ਮਾਰਸ਼ਲ ਵਾਲੀਆ ਆਪਣਾ ਪ੍ਰਸੰਸ਼ਾ ਪੱਤਰ ਪ੍ਰਾਪਤ ਕਰਦਾ ਹੋਇਆ।
ਆਕਲੈਂਡ 11 ਅਕਤੂਬਰ 2018: (ਹਰਜਿੰਦਰ ਸਿੰਘ ਬਸਿਆਲਾ) -ਕਹਿੰਦੇ ਨੇ ਜਿਸ ਦੇਸ਼ ਦੇ ਵਿਚ ਰਹਿੰਦੇ ਹੋਈਏ ਉਹਦਾ ਬੁਰਾ ਨਹੀਂ ਤੱਕੀ ਦਾ, ਪਰ ਗੱਲ ਇਥੇ ਖਤਮ ਨਹੀਂ ਹੁੰਦੀ ਗੋਰੇ ਕਹਿੰਦੇ ਨੇ ਸੰਤੁਸ਼ਟੀ ਤੋਂ ਅੱਗੇ (2eyond Satisfaction) ਜਾਣਾ ਚਾਹੀਦਾ ਹੈ। ਇਕ ਪੰਜਾਬੀ ਨੌਜਵਾਨ ਮਾਰਸ਼ਲ ਵਾਲੀਆ ਜੋ ਕਿ 2010 ਦੇ ਵਿਚ ਬਨੂੜ (ਪਟਿਆਲਾ) ਤੋਂ ਇਥੇ ਆਇਆ ਅਤੇ ਐਮ. ਆਈ. ਟੀ. ਤੋਂ ਪੜ੍ਹਾਈ ਕਰਕੇ ਇਸ ਵੇਲੇ ਇਕ ਬਿਜਲਈ ਕੰਪਨੀ ਦੇ ਵਿਚ ਆਪ੍ਰੇਸ਼ਨਲ ਮੈਨੇਜਰ ਹੈ। ਇਸ ਨੌਜਵਾਨ ਨੇ ਇਸ ਦੇਸ਼ ਨੂੰ ਕੀ ਵਾਪਿਸ ਕੀਤਾ ਜਾਵੇ? ਦੇ ਜਵਾਬ ਵਿਚ ਸਮਾਜਿਕ ਕਾਰਜਾਂ ਨੂੰ ਚੁਣ ਲਿਆ। ਇਹ ਸ਼ਾਇਦ ਇਕੋ-ਇਕ ਪੰਜਾਬੀ ਨੌਜਵਾਨ ਹੈ ਜੋ ਕਿ ਗੋਰਿਆਂ ਦੀਆਂ ਸੰਸਥਾਵਾਂ ਦੇ ਨਾਲ ਇਕੱਲੇ ਤੌਰ 'ਤੇ ਹੀ ਜੁੜ ਕੇ ਸਮਾਜਿਕ ਕਾਰਜਾਂ ਵਿਚ ਸ਼ਾਮਿਲ ਹੁੰਦਾ ਹੈ। ਜਿਵੇਂ ਨਵੇਂ ਵੱਖ-ਵੱਖ ਪਾਰਕਾਂ ਦੇ ਵਿਚ ਬੂਟੇ ਲਾਉਣੇ, ਖੂਨ ਦਾਨ ਕਰਨਾ, ਹੋਸਪਿਕ ਵਰਗੀਆਂ ਸੰਸਥਾਵਾਂ ਦੇ ਲਈ ਫੰਡ ਰੇਜਿੰਗ ਕਰਨੀ ਆਦਿ। ਮਾਰਸ਼ਲ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਦੇ ਵਿਚ ਰਹਿਣਾ ਲਈ ਜਿਆਦਾ ਘੰਟੇ ਕੰਮ ਅਤੇ ਸਖਤ ਮਿਹਨਤ ਕਰਨੀ ਹੁੰਦੀ ਹੈ ਅਤੇ ਮੁਸ਼ਕਿਲ ਨਾਲ ਕਮਿਊਨਿਟੀ ਕਾਰਜਾਂ ਲਈ ਨਿਕਲਦਾ ਹੈ ਪਰ ਉਹ ਹਰ ਮਹੀਨੇ 10 ਘੰਟੇ ਪੱਕੇ ਕੱਢਦਾ ਹੈ। ਇਹ ਸਮਾਂ ਬਹੁਤ ਹੀ ਅਮੀਰੀ ਭਰਿਆ ਅਤੇ ਖੁਸ਼ੀ ਭਰਿਆ ਹੁੰਦਾ ਹੈ। ਮੁੱਢਲੇ ਦਿਨਾਂ ਦੇ ਵਿਚ ਇਸਦੇ ਕੰਮ ਦੌਰਾਨ ਹੀ ਇਸਦੇ ਮੈਨੇਜਰ ਨੇ ਇਸਨੂੰ ਕੰਪਨੀ ਕਮਿਊਨਿਟੀ ਲੀਡਰ ਬਣਾ ਦਿੱਤਾ ਸੀ। ਇਸਨੇ ਕਈ ਖੇਤਰਾਂ ਦੇ ਵਿਚ ਚੱਲੇ ਸਫਾਈ ਅਭਿਆਨਾਂ ਦੇ ਵਿਚ ਹਿੱਸਾ ਲਿਆ। ਆਕਲੈਂਡ ਕੌਂਸਿਲ ਦੀਆਂ ਪਾਰਕਾਂ ਦੇ ਵਿਚ ਹੁਣ ਤੱਕ ਇਹ 10,000 ਦੇ ਕਰੀਬ ਬੂਟੇ ਲਗਾਉਣ ਵਿਚ 'ਮੈਨੁਕਾਓ ਬਿਊਟੀਫਿਕੇਸ਼ਨ ਚੈਰੀਟੇਬਲ ਟ੍ਰਸਟ', 'ਸਸਟੇਨੇਬਲ ਕੋਸਟਲਾਈਨ' ਅਤੇ 'ਕੰਜਰਵੇਸ਼ਨ ਨਿਊਜ਼ੀਲੈਂਡ' ਵਰਗੀਆਂ ਸੰਸਥਾਵਾਂ ਦੇ ਨਾਲ ਸਹਿਯੋਗ ਕਰ ਚੁੱਕਾ ਹੈ।’ ਟੋਟਾਰਾ ਹੌਸਪਿਕ ਅਤੇ ਐਮਬੂਰੀ ਪਾਰਕ ਦੇ ਵਿਚ ਇਹ ਕਾਫੀ ਕੰਮ ਕਰਦਾ ਹੈ। ਬੀਤੇ ਦਿਨੀਂ ਇਸਨੂੰ ਹੌਸਪਿਕ ਟੋਟਾਰਾ ਸੰਸਥਾ ਵੱਲੋਂ ਪ੍ਰਸੰਸ਼ਾ ਪੱਤਰ ਵੀ ਦਿੱਤਾ ਗਿਆ ਤੇ ਇਹ ਇਕੋ-ਇਕ ਪੰਜਾਬੀ ਨੌਜਵਾਨ ਸੀ। ਇਸ ਮੁੰਡੇ ਦਾ ਕਹਿਣਾ ਹੈ ਕਿ ਕਮਿਊਨਿਟੀ ਕਾਰਜਾਂ ਵਾਸਤੇ ਕਿਸੇ ਲੀਡਰ ਦੀ ਜਰੂਰਤ ਨਹੀਂ ਹੁੰਦੀ ਸਗੋਂ ਵਿਅਕਤੀ ਤੋਂ ਵਿਅਕਤੀ ਇਹ ਕਾਰਜ ਕੀਤਾ ਜਾ ਸਕਦਾ ਹੈ। ਉਹ ਇਸ ਦੇਸ਼ ਨੂੰ ਜੇ ਕੁਝ ਮੋੜਨਾ ਚਾਹੁੰਦਾ ਹੈ ਤਾਂ ਉਹ ਸਮਾਜਿਕ ਕਾਰਜ। ਸਥਾਨਕ ਚੇਰੀਟੇਬਲ ਸੰਸਥਾਵਾਂ ਦੇ ਵਿਚ ਇਹ ਨੌਜਵਾਨ ਭਾਰਤੀ ਕਮਿਊਨਿਟੀ ਦਾ ਨਾਂਅ ਉਚਾ ਕਰ ਰਿਹਾ ਹੈ ਜੋ ਕਿ ਸਭ ਲਈ ਸਲਾਹੁਣਯੋਗ ਹੈ। ਆਸ ਹੈ ਮਾਰਸ਼ਲ ਵਾਲੀਆ ਇਸੇ ਤਰ੍ਹਾਂ ਇਥੇ ਆਪਣੇ ਭਾਈਚਾਰੇ ਦਾ ਨਾਂਅ ਹੋਰ ਨਿਖਾਰਦਾ ਰਹੇਗਾ।