ਨਵੀਂ ਦਿੱਲੀ/ਨਿਜਾਮੂਦੀਨ 25 ਸਤੰਬਰ 2018 - ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਆਂਧਰਾ ਪ੍ਰਦੇਸ਼ ਦੇ ਅਨੰਤਾਪੁਰ ਜ਼ਿਲ੍ਹੇ ਵਿੱਚ ਕੀਤੀ ਜਾ ਰਹੀ 29ਵੀ ਕੌਮੀ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਪੰਜਾਬ ਦਾ ਡੈਲੀਗੇਟ ਵਫਦ ਸੂਬਾ ਪ੍ਰਧਾਨ ਚਰਨਜੀਤ ਛਾਂਗਾ ਰਾਏ ਅਤੇ ਲੜਕੀਆਂ ਦੀ ਕੌਮੀ ਕਨਵੀਨਰ ਕਰਮਵੀਰ ਕੌਰ ਬੱਧਨੀ ਦੀ ਅਗਵਾਈ ਵਿੱਚ ਅੱਜ ਇੱਥੋਂ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਤੋਂ ਅਨੰਤਾਪੁਰ ਲਈ ਰਵਾਨਾ ਹੋਇਆ।ਰੇਲਵੇ ਸਟੇਸ਼ਨ ਤੋਂ ਕਾਨਫਰੰਸ ਲਈ ਰਵਾਨਗੀ ਮੌਕੇ ਵਿਦਿਆਰਥੀ ਆਗੂਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ ਕੌਮੀ ਕੌਂਸਲ ਵੱਲੋਂ ਹਰ ਇੱਕ ਲਈ ਮੁਫ਼ਤ ਤੇ ਲਾਜ਼ਮੀ ਸਿੱਖਿਆ ਅਤੇ ਰੁਜ਼ਗਾਰ ਦੀ ਪ੍ਰਾਪਤੀ ਲਈ, ਸਿੱਖਿਆ ਦੇ ਵਪਾਰੀਕਰਨ ਅਤੇ ਫਿਰਕੂਕਰਨ ਵਿਰੁੱਧ ਆਦਿ ਵੱਖ ਵੱਖ ਵਿਦਿਆਰਥੀ ਮੁੱਦਿਆਂ ਤੇ 27 ਸਤੰਬਰ ਤੋਂ 30 ਸਤੰਬਰ ਤੱਕ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਵਿੱਚ ਚਾਰ ਰੋਜ਼ਾ ਕੌਮੀ ਕਾਨਫਰੰਸ ਕੀਤੀ ਜਾ ਰਹੀ ਹੈ।
ਜਿਸ ਵਿੱਚ ਦੇਸ਼ ਦੇ ਵੱਖ-ਵੱਖ ਸਟੇਟਾਂ ਦੇ ਵਿੱਦਿਅਕ ਅਦਾਰਿਆਂ ਵਿੱਚੋਂ ਸੈਂਕੜੇ ਚੁਣੇ ਹੋਏ ਨੁਮਾਇੰਦੇ ਸ਼ਾਮਲ ਹੋ ਰਹੇ ਹਨ।ਚਾਰ ਰੋਜ਼ਾ ਚੱਲਣ ਵਾਲੀ ਇਸ ਕੌਮੀ ਕਾਨਫ਼ਰੰਸ ਵਿੱਚ ਵਿਦਿਆਰਥੀਆਂ ਦੇ ਵੱਖ ਵੱਖ ਭਖਦੇ ਮੁੱਦੇ ਤੇ ਡੂੰਘਾਈ ਨਾਲ ਵਿਚਾਰ ਚਰਚਾ ਕੀਤੀ ਜਾਵੇਗੀ ਅਤੇ ਇਸ ਕਾਨਫਰੰਸ ਨੂੰ ਦੇਸ਼ ਦੀਆਂ ਵੱਖ ਵੱਖ ਸਮਾਜਿਕ ਅਤੇ ਰਾਜਨੀਤਿਕ ਹਸਤੀਆਂ ਵਿਸ਼ੇਸ਼ ਤੌਰ ਤੇ ਸੰਬੋਧਨ ਕਰਨਗੀਆਂ। ਵਿਦਿਆਰਥੀ ਆਗੂਆਂ ਨੇ ਅੱਗੇ ਕਿਹਾ ਕਿ ਇਸ ਕੌਮੀ ਕਾਨਫਰੰਸ ਵਿੱਚ ਪੰਜਾਬ ਦੇ ਵਿਦਿਆਰਥੀਆਂ ਦੇ ਭਖਦੇ ਮੁੱਦਿਆਂ ਨੂੰ ਉਚੇਚੇ ਰੂਪ ਚ ਚਰਚਾ ਕਰਨ ਦੇ ਨਾਲ ਨਾਲ ਵਿਦਿਆਰਥੀ ਮੁੱਦਿਆਂ ਦੇ ਮੁਕੰਮਲ ਹੱਲ ਲਈ ਭਵਿੱਖ ਦੇ ਸੰਘਰਸ਼ਾਂ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ ।ਇਸ ਕੌਮੀ ਕਾਨਫਰੰਸ ਵਿੱਚ ਦੇਸ਼ ਪੱਧਰੀ ਨਵੀਂ ਵਿਦਿਆਰਥੀਆਂ ਦੀ ਆਗੂ ਟੀਮ ਦਾ ਗਠਨ ਕੀਤਾ ਜਾਵੇਗਾ।ਇਸ ਡੈਲੀਗੇਸ਼ਨ ਵਫਦ ਵਿੱਚ ਰਜਨੀ ਮੋਹਕਮਪੁਰਾ, ਇੰਦਰਜੀਤ ਦੀਨਾ, ਵਰਿੰਦਰ ਖੁਰਾਣਾ,ਦਿਕਸ਼ਾ ਗਰਗ, ਜਸਪ੍ਰੀਤ ਕੌਰ ਬੱਧਨੀ, ਮਨੀਸਾ ਮਹੇਸ਼ਰੀ , ਰਾਜਦੀਪ ਕੌਰ ਦੀਨਾ, ਸੁਖਦੇਵ ਧਰਮੂਵਾਲਾ, ਸੰਦੀਪ ਜੋਧਾ, ਰਮਨ ਧਰਮੂਵਾਲਾ, ਕੇਵਲ ਛਾਂਗਾ ਰਾਏ, ਗੌਰਵ ਮੁਕਤਸਰ, ਕੁਲਵਿੰਦਰ ਸਿੰਘ,ਨਵਦੀਪ ਸਿੰਘ, ਸੁਰਜੀਤ ਮੇਘਾ, ਰਾਹੁਲ ਗਰਗ ਅਤੇ ਸਤਨਾਮ ਸਿੰਘ ਵੀ ਸ਼ਾਮਲ ਸਨ।