← ਪਿਛੇ ਪਰਤੋ
ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ 24 ਸਤੰਬਰ ਕਾਮ ਵਾਸ਼ਨਾ ਵਿਚ ਅੰਨ੍ਹੀ ਹੋਈ ਔਰਤ ਨੇ ਆਪਣੇ ਆਸ਼ਕ ਨਾਲ ਮਿਲ ਕੇ ਪਤੀ ਨੂੰ ਕਤਲ ਕੀਤਾ ਅਤੇ ਪੰਜ ਸਾਲ ਪਹਿਲਾਂ ਕੀਤੇ ਇਸ ਜੁਰਮ ਦਾ ਪਤਾ ਲੱਗਣ ਤੇ ਮਾਰੇ ਗੲੇ ਵਿਅਕਤੀ ਦੇ ਭਰਾ ਦੇ ਬਿਆਨਾਂ ਉੱਪਰ ਕਾਤਲ ਪੱਤਨੀ ਤੇ ਉਸ ਦੇ ਆਸ਼ਕ ਖਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ । ਪੁਲਿਸ ਥਾਣਾ ਕੁੱਲਗੜੀ ਦੇ ਪਿੰਡ ਢੇਰੂ ਨਾਲ ਸਬੰਧਿਤ ਜਗੀਰ ਸਿੰਘ ਆਪਨੀ ਪਤਨੀ ਮਨਜੀਤ ਕੌਰ ਨਾਲ ਗੁਰੂ ਹਰਸਹਾੲੇ ਨੇੜੇ ਪਿੰਡ ਜੁਆਏ ਸਿੰਘ ਵਾਲਾ ਵਿੱਚ ਆ ਕੇ ਰਹਿਣ ਲੱਗਿਆ ਸੀ । ਇੱਥੇ ਹੀ ਉਸ ਦੀ ਪਤਨੀ ਦੇ ਨਜਾਇਜ ਸਬੰਧ ਕੁਲਵੰਤ ਸਿੰਘ ਨਾਲ ਬਣ ਗੲੇ । ਕੁਲਵੰਤ ਸਿੰਘ ਵੱਲੋਂ ਲੈ ਕੇ ਦਿੱਤੇ ਕਿਰਾਏ ਦੇ ਮਕਾਨ ਵਿੱਚ ਉਹ ਰੇਲਵੇ ਬਸਤੀ ਗੁਰੂ ਹਰਸਹਾੲੇ ਰਹਿਣ ਲੱਗੇ । 5 ਸਾਲ ਪਹਿਲਾਂ ਮਨਜੀਤ ਕੌਰ ਨੇ ਆਪਨੇ ਆਸ਼ਕ ਨਾਲ ਮਿਲਕੇ ਪਹਿਲਾਂ ਜਹਿਰੀਲਾ ਪਦਾਰਥ ਖੁਆ ਕੇ ਜਾਨ ਲੈ ਲਈ ਅਤੇ ਫਿਰ ਘਰ ਅੰਦਰ ਮੌਜੂਦ ਟਾਇਲਟ ਦੇ ਗਟਰ ( ਖੱਡੇ ) ਵਿੱਚ ਸੁੱਟ ਕੇ ਉਪਰ ਢੱਕਣ ਲਗਾ ਦਿੱਤਾ ਗਿਆ । ਮ੍ਰਿਤਕ ਜੰਗੀਰ ਸਿੰਘ ਦੇ ਭਰਾ ਗੁਰਮੀਤ ਸਿੰਘ ਦੇ ਬਿਆਨਾਂ ਦੇ ਅਧਾਰਿਤ ਥਾਣਾ ਕੁਲਗੜ੍ਹੀ ਵਿੱਚ ਦਰਜ ਕੀਤੇ ਗਏ ਮੁਕੱਦਮੇ ਵਿੱਚ ਸੱਚਿਆ ਗਿਆ ਹੈ ਕਿ ਗੁਰਮੀਤ ਸਿੰਘ ਨੂੰ ਮਿਲੇ ਉਸ ਦੇ ਭਰਾ ਜੰਗੀਰ ਸਿੰਘ ਨੇ ਇਕ ਵਾਰ ਦੱਸਿਆ ਸੀ ਕਿ ਉਸ ਦੀ ਪਤਨੀ ਦੇ ਨਾਜਾਇਜ਼ ਸੰਬੰਧ ਕੁਲਵੰਤ ਸਿੰਘ ਰੇਲਵੇ ਬਸਤੀ ਗੁਰੂਹਰਸਹਾਏ ਨਾਲ ਹਨ । ਇਸ ਤੋਂ ਬਾਅਦ ਉਸ ਦੇ ਭਰਾ ਦੀ ਤਲਾਸ਼ ਲਈ ਉਸ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਇਹ ਚਲਾਕ ਜਨਾਨੀ ਇਹ ਕਹਿੰਦੀ ਰਹੀ ਕਿ ਉਸ ਦਾ ਪਤੀ ਕਿਸੇ ਔਰਤ ਨੂੰ ਉਧਾਲ ਕੇ ਇੱਥੋਂ ਦੂਰ ਚਲਿਆ ਗਿਆ ਹੈ । ਸ਼ਿਕਾਇਤ ਕਰਤਾ ਅਨੁਸਾਰ ਉਨ੍ਹਾਂ ਦੇ ਮਾਮੇ ਦੀ ਪੁੱਤਰੀ ਮਨਪ੍ਰੀਤ ਜੋ ਗੁਰੂ ਹਰਸਹਾਏ ਵਿੱਚ ਰਹਿੰਦੀ ਹੈ ਨੇ ਮਨਜੀਤ ਕੌਰ ਵੱਲੋਂ ਕੁਲਵੰਤ ਸਿੰਘ ਨਾਲ ਮਿਲ ਕੇ ਆਪਣੇ ਪਤੀ ਨੂੰ ਮਾਰ ਦੇਣ ਦੀ ਗੱਲ ਦੀ ਸੂਚਨਾ ਦਿੱਤੀ ਤਾਂ ਉਸਨੂੰ ਪਤਾ ਲੱਗਿਆ ਕਿ 29 ਅਪ੍ਰੈਲ 2014 ਦੇ ਦਿਨ ਮਨਜੀਤ ਕੌਰ ਨੇ ਆਪਣੇ ਕਥਿਤ ਆਸ਼ਕ ਨਾਲ ਮਿਲਕੇ ਪਹਿਲਾਂ ਜਹਿਰ ਦੇ ਕੇ ਆਪਣੇ ਪਤੀ ਦਾ ਕਤਲ ਕੀਤਾ ਅਤੇ ਬਾਅਦ ਵਿੱਚ ਲਾਸ਼ ਨੂੰ ਪੈਖਾਨੇ ਦੇ ਖੂਹ ਵਿੱਚ ਸੁੱਟ ਕੇ ਖੁਰਾ ਖੋਜ ਮਟਾਉੰਣ ਦੀ ਕੋਸ਼ਿਸ਼ ਕੀਤੀ ਹੈ । ਇਹ ਲੋਕ ਜੰਗੀਰ ਸਿੰਘ ਨੂੰ ਆਪਣੇ ਨਜਾਇਜ ਸਬੰਧਾਂ ਵਿੱਚ ਰੋੜਾ ਸਮਝਦੇ ਸਨ । ਇਸ ਔਰਤ ਦੇ ਦੋ ਪੁੱਤਰ ਹਨ ਜੋ ਪਿਓ ਦੇ ਗੁੰਮ ਹੋਣ ਤੋਂ ਬਾਅਦ ਰਿਸ਼ਤੇਦਾਰਾਂ ਕੋਲ ਹੀ ਰਹਿ ਰਹੇ ਹਨ ਅਤੇ ਇੱਕ ਲੜਕੀ ਹੈ ਜਿਸ ਦਾ ਵਿਆਹ ਹੋ ਚੁੱਕਿਆ ਹੈ । ਪੁਲਿਸ ਨੇ ਗਟਰ ਵਿਚੋਂ ਲਾਸ਼ ਬਰਾਮਦ ਕਰਨ ਲਈ ਡਿਪਟੀ ਕਮਿਸ਼ਨਰ ਫਰੋਜ਼ਪੁਰ ਪਾਸੋਂ ਮਨਜ਼ੂਰੀ ਪ੍ਰਾਪਤ ਕੀਤੀ ਹੈ । ਪੁਲਿਸ ਪਾਰਟੀ ਡਾਕਟਰਾਂ ਦੀ ਟੀਮ , ਗਟਰ ਵਿੱਚੋਂ ਪਾਣੀ ਕੱਢਣ ਵਾਲੀ ਮਸ਼ੀਨ ਅਤੇ ਬੰਦਿਆਂ ਦੀ ਸਹਾਇਤਾ ਨਾਲ ਪੰਜ ਸਾਲ ਪਹਿਲਾਂ ਸੁੱਟੀ ਗਈ ਲਾਸ਼ ਦਾ ਖੁਰਾ ਖੋਜ ਭਾਲਣ ਦੀ ਕੋਸ਼ਿਸ਼ ਕਰੇਗੀ ।
Total Responses : 936