ਚੰਡੀਗੜ੍ਹ 11 ਅਕਤੂਬਰ 2018: ਕਰਜਾ ਮੁਕਤੀ ਕਿਸਾਨ ਲਹਿਰ ਦੇ ਸਿਰਮੌਰ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦਾ ਅੱਠਵਾਂ ਸ਼ਰਧਾਂਜਲੀ ਸਮਾਗਮ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪੂਰੇ ਇਨਕਲਾਬੀ ਜੋਸ਼-ਖਰੋਸ਼ ਨਾਲ ਚੱਕ ਅਲੀਸ਼ੇਰ ਵਿਖੇ ਮਨਾਇਆ ਗਿਆ। ਇਸ ਵਿੱਚ ਹਜਾਰਾਂ ਦੀ ਤਾਦਾਦ 'ਚ ਕਿਸਾਨ ਮਰਦ ਔਰਤਾਂ ਨੇ ਸ਼ਮੂਲੀਅਤ ਕੀਤੀ। ਸਭ ਤੋਂ ਪਹਿਲਾਂ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਯਾਦ 'ਚ ਉਸਾਰੇ ਯਾਦਗਾਰੀ ਗੇਟ ਉੱਪਰ ਜਥੇਬੰਦੀ ਦਾ ਝੰਡਾ ਝੁਲਾਉਣ ਦੀ ਰਸਮ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਅਗਵਾਈ 'ਚ ਸਮੁੱਚੀ ਸੂਬਾ ਕਮੇਟੀ ਵੱਲੋਂ ਅਦਾ ਕੀਤੀ ਗਈ। ਦੋ ਮਿੰਟ ਦਾ ਮੋਨ ਧਾਰਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਅਕਾਸ਼ ਗੁੰਜਾਊ ਨਾਹਰਿਆਂ ਨਾਲ ਸ਼ਹੀਦ ਦੇ ਅਧੂਰੇ ਕਾਰਜ ਉੱਤੇ ਪਹਿਰਾ ਦੇਣ ਦਾ ਅਹਿਦ ਕੀਤਾ।
ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ, ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਨੇ ਕਿਹਾ ਕਿ ਜਮੀਨੀ ਘੌਲ ਦੇ ਸ਼ਹੀਦ ਪ੍ਰਿਥੀਪਾਲ ਸਿੰਘ ਨੂੰ 2010 ਵਿੱਚ ਗਰੀਬ ਕਿਸਾਨ ਭੋਲਾ ਸਿੰਘ ਬੀਰੋਕੇਖੁਰਦ ਦੀ ਜਮੀਨ ਕੁਰਕ ਕਰਨ ਬਦਲੇ ਬੁਢਲਾਢੇ ਮੰਡੀ ਦੇ ਸੂਦਖੋਰ ਆੜਤੀਏ ਵੱਲੋਂ ਕਰਾਈ ਜਾ ਰਹੀ ਨਿਲਾਮੀ ਦਾ ਵਿਰੋਧ ਕਰਦਿਆਂ ਜਥੇਬੰਦੀ ਦੀ ਅਗਵਾਈ 'ਚ ਆੜਤੀਏ ਤੇ ਗੁੰਡਿਆਂ ਵੱਲੋਂ ਚਲਾਈ ਗੋਲੀ ਕਾਰਨ ਕਿਸਾਨਾਂ ਨਾਲ ਹੋਈ ਖੂਨੀ ਝੜੱਪ ਵਿੱਚ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਸ਼ਹੀਦ ਹੋ ਗਿਆ ਸੀ। ਬਹੁਤ ਸਾਰੇ ਕਿਸਾਨ ਆਗੂ ਸਖਤ ਫੱਟੜ ਹੋ ਗਏ ਹਨ। ਆਗੂਆਂ ਨੇ ਜੋਰ ਦੇ ਕੇ ਕਿਹਾ ਕਿ ਕਿਸਾਨੀ ਕਰਜੇ ਦਾ ਸੰਕਟ ਕੇਂਦਰੀ ਅਤੇ ਸੂਬਾਈ ਸਰਕਾਰਾਂ ਦੀਆਂ ਸਾਮਰਾਜ ਦੇਸੀ ਬਦੇਸ਼ੀ ਘਰਾਣਿਆਂ ਨੂੰ ਅੰਨ੍ਹੇ ਮੁਨਾਫੇ ਬਖ਼ਸ਼ਣ ਵਾਲੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਪੈਦਾ ਹੋਇਆ ਹੈ। ਹੁਣ ਤੱਕ ਕੋਈ ਵੀ ਕਿਸਾਨ ਪੱਖੀ ਕਰਜਾ ਪੱਖੀ ਨੀਤੀ ਨਾਂ ਹੋਣੀ, ਕਰਜਾ ਕਾਨੂੰਨ ਸੁਦਖੋਰੀ ਤੇ ਅਧਾਰਤ ਅਤੇ ਕਿਸਾਨਾਂ ਦੀਆਂ ਜਿਣਸਾਂ ਦੀ ਸਸਤੇ ਭਾਅ ਲੁੱਟ 'ਤੇ ਅਧਾਰਤ ਹੈ। ਉਨ੍ਹਾਂ ਮੰਗ ਕੀਤੀ ਕਿ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਖੇਤੀ ਜਿਣਸਾਂ ਦੇ ਭਾਅ 50 ਪ੍ਰਤੀਸ਼ਤ ਮੁਨਾਫਾ ਸਹਿਤ ਤੈਅ ਕੀਤੇ ਜਾਣ ਅਤੇ ਹਰ ਫਸਲ ਦੀ ਖ੍ਰੀਦ ਸਰਕਾਰੀ ਪੱਧਰ ਉੱਪਰ ਯਕੀਨੀ ਬਣਾਈ ਜਾਵੇ, ਆੜਤੀਆ ਸਿਸਟਮ ਮੁਕੰਮਲ ਰੂਪ 'ਚ ਖਤਮ ਕੀਤਾ ਜਾਵੇ। ਕਿਸਾਨਾਂ ਦੀ ਜਮੀਨਾਂ ਦੀ ਰਾਖੀ ਲਈ ਹਰ ਕਿਸਮ ਦੇ ਕਰਜਾ ਮੋੜਨ ਤੋਂ ਅਸਮਰੱਥ ਕਿਸਾਨਾਂ ਦਾ ਕਰਜਾ ਖਤਮ ਕਰਨ ਦੀ ਜੰਗ ਜਾਰੀ ਰੱਖਣ ਦਾ ਅਹਿਦ ਕੀਤਾ।
ਅੱਜ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਅਤੇ ਗੁਰਮੀਤ ਸਿੰਘ ਭੱਟੀਵਾਲ, ਖਜਾਨਚੀ ਰਾਮ ਸਿੰਘ ਮਟੋਰੜਾਂ……… ਨੇ ਜੋਰ ਦੇ ਕਿਹਾ ਕਿ ਕਰਜੇ ਬਦਲੇ ਕਿਸਾਨਾਂ ਦੀ ਜ਼ਮੀਨ ਦੀ ਕੁਰਕੀ, ਨਿਲਾਮੀ ਅਤੇ ਕਬਜੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਹਨਾਂ ਕਿਹਾ ਕਿ ਸਰਕਾਰੀ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਅਦਾਲਤਾਂ ਵਿੱਚ ਬੈਠਕੇ ਕਾਗਜ਼ਾਂ ਵਿੱਚ ਨਿਲਾਮੀਆਂ ਦਾ ਦੌਰ ਸ਼ੁਰੂ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਜਮੀਨਾਂ ਦੇ ਨਿਬੇੜੇ ਤਾਂ ਹੁਣ ਖੇਤਾਂ 'ਚ ਹੀ ਹੋਣਗੇ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਸਿਰ ਚੜ੍ਹਿਆ ਸਰਕਾਰੀ, ਸਹਿਕਾਰੀ ਅਤੇ ਸ਼ਾਹੂਕਾਰਾ ਕਰਜਾ ਖਤਮ ਕੀਤਾ ਜਾਵੇ। ਬੁਲਾਰਿਆਂ ਨੇ ਮੌਜੂਦਾ ਸਮੇਂ ਸਭ ਤੋਂ ਵੱਧ ਚਰਚਿਤ ਪਾਰਲੀ ਸਾੜਨ ਵਾਲੇ ਮੁੱਦੇ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਪਰਾਲੀ ਸਾੜਨਾ ਕਿਸਾਨਾਂ ਦਾ ਸ਼ੌਕ ਨਹੀਂ ਸਗੋਂ ਮਜਬੂਰੀ ਵੱਸ ਚੁੱਕਿਆ ਕਦਮ ਹੈ। ਹਾਲਾਂਕਿ ਪਰਾਲੀ ਸਾੜਨ ਦੇ ਕਾਰਨਾਂ ਅਤੇ ਇਸ ਦੇ ਹੱਲ ਬਾਰੇ ਸਰਕਾਰਾਂ ਨਾਲ ਇੱਕ ਵਾਰ ਨਹੀਂ ਅਨੇਕਾਂ ਵਾਰ ਹੋਈ ਗੱਲਬਾਤ ਸਮੇਂ ਦਲੀਲਾਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਇੱਥੋਂ ਤੱਕ ਕਿਹਾ ਕਿ ਸਰਕਾਰਾਂ ਕਿਸਾਨਾਂ ਦੀ ਦਲੀਲ ਨਾਲ ਸਹਿਮਤੀ ਪ੍ਰਗਟਾਅ ਚੁੱਕੀਆਂ ਹਨ। ਕਿਸਾਨਾਂ ਨੂੰ ਨਾਂ ਤਾਂ ਦੋ ਸੌ ਰੁ. ਪ੍ਰਤੀ ਕੁਇੰਟਲ ਦਾ ਖਰਚਾ ਦੇਣ ਨਾਂ ਹੀ ਸਰਕਾਰੀ ਪੱਧਰ ਤੇ ਮਸ਼ੀਨਰੀ ਮੁਹੱਈਆ ਕਰਵਾਈ ਹੈ। ਤੱਥ ਇਹ ਹਨ ਇਹ ਹਨ ਕਿ 22 ਲੱਖ ਮੀਟਰਕ ਟਨ ਪਰਾਲੀ ਸਾਂਭਣ ਦੀ ਥਾਂ ਸਿਰਫ 2 ਲੱਖ ਮੀਟਰਕ ਟਨ ਪਰਾਲੀ ਸਾਂਭਣ ਦਾ ਪ੍ਰਬੰਧ ਕੀਤਾ ਗਿਆ ਹੈ। ਹਕੂਮਤ ਵੱਲੋਂ ਕਿਸਾਨਾਂ/ਕਿਸਾਨ ਆਗੂਆਂ ਉੱਤੇ ਪਰਚੇ ਦਰਜ ਕਰਨ ਬਾਰੇ ਕਿਹਾ ਕਿ ਜਬਰ ਅਤੇ ਡੰਡੇ ਦੋ ਜੋਰ ਹੱਕੀ ਸੰਘਰਸ਼ਾਂ ਨੂੰ ਕਦੇ ਵੀ ਦਬਾਇਆ ਨਹੀਂ ਜਾ ਸਕੇਗਾ। ਸਗੋਂ ਹਕੂਮਤ ਦਾ ਜਬਰ ਕਿਸਾਨੀ ਸੰਘਰਸ਼ ਲਈ ਸੰਜੀਵਨੀ ਬੂਟੀ ਬਣੇਗਾ।
ਇਸ ਮੌਕੇ ਆਗੂਆਂ ਨੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕਅਲੀਸ਼ੇਰ ਦੀ ਜੀਵਨ ਸਾਥਣ ਸੁਖਵਿੰਦਰ ਕੌਰ ਨੂੰ ਨਗਦ ਰਾਸ਼ੀ ਦੇਕੇ ਸਨਮਾਨਿਤ ਕੀਤਾ ।
ਇਸ ਸਮੇਂ ਜਿਲ੍ਹਾ ਮਾਨਸਾ ਦੇ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀਬਾਘਾ,ਬਰਨਾਲਾ ਜਿਲ੍ਹੇ ਦੇ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ,ਜਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਫੂਲੇਵਾਲਾ,ਜਿਲ੍ਹਾ ਸੰਗਰੂਰ ਦੇ ਪ੍ਰਧਾਨ ਕਰਮ ਸਿੰਘ ਬਲਿਆਲ,ਪਟਿਆਲਾ ਜਿਲ੍ਹੇ ਦੇ ਆਗੂ ਹਰਭਜਨ ਸਿੰਘ ਬੁੱਟਰ, ਹਰਦੀਪ ਸਿੰਘ ਗਾਲਿਬ ਲੁਧਿਆਣਾ, ਹਰਨੇਕ ਸਿੰਘ ਭੱਲਮਾਜਰਾ ਨੇ ਵੀ ਸੰਬੋਧਨ ਕਰਦਿਆਂ ਕਿਸਾਨੀ ਸੰਘਰਸ਼ਾਂ ਦਾ ਘੇਰਾ ਵਿਸ਼ਾਲ ਕਰਦਿਆਂ ਚੇਤੰਨ ਜਥੇਬੰਦਕ ਸੰਘਰਸ਼ਾਂ ਤੇਜ ਕਰਨ ਦੀ ਲੋੜ ਉੱਪਰ ਜੋਰ ਦਿੱਤਾ। ਇਸ ਸਮੇਂ ਆਜਾਦ ਰੰਗ ਬਰਨਾਲਾ (ਨਿਰਦੇਸ਼ਕ ਰਣਜੀਤ ਭੋਤਨਾ) ਦੀ ਨਾਟਕ ਟੀਮ ਵੱਲੋਂ ਬਹੁਤ ਹੀ ਖੂਬਸੂਰਤ ਕੋਰਿਉਗ੍ਰਾਫੀ “ਚਿੱਟੇ ਮੱਛਰ ਨੇ ਖਾਲੇ ਸਾਡੇ ਨਰਮੇ“ ਅਤੇ ਨਾਟਕ “ਭਗਤ ਸਰਾਭੇ ਵਾਲੀ ਅਜਾਦੀ“ ਪੇਸ਼ ਕੀਤੀ ਜਿਸ ਨੇ ਦਰਸ਼ਕਾਂ ਉੱਪਰ ਚੰਗਾ ਪ੍ਰਭਾਵ ਛੱਡਿਆ। ਅਜਮੇਰ ਅਕਲੀਆ ਅਤੇ ਗਗਨ ਲੌਂਗੋਵਾਲ ਨੇ ਲੋਕ ਪੱਖੀ ਗੀਤ/ਕਵੀਸ਼ਰੀਆਂ ਪੇਸ਼ ਕੀਤੀਆਂ। ਸਟੇਜ ਸਕੱਤਰ ਦੇ ਫਰਜ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਬਾਖੂਬੀ ਨਿਭਾਏ। ਅੱਜ ਦੇ ਇਕੱਠ ਨੇ ਕਿਰਨਜੀਤ ਕੌਰ ਮਹਿਲਕਲਾਂ ਲੋਕ ਸੰਘਰਸ਼ ਦੀ ਅਗਵਾਈ ਕਰਨ ਵਾਲੇ ਲੋਕ ਆਗੂ ਮਨਜੀਤ ਧਨੇਰ ਦੀ ਨਿਹੱਕੀ ਉਮਰ ਕੈਦ ਸਜਾ ਰੱਦ ਕਰਨ, ਮੁਲਕ ਭਰ ਦੇ ਬੁੱਧੀਜੀਵੀਆਂ, ਵਕੀਲਾਂ, ਜਮਹੂਰੀ ਕਾਰਕੁਨਾਂ ਨੂੰ ਨਿਸ਼ਾਨਾ ਬਣਾਕੇ ਦੇਸ਼ਧ੍ਰੋਹੀ ਵਰਗੇ ਮੁਕੱਦਮੇ ਦਰਜ ਕਰਨ,ਸੰਘਰਸ਼ ਕਰ ਰਹੇ ਅਧਿਆਪਕਾਂ ਨਾਲ ਇੱਕਮੁੱਠਤਾ ਪ੍ਰਗਟਾਉਣ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਸੰਘਰਸ਼ ਨੂੰ ਡੰਡੇ ਦੇ ਜੋਰ ਦਬਾਉਣ ਦੀ ਸਖਤ ਨਿਖੇਧੀ ਕਰਨ ਦੇ ਮਤੇ ਰੋਹ ਭਰਪੂਰ ਨਾਹਰਿਆਂ ਨਾਲ ਪਾਸ ਕੀਤੇ ਗਏ।