ਜਿਲ੍ਹਾ ਖੇਡ ਅਧਿਕਾਰੀ ਸੁਨੀਲ ਕੁਮਾਰ ਤੇ ਵੱਖ -ਵੱਖ ਖੇਡਾਂ ਦੇ ਕੋਚ ਮੁੱਖ ਮਹਿਮਾਨ ਸ੍ਰ. ਮਨਪ੍ਰੀਤ ਸਿੰਘ ਡਿਪਟੀ ਕਮਿਸ਼ਨਰ ਫਾਜ਼ਿਲਕਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਦੇ ਹੋਏ । ਤਸਵੀਰ : ਜਗਦੀਸ਼ ਥਿੰਦ
ਜਗਦੀਸ਼ ਥਿੰਦ
ਫਾਜ਼ਿਲਕਾ 22 ਅਕਤੂਬਰ
ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਤੰਦਰੁਸਤ ਮਿਸ਼ਨ ਪੰਜਾਬ ਤਹਿਤ ਇਥੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦਾ ਉਦਘਾਟਨ ਕਰਨ ਉਪਰੰਤ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਨੇ ਨੌਜਵਾਨ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਡਾਂ ਸ਼ਰੀਰ ਦੇ ਨਾਲ-ਨਾਲ ਮਾਨਸਿਕ ਵਿਕਾਸ ਵਿੱਚ ਵੀ ਵਾਧਾ ਕਰਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਖੇਡਾਂ ਜਿਥੇ ਮਨੁੱਖ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਸਹਾਈ ਸਿੱਧ ਹੁੰਦੀਆਂ ਹਨ ਉਥੇ ਇਸ ਨਾਲ ਉਹ ਆਪਣੇ ਖੁਦ ਤੋਂ ਇਲਾਵਾ ਆਪਣੇ ਮਾਪਿਆਂ, ਸੂਬੇ ਅਤੇ ਦੇਸ਼ ਦਾ ਨਾਮ ਚਮਕਾਉਣ ਵਿੱਚ ਲਾਹੇਵੰਦ ਸਾਬਿਤ ਹੁੰਦੀਆਂ ਹਨ।
ਸਥਾਨਕ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਛੇਂ ਰੋਜ਼ਾ ਖੇਡ ਟੂਰਨਾਮੈਂਟ ਦੌਰਾਨ ਇਕ ਹਜ਼ਾਰ ਤੋਂ ਵਧੇਰੇ ਖਿਡਾਰੀਆਂ(ਲੜਕੇ-ਲੜਕੀਆਂ) ਵੱਲੋਂ ਬੜੇ ਉਤਸ਼ਾਹ ਨਾਲ ਭਾਗ ਲਿਆ ਗਿਆ। ਇਸ ਮੌਕੇ ਸ਼ਾਮਲ ਸਮੂਹ ਖਿਡਾਰੀਆਂ ਵੱਲੋਂ ਸਾਰੀ ਉਮਰ ਨਸ਼ੇ ਨਾ ਕਰਨ ਦਾ ਪ੍ਰਣ ਵੀ ਲਿਆ ਗਿਆ।
ਪਹਿਲੇ ਦਿਨ ਜ਼ਿਲ੍ਹਾ ਪੱਧਰੀ ਅੰਡਰ-14 ਲੜਕੇ/ਲੜਕੀਆਂ ਲਈ ਐਥਲੈਟਿਕਸ, ਬਾਕਸਿੰਗ, ਬਾਸਕਟਬਾਲ, ਬੈਡਮਿੰਟਨ, ਕਬੱਡੀ ਨੈਸ਼ਨਲ ਸਟਾਇਲ, ਹੈਂਡਬਾਲ, ਕੁਸ਼ਤੀ, ਟੇਬਲ ਟੈਨਿਸ, ਵਾਲੀਬਾਲ ਅਤੇ ਸਕੈਟਿੰਗ ਦੇ ਮੁਕਾਬਲੇ ਕਰਵਾਏ ਗਏ। ਇਸੇ ਤਰ੍ਹਾਂ 24 ਤੇ 25 ਅਕਤੂਬਰ ਨੂੰ ਅੰਡਰ-18 ਲਈ ਐਥਲੈਟਿਕਸ, ਬਾਕਸਿੰਗ, ਬਾਸਕਟਬਾਲ, ਬੈਡਮਿੰਟਨ, ਕਬੱਡੀ ਨੈਸ਼ਨਲ ਸਟਾਇਲ, ਹੈਂਡਬਾਲ, ਕੁਸ਼ਤੀ, ਟੇਬਲ ਟੈਨਿਸ, ਵਾਲੀਬਾਲ, ਸਕੈਟਿੰਗ ਅਤੇ ਵੇਟ ਲਿਫਟਿੰਗ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਅੰਡਰ-25 ਲਈ ਐਥਲੈਟਿਕਸ, ਬਾਕਸਿੰਗ, ਬਾਸਕਟਬਾਲ, ਬੈਡਮਿੰਟਨ, ਕਬੱਡੀ ਨੈਸ਼ਨਲ ਸਟਾਇਲ, ਹੈਂਡਬਾਲ, ਕੁਸ਼ਤੀ, ਟੇਬਲ ਟੈਨਿਸ, ਵਾਲੀਬਾਲ, ਰੋਲਰ ਸਕੈਟਿੰਗ ਅਤੇ ਵੇਟ ਲਿਫਟਿੰਗ ਦੇ ਮੁਕਾਬਲੇ 5 ਤੋ 6 ਨਵੰਬਰ ਤੱਕ ਕਰਵਾਏ ਜਾਣਗੇ।
ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਸ੍ਰੀ ਸੁਨੀਲ ਕੁਮਾਰ ਤੋਂ ਇਲਾਵਾ ਖੇਡ ਵਿਭਾਗ ਦੇ ਨੁਮਾਇੰਦੇ ਮੌਜੂਦ ਸਨ।