੇ ਬੰਦੀ ਛੋੜ ਦਿਵਸ
ਰਿਚਮੰਡ, 12 ਨਵੰਬਰ 2018 - ਕੈਨੇਡਾ ਦੇ ਸ਼ਹਿਰ ਰਿਚਮੰਡ ਦੇ ਗੁਰਦੁਆਰਾ ਨਾਨਕ ਨਿਵਾਸ ਵਿਖੇ ਸੰਗਤਾਂ ਨੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇਆ। ਇਸ ਮੌਕੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਆਖਿਆ ਕਿ ਸਵੇਰ ਤੋਂ ਹੀ ਵਲੰਟੀਅਰ ਭੈਣਾਂ ਅਤੇ ਵੀਰਾਂ ਨੇ ਇਸ ਖਾਸ ਦਿਵਸ ਨੂੰ ਮਨਾਉਣ ਦੀ ਤਿਆਰੀ ਸ਼ੁਰੂ ਕਰ ਦਿਤੀ। ਸ਼ਾਮ ਹੁੰਦੇ ਸਾਰ ਹੀ ਸਾਰਾ ਗੁਰੂ ਘਰ ਸੰਗਤਾਂ ਨਾਲ ਭਰ ਗਿਆ।
ਬੀਬੀ ਕਸ਼ਮੀਰ ਕੋਰ ਜੌਹਲ ਦੀ ਅਗਵਾਈ ਸਦਕਾ ਭੈਣਾਂ ਵਲੋਂ ਸੰਗਤਾਂ ਲਈ ਬਹੁਤ ਹੀ ਸਵਾਦੀ ਲੰਗਰ ਤਿਆਰ ਕੀਤਾ ਗਿਆ। ਲੰਗਰ ਤੋਂ ਬਿਨਾਂ ਵੱਖਰੇ ਵੱਖਰੇ ਕਿਸਮਾਂ ਦੀਆਂ ਮਠਿਆਈਆਂ,ਫਲਾਂ ਅਤੇ ਪਕੌੜਿਆਂ ਦਾ ਭੀ ਸੰਗਤਾਂ ਨੇ ਅਨੰਦ ਮਾਣਿਆਂ। ਸ਼ਾਮ ਹੁੰਦੇ ਸਾਰ ਹੀ ਸਮੁੱਚਾ ਗੁਰੂ ਘਰ ਸੰਗਤਾਂ ਨਾਲ ਗਹਿਮਾਂ ਗਹਿਮ ਹੋ ਗਿਆ। ਗਿਅਨੀ ਤਰਲੋਚਨ ਸਿੰਘ ਦੇ ਜਥੇ ਨੇ ਸੰਗਤਾਂ ਨੂੰ ਬਹੁਤ ਹੀ ਮਧੁਰ ਕੀਰਤਨ ਨਾਲ ਨਿਹਾਲ ਕੀਤਾ। ਸਭ ਨੇ ਵਾਹਿਗੁਰੂ ਵਲੋਂ ਦਿੱਤੀਆਂ ਬਖਸ਼ਿਸ਼ਾਂ ਲਈ ਸ਼ੁਕਰਾਨਾਂ ਕੀਤਾ। ਗੁਰੂ ਘਰ ਆਈਆਂ ਸੰਗਤਾਂ ਨੇ ਇਸ ਖਾਸ ਮੌਕੇ ਦਾ ਪੂਰਾ ਅਨੰਦ ਮਾਣਿਆ।
ਇਸ ਵਾਰ ਰਿਚਮੰਡ ਪਬਲਿਕ ਲਾਈਬਰੇਰੀ ਤੋਂ ਮਿਲੀਸੈੰਟ ਮਾਬੀ ਵਲੋਂ ਇਕ ਜਾਣਕਾਰੀ ਬੂਥ ਰਾਹੀਂ ਸੰਗਤਾਂ ਨੂੰ ਲਾਈਬਰੇਰੀ ਦੀਆਂ ਮੁਫਤ ਸੇਵਾਵਾਂ ਵਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਉਹਨਾਂ ਲਈ ਬਹੁਤ ਖੁਸ਼ੀ ਦੀ ਗੱਲ ਸੀ ਕਿ ਰਿਚਮੰਡ ਦੇ ਪੁਲੀਸ ਮੁਖੀ ਵਿੱਲ ਇੰਗ ਅਤੇ ਇਨਸਪੈਕਟਰ ਸਨ੍ਹੀ ਪਰਮਾਰ ਵੀ ਸ਼ਾਮਲ ਹੋਏ ਅਤੇ ਉਹਨਾਂ ਨੇ ਇਸ ਖਾਸ ਮੌਕੇ ਤੇ ਆਪਣੀਆਂ ਸ਼ੁਭ ਇਛਾਵਾਂ ਦਿੱਤੀਆਂ। ਅਖੀਰ ਵਿਚ ਸੰਗਤਾਂ ਨੇ ਇਕ ਬਹੁਤ ਹੀ ਸ਼ਾਨਦਾਰ ਫਾਇਰਵਰਕਸ ਦੇ ਸ਼ੋਅ ਦਾ ਅਨੰਦ ਮਾਣਿਆ। ਇਸ ਮੌਕੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਬਲਬੀਰ ਸਿੰਘ ਜਵੰਦਾ ਨੇ ਆਈਆਂ ਸੰਗਤਾਂ ,ਸੇਵਾਦਾਰ ਬੀਬੀਆਂ,ਵਲੰਟੀਅਰਾਂ ਅਤੇ ਹੋਰ ਸਭ ਦਾ ਧੰਨਵਾਦ ਕੀਤਾ।