ਅਜ਼ਾਦ ਭਾਰਤ ਦੇ ਰੇਡੀੳ 'ਤੇ ਅੱਜ ਦੇ ਦਿਨ ਪਹਿਲੀ ਤੇ ਆਖਰੀ ਵਾਰ ਬੋਲੇ ਸੀ ਗਾਂਧੀ
ਗੁਰਭਜਨ ਗਿੱਲ
ਲੁਧਿਆਣਾ, 12 ਨਵੰਬਰ 2018 - ਅੱਜ ਦੇ ਦਿਨ ਆਜ਼ਾਦ ਭਾਰਤ ਚ ਪਹਿਲੀ ਵਾਰ ਲੋਕ ਪਰਸਾਰਨ ਦੇ ਵਾਹਕ ਵਜੋਂ ਰੇਡੀਓ ਨੇ ਸਮਾਜਿਕ ਜ਼ੁੰਮੇਵਾਰੀ ਸੰਭਾਲੀ ਸੀ।
ਰਾਮ ਮਨੋਹਰ ਲੋਹੀਆ ਦੀ ਪ੍ਰੇਰਨਾ ਸੀ ਇਸ ਪਿੱਛੇ। ਆਵਾਜ਼ ਰਾਹੀਂ ਅੱਜ ਦੇ ਦਿਨ ਮਹਾਤਮਾ ਗਾਂਧੀ ਨੇ ਸ਼ਰਨਾਰਥੀ ਕੈਂਪਾਂ ਨੂੰ ਰੇਡੀਓ ਰਾਹੀਂ ਸੰਬੋਧਨ ਕੀਤਾ ਸੀ।
ਦੇਸ਼-ਵੰਡ ਮਗਰੋਂ ਪੰਜਾਬੀ ਲੇਖਕ ਸ. ਕਰਤਾਰ ਸਿੰਘ ਦੁੱਗਲ ਦੀ ਨਿਰਦੇਸ਼ਨਾ ਹੇਠ ਜਲੰਧਰ ਵਿੱਚ ਸਥਾਪਤ ਲੋਕ ਪ੍ਰਸਾਰਨ ਸੰਸਥਾ ਅਕਾਸ਼ਵਾਣੀ ਨੇ ਵੀ ਵੱਡੀ ਜ਼ਿੰਮੇਵਾਰੀ ਸੰਭਾਲੀ ਹੈ।
ਪਿਛਲੇ 71 ਸਾਲਾਂ ਵਿੱਚ ਪੰਜਾਬ ਨੂੰ ਆਰਥਿਕ, ਸਭਿਆਚਾਰਕ ਤੇ ਆਤਮਕ ਪੱਖੋਂ ਚੰਗੇ ਸਾਥੀ ਵਜੋਂ ਸਾਥ ਨਿਭਾਇਆ ਹੈ। ਜਲੰਧਰ ਤੋਂ ਬਾਅਦ ਹੁਣ ਲੁਧਿਆਣਾ, ਬਠਿੰਡਾ ਤੇ ਪਟਿਆਲਾ ਸਟੇਸ਼ਨਾਂ ਰਾਹੀਂ ਵੀ ਖੇਤਰੀ ਖੁਸ਼ਬੋਈਆਂ ਨੂੰ ਲੋਕਾਂ ਤੀਕ ਪਹੁੰਚਾਉਣ ਵਿੱਚ ਮਦਦਗਾਰ ਸਾਬਤ ਹੋ ਰਿਹਾ ਹੈ।
ਅਕਾਸ਼ਵਾਣੀ ਦਾ ਲੁਧਿਆਣਾ ਸਟੇਸ਼ਨ ਐੱਫ, ਐੱਮ ਗੋਲਡ ਵਿਚਾਰ ਚਰਚਾ , ਗੀਤ ਸੰਗੀਤ ਤੇ ਸਰਗਰਮੀਆਂ ਦੀ ਰੀਪੋਰਟਿੰਗ ਚ ਕਮਾਲ ਕਰ ਵਿਖਾਈ ਹੈੈ। ਹੁਣ ਇਹ ਕੇਂਦਰ ਪੰਜਾਬ ਖੇਤੀ ਯੂਨੀਵਰਸਿਟੀ ਚ ਤਬਦੀਲ ਹੋਣ ਦੀ ਯੋਜਨਾਕਾਰੀ ਕਰ ਚੁਕਾ ਹੈ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਹੁੰਦਿਆਂ ਮੈਂ ਹੀ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਮੁਨੀਸ਼ ਤਿਵਾੜੀ ਨੂੰ ਇਹ ਕੇਂਦਰ ਸਥਾਪਿਤ ਕਰਨ ਦਾ ਵਿਚਾਰ ਦਿੱਤਾ ਸੀ 2010 ਚ।
ਜਦ ਵਜ਼ੀਰੀ ਵੀ ਇਸੇ ਮਹਿਕਮੇ ਦੀ ਮਿਲੀ ਤਾਂ ਉਸ ਵੱਤਰ ਦੱਬ ਲਿਆ। 2014 ਚ ਉਦਘਾਟਨ ਹੋ ਗਿਆ। ਉਸ ਮੈਨੂੰ ਇਸ ਮੌਕੇ ਇਹ ਕਾਰਜ ਪ੍ਰੇਰਨਾ ਦੇ ਕੇ ਕਰਵਾਉਣ ਲਈ ਆਦਰ ਦਿੱਤਾ।
ਮੈਂ 1974 ਤੋਂ ਲਗਾਤਾਰ ਅਕਾਸ਼ਵਾਣੀ ਦੇ ਵੱਖ ਵੱਖ ਪ੍ਰੋਗਰਾਮਾਂ ਵਿੱਚ ਪੰਜਾਬੀ ਕਵੀ ਵਜੋਂ ਸ਼ਾਮਿਲ ਹੁੰਦਾ ਆ ਰਿਹਾ ਹਾਂ। ਸਾਡੇ ਬਚਪਨ ਵਿੱਚ ਦੇਹਾਤੀ ਪ੍ਰੋਗਰਾਮ, ਲੋਕ ਸੰਗੀਤ, ਚਾਨਣ ਰਿਸ਼ਮਾਂ, ਭੈਣਾਂ ਦਾ ਪ੍ਰੋਗਰਾਮ ਦਾ ਵਿਸ਼ੇਸ਼ ਮਹੱਤਵ ਹੁੰਦਾ ਸੀ। ਬਾਲ ਦਰਬਾਰ ਵਿੱਚ ਵੀ ਕਿੰਨੇ ਬਾਲ ਕਲਾਕਾਰ ਆਏ ਜੋ ਬਾਦ ਵਿੱਚ ਪ੍ਰਮੁੱਖ ਕਲਾਕਾਰ ਬਣੇ। ਮੈਂ ਖੁਦ ਵੀ ਪਹਿਲੀ ਵਾਰ ਯੁਵ-ਵਾਣੀ ਪ੍ਰੋਗਰਾਮ ਵਿੱਚ ਹੀ ਕਵਿਤਾ ਪਾਠ ਕੀਤਾ ਸੀ। ਵਰਤਮਾਨ ਕੇਂਦਰ ਨਿਰਦੇਸ਼ਕ ਸ਼੍ਰੀਮਤੀ ਸੰਤੋਸ਼ ਰਿਸ਼ੀ ਅਤੇ ਸਟਾਫ ਸ਼ਲਾਘਾ ਦਾ ਹੱਕਦਾਰ ਹੈ ਜੋ ਸਾਧਨ ਘਟਣ ਦੇ ਬਾਵਜੂਦ ਮਿਆਰੀ ਪ੍ਰੋਗਰਾਮ ਪੇਸ਼ ਕਰ ਰਹੇ ਹਨ।
ਅਕਾਸ਼ਵਾਣੀ ਦੇ ਐਫ ਐਮ ਗੋਲਡ ਸਟੇਸ਼ਨ ਦੇ ਪ੍ਰੋਗਰਾਮ ਵਧਾਉਣ ਦੀ ਲੋੜ ਹੈ।
ਇਸ ਕੇਂਦਰ ਨੂੰ ਅਕਾਸ਼ਵਾਣੀ ਦੇ ਖੇਤੀ ਸੰਚਾਰ ਕੇਂਦਰ ਵਜੋਂ ਵਿਸ਼ੇਸ਼ ਮੁਹਾਰਤ ਅਧੀਨ ਲਿਆਉਣ ਦੀ ਲੋੜ ਹੈ ਤਾਂ ਜੋ ਜਲੰਧਰ ਵਾਲੇ ਦੇਹਾਤੀ ਪ੍ਰੋਗਰਾਮ ਨੂੰ ਵਿਸ਼ਾਲ ਆਧਾਰ ਮਿਲ ਸਕੇ।
ਸਨੇਹ ਸਤਿਕਾਰ ਦੀ ਨਿਸ਼ਾਨੀ ਵਜੋਂ ਜਲੰਧਰ ਕੇਂਦਰ ਦੀ ਪ੍ਰੋਗਰਾਮ ਨਿਰਦੇਸ਼ਕ ਸੰਤੋਸ਼ ਰਿਸ਼ੀ ਨੂੰ ਪਿਛਲੇ ਦਿਨੀਂ ਤੇਜਪਰਤਾਪ ਸਿੰਘ ਸੰਧੂ ਤੇ ਅਨੁਰਾਗ ਸਿੰਘ ਦੀ ਲਿਖੀ ਸ਼੍ਰੀ ਗੁਰੂ ਗਰੰਥ ਸਾਹਿਬ ਵਿੱਚ ਸ਼ਾਮਿਲ 31 ਸ਼ੁੱਧ ਰਾਗਾਂ ਬਾਰੇ ਪੰਜਾਬੀ ਯੂਨੀ: ਪਟਿਆਲਾ ਵੱਲੋਂ ਛਾਪੀ ਸਚਿੱਤਰ ਪੁਸਤਕ ਅਸਾਂ ਭੇਂਟ ਕੀਤੀ। ਇਸ ਮੌਕੇ ਤੇਜਪਰਤਾਪ ਸਿੰਘ ਸੰਧੂ, ਤ੍ਰੈਲੋਚਨ ਲੋਚੀ ਤੇ ਸੰਤੋਸ਼ ਦੇ ਜੀਵਨ ਸੰਗੀ ਸਰਬਜੀਤ ਰਿਸ਼ੀ ਵੀ ਦਿਸ ਰਹੇ ਹਨ।