ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਸਿਕੰਦਰਪੁਰ ਦਾ ਅਗਾਂਹਵਧੂ ਕਿਸਾਨ ਜਸਪਾਲ ਸਿੰਘ ਆਪਣੇ ਖੇਤਾਂ ਵਿੱਚ ਕਣਕ ਦੀ ਸਿੱਧੀ ਬਿਜਾਈ ਕਰਦੇ ਹੋਏ।
ਖੇਤੀ ਦੇ ਨਾਲ-ਨਾਲ ਅਗਾਂਹਵਧੂ ਕਿਸਾਨ ਜਸਪਾਲ ਸਿੰਘ 15 ਦੁਧਾਰੂ ਪਸ਼ੂਆਂ ਨਾਲ ਕਰ ਰਿਹੈ ਡੇਅਰੀ ਫਾਰਮਿੰਗ ਦਾ ਧੰਦਾ
ਰੋਜ਼ਾਨਾਂ 1 ਕੁਇੰਟਲ 25 ਕਿਲੋ ਦੁੱਧ ਪਾਉਂਦਾ ਹੈ ਵੇਰਕਾ ਨੂੰ
ਫ਼ਤਹਿਗੜ੍ਹ ਸਾਹਿਬ, 11 ਨਵੰਬਰ 2018: ਵੱਧ ਰਹੇ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਮਾਣਯੋਗ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੇ ਆਦੇਸ਼ਾਂ ਅਤੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਜਾਗਰੂਕ ਕਰਨ ਵਾਸਤੇ ਵਿੱਢੀ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆਉਣ ਲੱਗੇ ਹਨ। ਇਸ ਸਾਲ ਦੀਵਾਲੀ ਦੇ ਤਿਉਹਾਰ ਮੌਕੇ ਜਿਥੇ ਪਿਛਲੇ ਸਾਲਾਂ ਨਾਲੋਂ ਕਾਫੀ ਘੱਟ ਪਟਾਕੇ ਚਲਾਏ ਗਏ ਹਨ ਉਥੇ ਹੀ ਕਿਸਾਨਾਂ ਵੱਲੋਂ ਵੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿੱਚ ਕਮੀ ਆਈ ਹੈ। ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਕਈ ਕਿਸਾਨ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਕੇ ਕਣਕ ਦੀ ਬਿਜਾਈ ਕਰਦੇ ਆ ਰਹੇ ਹਨ ਜਿਨ੍ਹਾਂ ਵਿੱਚੋਂ ਬਲਾਕ ਬਸੀ ਪਠਾਣਾ ਦਾ ਕਿਸਾਨ ਜਸਪਾਲ ਸਿੰਘ ਪੁੱਤਰ ਬਲਵੰਤ ਸਿੰਘ ਵੀ ਇੱਕ ਹੈ। ਇਹ ਕਿਸਾਨ ਪਿਛਲੇ ਕਰੀਬ 3 ਸਾਲਾਂ ਤੋਂ 75 ਏਕੜ ਰਕਬੇ ਵਿੱਚ ਬਿਨਾਂ ਪਰਾਲੀ ਨੂੰ ਅੱਗ ਲਗਾਏ ਕਣਕ ਦੀ ਬਿਜਾਈ ਕਰਦਾ ਆ ਰਿਹਾ ਹੈ। ਇਸ ਕਿਸਾਨ ਕੋਲ 10 ਏਕੜ ਜਮੀਨ ਆਪਣੀ ਹੈ ਜਦੋਂ ਕਿ 65 ਏਕੜ ਜ਼ਮੀਨ ਇਸ ਕਿਸਾਨ ਨੇ ਠੇਕੇ 'ਤੇ ਲਈ ਹੋਈ ਹੈ। ਇਹ ਕਿਸਾਨ ਐਸ.ਐਮ.ਐਸ. ਸਿਸਟਮ ਲੱਗੀ ਹੋਈ ਕੰਬਾਇਨ ਕਿਰਾਏ 'ਤੇ ਲੈ ਕੇ ਫਸਲ ਦੀ ਕਟਾਈ ਕਰਦਾ ਹੈ। ਇਸ ਦਾ ਕਹਿਣਾ ਹੈ ਕਿ ਐਸ.ਐਮ.ਐਸ. ਸਿਸਟਮ ਪਰਾਲੀ ਦਾ ਕੁਤਰਾ ਕਰਕੇ ਖੇਤਾਂ ਵਿੱਚ ਇਕਸਾਰ ਖਿਲਾਰ ਦਿੰਦਾ ਹੈ ਅਤੇ ਇਸ ਤਕਨੀਕ ਨਾਲ ਕਣਕ ਵਿੱਚ ਨਦੀਨ ਘੱਟ ਜੰਮਦੇ ਹਨ ਜਿਸ ਕਰਕੇ ਨਦੀਨ ਨਾਸ਼ਕਾਂ ਉਪਰ ਆਉਣ ਵਾਲੇ ਖਰਚੇ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਕਿਸਾਨ ਦਾ ਇਹ ਵੀ ਕਹਿਣਾ ਹੈ ਕਿ ਪਰਾਲੀ ਨੂੰ ਜ਼ਮੀਨ ਵਿੱਚ ਹੀ ਵਾਹੁਣ ਨਾਲ ਧਰਤੀ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਹੁੰਦਾ ਹੈ ਅਤੇ ਧਰਤੀ ਹੇਠਲੇ ਪਾਣੀ ਦੀ ਵੀ ਬੱਚਤ ਹੁੰਦੀ ਹੈ।
ਅਗਾਂਹਵਧੂ ਕਿਸਾਨ ਜਸਪਾਲ ਸਿੰਘ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਦਾ ਹੈ। ਇਹ ਕਿਸਾਨ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਤਕਨੀਕਾਂ ਨੂੰ ਆਪਣੇ ਖੇਤਾਂ ਵਿੱਚ ਅਪਣਾ ਕੇ ਹੋਰਨਾਂ ਕਿਸਾਨਾਂ ਲਈ ਵੀ ਪ੍ਰੇਰਨਾ ਦਾ ਸਰੋਤ ਬਣਿਆਂ ਹੋਇਆ ਹੈ। ਇਸ ਕਿਸਾਨ ਨੇ ਕਣਕ ਅਤੇ ਝੋਨੇ ਦੀ ਸਿੱਧੀ ਬਿਜਾਈ ਦੇ ਕਈ ਸਫਲ ਤਜ਼ਰਬੇ ਕੀਤੇ ਹਨ। ਇਸ ਕਿਸਾਨ ਵੱਲੋਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਅਤੇ ਘੱਟ ਖਰਚਾ ਕਰਕੇ ਫਸਲਾਂ ਦੀ ਬਿਜਾਈ ਕੀਤੀ ਜਾਂਦੀ ਹੈ। ਇਸ ਕਿਸਾਨ ਦੇ ਦੋ ਪੁੱਤਰ ਹਨ ਜਿਨ੍ਹਾਂ ਵਿੱਚ ਇੱਕ ਲੜਕਾ ਫੌਜ ਵਿੱਚ ਹੈ ਜਦੋਂ ਕਿ ਦੂਸਰਾ ਆਪਣੇ ਪਿਤਾ ਦਾ ਖੇਤੀ ਵਿੱਚ ਹੱਥ ਵਟਾਉਂਦਾ ਹੈ। ਇਸ ਕਿਸਾਨ ਲਈ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਸਹੀ ਅਰਥਾਂ ਵਿੱਚ ਸੱਚ ਹੋ ਨਿਬੜਿਆ ਹੈ।
ਸਫਲ ਕਿਸਾਨ ਜਸਪਾਲ ਸਿੰਘ ਖੇਤੀਬਾੜੀ ਦੇ ਨਾਲ-ਨਾਲ ਡੇਅਰੀ ਫਾਰਮਿੰਗ ਦਾ ਕੰਮ ਵੀ ਕਰਦਾ ਹੈ। ਇਸ ਕੋਲ 15 ਦੁਧਾਰੂ ਪਸ਼ੂ ਹਨ ਜਿਨ੍ਹਾਂ ਤੋਂ ਰੋਜ਼ਾਨਾਂ 1 ਕੁਇੰਟਲ 25 ਕਿਲੋ ਦੁੱਧ ਦੀ ਪੈਦਾਵਾਰ ਹੁੰਦੀ ਹੈ, ਜੋ ਕਿ ਇਹ ਕਿਸਾਨ ਵੇਰਕਾ ਡੇਅਰੀ ਵਿੱਚ ਵੇਚਦਾ ਹੈ। ਇਸ ਕਿਸਾਨ ਨੇ ਖੇਤੀਬਾੜੀ ਵਿਭਾਗ ਤੋਂ ਮਲਚਰ 'ਤੇ ਸਬਸਿਡੀ ਵੀ ਪ੍ਰਾਪਤ ਕੀਤੀ ਹੈ। ਇਸ ਕਿਸਾਨ ਕੋਲ ਝੋਨੇ ਦੀ ਪਰਾਲੀ ਨੂੰ ਮਿੱਟੀ ਵਿੱਚ ਹੀ ਮਿਲਾਉਣ ਲਈ ਮਲਚਰ, ਟਰੈਕਟਰ, ਰੋਟਾਵੇਟਰ, ਪਲਟਾਵਾਂ ਹੱਲ ਵੀ ਹੈ। ਪਰਾਲੀ ਨੂੰ ਖੇਤ ਵਿੱਚ ਹੀ ਵਾਹੁਣ ਨਾਲ ਕਣਕ ਦੀ ਫਸਲ ਨੂੰ ਲਗਭਗ ਇੱਕ ਵਾਰ ਦਾ ਪਾਣੀ ਦੂਜੇ ਖੇਤਾਂ ਨਾਲੋਂ ਘੱਟ ਲੱਗਦਾ ਹੈ ਅਤੇ ਖਾਦ ਦੀ ਵੀ 40 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਬੱਚਤ ਹੁੰਦੀ ਹੈ। ਇਹ ਕਿਸਾਨ ਰਵਾਇਤੀ ਖੇਤੀ ਕਣਕ ਤੇ ਝੋਨੇ ਦੀ ਪੈਦਾਵਾਰ ਹੀ ਕਰਦਾ ਹੈ।