ਡਾ. ਕੁਲਵੰਤ ਸਿੰਘ ਦੀ ਪੁਸਤਕ 'ਰੁੱਖਾਂ ਵਰਗਾ ਜੇਰਾ' ਲੋਕ ਅਰਪਣ ਕਰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ, ਸ੍ਰੀ ਧਰਮਪਾਲ ਗੁਪਤਾ ਤੇ ਪ੍ਰਧਾਨਗੀ ਮੰਡਲ।
ਬਰਨਾਲਾ 21 ਅਕਤੂਬਰ 2018: “ਵਾਤਾਵਰਣ ਪ੍ਰਦੂਸ਼ਣ ਦੀ ਸਮੱਸਿਆ ਵਿਸ਼ਵ ਵਿਆਪੀ ਹੈ, ਇਸ ਦਾ ਅਸਰ ਦਿਨ-ਬ-ਦਿਨ ਸਾਹਮਣੇ ਆ ਰਿਹਾ ਹੈ। ਲੇਖਕ ਤੇ ਬੁੱਧੀਜੀਵੀ ਇਸ ਸਮੱਸਿਆ ਦੇ ਹੱਲ ਲਈ ਵੱਡਾ ਯੋਗਦਾਨ ਪਾ ਸਕਦੇ ਹਨ।'' ਇਹ ਵਿਚਾਰ ਸ੍ਰੀ ਧਰਮਪਾਲ ਗੁਪਤਾ, ਆਈ.ਏ.ਐੱਸ. ਡਿਪਟੀ ਕਮਿਸ਼ਨਰ ਬਰਨਾਲਾ ਨੇ ਲਿਖਾਰੀ ਸਭਾ ਬਰਨਾਲਾ ਵੱਲੋਂ ਕਰਵਾਏ ਗਏ, ਡਾ. ਕੁਲਵੰਤ ਸਿੰਘ ਦੀ ਵਾਤਾਵਰਣਕ ਪੁਸਤਕ 'ਰੁੱਖਾਂ ਵਰਗਾ ਜੇਰਾ' ਲੋਕ ਅਰਪਣ ਅਤੇ ਗੋਸ਼ਟੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਡਾ. ਜੋਗਿੰਦਰ ਸਿੰਘ ਨਿਰਾਲਾ, ਡਾ. ਪਰਮਵੀਰ ਸਿੰਘ, ਡਾ. ਕੁਲਵੰਤ ਸਿੰਘ, ਓਮ ਪ੍ਰਕਾਸ਼ ਗਾਸੋ ਤੇ ਸੰਤ ਜਗਤਾਰ ਸਿੰਘ ਜੰਗੀਆਣਾ ਸ਼ਾਮਿਲ ਸਨ। ਸੈਂਕੜੇ ਸਾਹਿਤ ਪ੍ਰੇਮੀਆਂ ਦੀ ਹਾਜ਼ਰੀ ਵਿੱਚ ਵਿਚਾਰ ਚਰਚਾ ਦਾ ਆਰੰਭ ਕਰਦਿਆਂ ਤੇਜਵੰਤ ਮਾਨ, ਪ੍ਰਧਾਨ ਕੇਂਦਰੀ ਲਿਖਾਰੀ ਸਭਾ (ਸੇਖੋਂ) ਨੇ ਕਿਹਾ ਕਿ ਇਹ ਪੁਸਤਕ ਲੇਖਕਾਂ ਤੇ ਪਾਠਕਾਂ ਲਈ ਰਾਹ ਦਸੇਰਾ ਹੈ ਕਿਉਂਕਿ ਇਸ ਵਿੱਚ ਗੁਰਬਾਣੀ ਨੂੰ ਆਧਾਰ ਬਣਾ ਕੇ ਵਿਗਿਆਨਕ ਸਿੱਟੇ ਕੱਢੇ ਗਏ ਹਨ। ਵਿਚਾਰ ਚਰਚਾ ਵਿੱਚ ਹਿੱਸਾ ਲੈਂਦਿਆਂ ਪੰਜਾਬੀ ਯੂਨੀਵਰਸਿਟੀ ਵਿਚਲੇ ਸਿੱਖ ਵਿਸ਼ਵਕੋਸ਼ ਦੇ ਮੁੱਖੀ ਡਾ. ਪਰਮਵੀਰ ਸਿੰਘ ਅਤੇ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਰਜਿਸਟਰਾਰ ਡਾ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਅਜੋਕੇ ਸਮਾਜ ਨੂੰ ਦਰਪੇਸ਼ ਚੁਣੌਤੀਆਂ ਦਾ ਹੱਲ ਗੁਰਬਾਣੀ ਵਿੱਚੋਂ ਤਲਾਸ਼ਦੀ ਇਹ ਪੁਸਤਕ ਸਮਾਜ ਲਈ ਉਪਯੋਗੀ ਸਿੱਧ ਹੋ ਸਕਦੀ ਹੈ। ਮੁਲਾਜ਼ਮ ਵਰਗ ਦੀ ਪ੍ਰਤੀਨਿਧਤਾ ਕਰਨ ਵਾਲੇ ਆਗੂਆਂ ਸਰਵ ਸ੍ਰੀ ਤਰਸੇਮ ਭੱਠਲ, ਕਰਮਜੀਤ ਸਿੰਘ ਬੀਹਲਾ ਅਤੇ ਬਲਵੰਤ ਸਿੰਘ ਭੁੱਲਰ ਨੇ ਕਿਹਾ ਕਿ ਇਸ ਪੁਸਤਕ ਵਿੱਚ ਉਠਾਏ ਨੁਕਤੇ ਆਧੁਨਿਕ ਦੌਰ ਵਿੱਚ ਵਧੇਰੇ ਪ੍ਰਸੰਗਿਕ ਹਨ। ਤੇਜਾ ਸਿੰਘ ਤਿਲਕ, ਕੁਲਦੀਪ ਸਿੰਘ ਭੁੱਲਰ, ਜਗਤਾਰ ਸਿੰਘ ਜੰਗੀਆਣਾ ਤੇ ਹਾਕਮ ਸਿੰਘ ਨੂਰ ਨੇ ਵਿਚਾਰ ਚਰਚਾ ਵਿੱਚ ਹਿੱਸਾ ਲੈਂਦਿਆ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਦੀਵੀ ਸੱਚ ਨੂੰ ਉਜਾਗਰ ਕਰਨ ਦੀ ਅੱਜ ਵੱਡੀ ਲੋੜ ਹੈ। ਹੋਰਨਾਂ ਤੋਂ ਇਲਾਵਾ ਵਿਚਾਰ ਚਰਚਾ ਵਿੱਚ ਪਵਨ ਹਰਚੰਦਪੁਰੀ, ਓਮ ਪ੍ਰਕਾਸ਼ ਗਾਸੋ, ਭੋਲਾ ਸਿੰਘ ਸੰਘੇੜਾ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਜਗੀਰ ਸਿੰਘ ਜਗਤਾਰ, ਡਾ. ਸੁਰਿੰਦਰ ਸਿੰਘ ਭੱਠਲ, ਸਾਗਰ ਸਿੰਘ ਸਾਗਰ, ਮੇਜਰ ਸਿੰਘ ਗਿੱਲ, ਸਰਵਣ ਸਿੰਘ ਕਾਲਾਬੂਲਾ ਆਦਿ ਵਿਦਵਾਨਾਂ ਨੇ ਵੀ ਭਾਗ ਲਿਆ। ਸਮੁੱਚੇ ਪ੍ਰਧਾਨਗੀ ਮੰਡਲ, ਵੱਖ-ਵੱਖ ਪਿੰਡਾਂ ਦੇ ਪੰਚਾਂ ਸਰਪੰਚਾਂ, ਐਵਰਗਰੀਨ ਕਲੱਬ ਠੀਕਰੀਵਾਲ ਦੇ ਅਹੁਦੇਦਾਰਾਂ ਨੇ ਇਸ ਸਮੇਂ ਡਾ. ਕੁਲਵੰਤ ਸਿੰਘ ਨੂੰ ਮੋਮੈਂਟੋ ਅਤੇ ਲੋਈ ਦੇ ਕੇ ਸਨਮਾਨਿਤ ਵੀ ਕੀਤਾ। ਸਮਾਗਮ ਵਿੱਚ ਸੁਰਜੀਤ ਸਿੰਘ ਸੁਹਿਰਦ ਲਾਇਬਰੇਰੀ ਕੱਟੂ, ਨਵਦੀਪ ਲਾਇਬਰੇਰੀ ਚੰਨਣਵਾਲ ਤੇ ਸਰਬੱਤ ਕਿਤਾਬ ਘਰ ਫਤਿਹਗੜ੍ਹ ਛੰਨਾ ਦੇ ਸਮੂਹ ਮੈਂਬਰਾਂ, ਉੱਘੇ ਸਮਾਜ ਸੇਵੀ ਤੇ ਸਰਪੰਚ ਪਿੰਡ ਚੰਨਣਵਾਲ ਸ. ਗੁਰਜੰਟ ਸਿੰਘ, ਹਰਬੰਸ ਸਿੰਘ ਸਰਪੰਚ ਰੂੜੇਕੇ ਖੁਰਦ ਤੇ ਸਮੁੱਚੀ ਪੰਚਾਇਤ ਤੋਂ ਇਲਾਵਾ ਸੈਂਕੜਿਆਂ ਦੀ ਤਾਦਾਦ ਵਿੱਚ ਸਾਹਿਤ ਪ੍ਰੇਮੀਆਂ ਨੇ ਹਿੱਸਾ ਲਿਆ। ਇਸ ਸਮੇਂ ਸੰਖੇਪ ਕਵੀ ਦਰਬਾਰ ਵੀ ਹੋਇਆ ਜਿਸ ਵਿੱਚ ਬਲਵਿੰਦਰ ਸਿੰਘ ਠੀਕਰੀਵਾਲਾ, ਸੁਰਜੀਤ ਦਿਹੜ, ਜਗਪ੍ਰੀਤ ਸਿੰਘ ਦਿਓਲ, ਰਾਜਿੰਦਰ ਸਿੰਘ ਸ਼ੌਕੀ, ਗਮਦੂਰ ਰੰਗੀਲਾ, ਰਾਮ ਸਿੰਘ ਬੀਹਲਾ, ਦਲਵਾਰਾ ਸਿੰਘ ਫੌਜੀ ਆਦਿ ਕਵੀਆਂ ਨੇ ਭਾਗ ਲਿਆ। ਅਖੀਰ ਡਾ. ਕੁਲਵੰਤ ਸਿੰਘ ਨੇ ਸਮੂਹ ਵਿਦਵਾਨਾਂ ਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ।